17 ਸਾਲਾਂ ਨੌਜਵਾਨ ਦੀ ਨਸ਼ੇ ਨਾਲ ਹੋਈ ਮੌਤ, ਐਮ. ਐਲ. ਏ. ਅਮਨਦੀਪ ਕੌਰ ਅਰੋੜਾ ਐਕਸ਼ਨ ਚ, ਨਸ਼ਾ ਤਸਕਰਾਂ ‘ਤੇ ਪਰਚਾ ਦਰਜ

ਮੋਗਾ 20, ਮਾਰਚ (ਜਸ਼ਨ): ਮੋਗਾ ਦੇ ਜ਼ੀਰਾ ਰੋਡ ਦੇ ਰਹਿਣ ਵਾਲੇ 17 ਸਾਲਾਂ ਅਭੀ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਗਈ। ਮਿ੍ਰਤਕ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਮੋਗਾ ਤੋਂ  ਅਮਨਦੀਪ ਕੌਰ ਅਰੋੜਾ ਮਿ੍ਰਤਕ ਦੇ ਘਰ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।  ਮਿ੍ਰਤਕ ਦੇ ਪਰਿਵਾਰ ਵਾਲਿਆਂ ਨੇ ਵਿਧਾਇਕ ਡਾ: ਅਮਨਦੀਪ ਕੌਰ ਅਰੋੜਾ ਨੂੰ ਦੱਸਿਆ ਕਿ ਉਨ੍ਹਾਂ ਦਾ ਛੋਟਾ ਮੁੰਡਾ ਰਾਤ ਸਾਧਾਂਵਾਲੀ ਬਸਤੀ ਵਿਚ ਰਹਿਣ ਵਾਲੇ ਬਿੱਲਾ ਨਾਮ ਦੇ ਨੌਜਵਾਨ ਕੋਲ ਗਿਆ ਸੀ, ਜਿੱਥੇ ਉਸਨੇ ਨਸ਼ੇ ਦਾ ਟੀਕਾ ਲਗਾ ਲਿਆ ਅਤੇ ਓਵਰਡੋਜ ਕਾਰਨ ਮੌਕੇ ’ਤੇ ਉਸ ਦੀ ਮੌਤ ਹੋ ਗਈ ਜਦੋਂ ਸਾਨੂੰ ਘਟਨਾ ਦਾ ਪਤਾ ਲੱਗਾ ਤਾਂ ਮੇਰੇ ਵੱਡੇ ਮੁੰਡੇ ਨੇ ਉਸ ਨੂੰ ਚੁੱਕ ਕੇ ਘਰ ਲਿਆਂਦਾ ਪਰ ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ। ਮਿ੍ਰਤਕ ਦੇ ਪਿਤਾ ਨੇ ਕਿਹਾ ਕਿ ਉਕਤ ਨੌਜਵਾਨਾਂ ਦੀ ਚਿੱਟੇ ਦੇ ਨਸ਼ੇ ਦਾ ਟੀਕੇ ਲਗਾਉਂਦਿਆਂ ਦੀ ਵੀਡੀਓ ਵੀ ਵਾਇਰਲ ਹੋਈ ਹੈ।  ਡਾ. ਅਮਨਦੀਪ ਕੌਰ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਮਾਮਲੇ ਦੇ ਦੋਸ਼ੀਆਂ ਤੇ ਸਖਤ ਕਾਰਵਾਈ ਕਰਦਿਆਂ 4 ਨਸ਼ੇ ਦੇ ਤਸਕਰਾਂ ਤੇ ਪਰਚਾ ਦਰਜ ਕਰਵਾਇਆ ਗਿਆ ਹੈ। ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਹਲਕਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਜਿਹੜੇ ਵੀ ਲੋਕ ਨਸ਼ਾ ਕਰਦੇ ਜਾਂ ਵੇਚਦੇ ਹਨ ਉਹਨਾਂ ਦੀਆਂ ਵੀਡੀਓ ਬਣਾਓ ਅਤੇ ਸਾਡੇ ਤੱਕ ਪਹੁੰਚਦੀਆਂ ਕਰੋ ਤਾਂ ਜੋ  ਉਹਨਾਂ ‘ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਸਕੇ।  ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਚਾਹੇ ਓ ਕੋਈ ਵੀ ਹੋਵੇ , ਕਿਸੇ ਵੀ ਪਾਰਟੀ ਦਾ ਹੋਵੇ ਬਖਸ਼ਿਆ ਨਹੀਂ ਜਾਵੇਗਾ ਅਤੇ ਜਿਹੜੇ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ ਉਹਨਾਂ ਦੀ ਹਰੇਕ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਪੁਖਤਾ ਇੰਤਜਾਮ ਕੀਤੇ ਗਏ ਹਨ ਬੜੇ ਸੁਚਾਰੂ ਢੰਗ ਨਾਲ ਨਸ਼ਾ ਛੁਡਾਇਆ ਜਾਂਦਾ ਹੈ। ਤੁਹਾਡੀ ਸੇਵਾ ਲਈ ਹਮੇਸ਼ਾ ਹਾਜਰ ਹਾਂ। ਉਹਲਾਂ ਆਖਿਆ ਕਿ ਨਸ਼ਾ ਤਸਕਰਾਂ ਦੀ ਲਿਸਟ ਆ ਚੁੱਕੀ ਹੈ ਅਤੇ ਇਹ ਸਾਰੇ ਸਲਾਖਾਂ ਦੇ ਪਿੱਛੇ ਹੋਣਗੇ। ਨਸ਼ੇ ਨੂੰ ਜੜ੍ਹੋਂ ਖਤਮ ਕੀਤਾ ਜਾਵੇ ਤਾਂ ਕਿ ਹੋਰ ਮਾਵਾਂ ਦੇ ਪੁੱਤਾਂ ਦੀ ਜਾਨਾਂ ਅਜਾਈਂ ਨਾ ਜਾਣ ਅਤੇ ਨਾ ਹੀ ਹੱਸਦੇ-ਵੱਸਦੇ ਘਰ ਉੱਜੜਨ।