ਕੇਜਰੀਵਾਲ ਦੀ ਵਿਧਾਇਕਾਂ ਨੂੰ ਨਸੀਹਤ, ਸਭ ਕੁਝ ਬਰਦਾਸ਼ਤ ਕਰਾਂਗੇ, ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ

ਚੰਡੀਗੜ੍ਹ, 20 ਮਾਰਚ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) : ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕੈਬਿਨੇਟ ਦੇ ਗਠਨ ਤੋਂ ਬਾਅਦ ਐਤਵਾਰ ਨੂੰ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਪੰਜਾਬ ਦੇ ਆਪਣੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਕੇਜਰੀਵਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਵਿਧਾਇਕਾਂ ਨੂੰ ਸੰਬੋਧਨ ਕਰਕੇ ਪਾਰਟੀ ਦੇ ਉਦੇਸ਼ਾਂ ਅਤੇ ਕੰਮ ਕਰਨ ਦੇ ਤੌਰ-ਤਰੀਕੇ ਦੱਸੇ।
'ਆਪ' ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਚਾਰ ਸੂਬਿਆਂ 'ਚ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਦੇ ਕੰਮ ਕਰਨਾ ਤਾਂ ਦੂਰ, ਹੁਣ ਤੱਕ ਆਪਣੇ ਨਵੇਂ ਮੁੱਖ ਮੰਤਰੀ ਵੀ ਨਹੀਂ ਬਣਾ ਸਕੀ। ਸਾਡੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਵੀ ਬਣ ਗਏ ਅਤੇ ਲੋਕਾਂ ਲਈ ਕਈ ਇਤਿਹਾਸਕ ਫੈਸਲੇ ਵੀ ਕੀਤੇ। ਮਾਨ ਸਾਹਿਬ ਨੇ ਪਿਛਲੇ ਤਿੰਨ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਲਈ ਜਬਰਦਸਤ ਕੰਮ ਕੀਤਾ ਹੈ। ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਪੰਜਾਬ ਦੇ ਨੌਜਵਾਨਾਂ ਲਈ 25000 ਸਰਕਾਰੀ ਨੌਕਰੀਆਂ ਦਾ ਐਲਾਨ ਕੀਤਾ ਹੈ, ਇਸ ਨਾਲ ਲੋਕਾਂ ਵਿੱਚ ਭਲੇ ਦੀ ਉਮੀਦ ਜਾਗੀ ਹੈ।
ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਆਪਣੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਵਧਾਈ ਨਹੀਂ, ਸਗੋਂ ਸ਼ੁਭ ਕਾਨਮਾਵਾਂ ਦੇ ਰਿਹਾ ਹੈ, ਤਾਂ ਜੋ ਉਹ ਪੂਰੀ ਲਗਨ ਨਾਲ ਜਨਤਾ ਦੀ ਸੇਵਾ ਕਰ ਸਕਣ ਅਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰ ਸਕਣ। ਮੰਤਰੀ ਮੰਡਲ ਦੇ ਗਠਨ 'ਚ ਕਈ ਸੀਨੀਅਰ ਵਿਧਾਇਕਾਂ ਦੇ ਮੰਤਰੀ ਨਾ ਬਣਨ 'ਤੇ ਕੇਜਰੀਵਾਲ ਨੇ ਕਿਹਾ ਕਿ ਜਿਹੜੇ ਵਿਧਾਇਕ ਮੰਤਰੀ ਨਹੀਂ ਬਣ ਸਕੇ, ਉਨ੍ਹਾਂ ਨੂੰ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ। ਉਹ ਸਾਰੇ ਮੇਰੇ ਲਈ ਖਾਸ ਹਨ। ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਹੀਰਿਆਂ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਅਹੁਦੇ ਦੇ ਲਾਲਚ ਵਿੱਚ ਨਾ ਫਸੋ। ਆਪਣੇ ਇਲਾਕੇ ਦੇ ਲੋਕਾਂ ਲਈ ਅਜਿਹੇ ਚੰਗੇ ਕੰਮ ਕਰੋ ਕਿ ਜਨਤਾ ਖੁਦ ਹੀ ਤੁਹਾਨੂੰ ਪਿਆਰ ਅਤੇ ਇੱਜ਼ਤ ਦੇਣ।
ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਾਰੇ ਵਿਧਾਇਕਾਂ-ਮੰਤਰੀਆਂ ਨੂੰ ਇੱਕ ਟੀਮ ਦੀ ਤਰ੍ਹਾਂ ਕੰਮ ਕਰਨਾ ਹੈ। ਮੁੱਖ ਮੰਤਰੀ ਸਾਰੇ ਮੰਤਰੀਆਂ ਨੂੰ ਕੰਮ ਦਾ ਟਾਰਗੇਟ ਦੇਣਗੇ। ਸਾਰੀਆਂਨੇ ਉਸਨੂੰ ਪੂਰਾ ਕਰਨਾ ਹੋਵੇਗਾ। ਜੇਕਰ ਕੋਈ ਮੰਤਰੀ ਵਾਰ-ਵਾਰ ਆਪਣੇ ਟਾਰਗੇਟ ਨੂੰ ਪੂਰਾ ਕਰਨ 'ਚ ਅਸਫਲ ਰਹਿੰਦਾ ਹੈ ਤਾਂ ਉਹ ਬਦਲ ਦਿੱਤੇ  ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਸਾਰੇ ਵਿਧਾਇਕ ਚੰਡੀਗੜ੍ਹ ਵਿਚ ਰਹਿਣ ਦੀ ਬਜਾਏ ਆਪੋ-ਆਪਣੇ ਹਲਕਿਆਂ ਦੇ 'ਆਪ' ਵਰਕਰਾਂ ਅਤੇ ਆਗੂਆਂ ਨਾਲ ਪਿੰਡ ਅਤੇ ਮੁਹੱਲਿਆਂ ਵਿਚ ਜਾਣ। ਲੋਕਾਂ ਦੀਆਂ ਸਮੱਸਿਆਵਾਂ ਸੁਣੋ ਅਤੇ ਉਨ੍ਹਾਂ ਲਈ ਕੰਮ ਕਰੋ। ਮੈਂ ਵੱਡੇ ਭਰਾ ਵਜੋਂ ਤੁਹਾਡੇ ਨਾਲ ਖੜ੍ਹਾ ਹਾਂ ਅਤੇ ਹਮੇਸ਼ਾ ਗਾਈਡ ਕਰਦਾ ਰਹਾਂਗਾ।
ਉਨ੍ਹਾਂ ਸਾਰੇ ਵਿਧਾਇਕਾਂ- ਮੰਤਰੀਆਂ ਨੂੰ ਸਖ਼ਤ ਨਸੀਹਤ ਦਿੰਦਿਆਂ ਕਿਹਾ ਕਿ ਸਾਡੇ ਲਈ ਸਭ ਤੋਂ ਜਿਆਦਾ ਜ਼ਰੂਰੀ ਚੀਜ ਹੈ ਇਮਾਨਦਾਰੀ ਨਾਲ ਕੰਮ ਕਰਨਾ। ਮੈਂ ਸਭ ਕੁਝ ਬਰਦਾਸ਼ਤ ਕਰ ਲਵਾਂਗਾ, ਪਰ ਜਨਤਾ ਦੇ ਪੈਸੇ ਦੀ ਚੋਰੀ ਅਤੇ ਬੇਈਮਾਨੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਾਨੂੰ ਇਤਿਹਾਸਕ ਬਹੁਮਤ ਕੰਮ ਕਰਨ ਲਈ ਦਿੱਤਾ ਹੈ, ਪੈਸਾ ਕਮਾਉਣ ਲਈ ਨਹੀਂ। ਕਾਂਗਰਸ-ਅਕਾਲੀ ਆਗੂਆਂ ਦੀਆਂ ਚੋਰੀਆਂ ਅਤੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਲੋਕਾਂ ਨੇ ਸਾਨੂੰ ਚੁਣਿਆ ਹੈ। ਅਸੀਂ ਅਜਿਹਾ ਕੰਮ ਕਰਨਾ ਹੈ ਕਿ ਲੋਕ ਹਮੇਸ਼ਾ ਸਾਨੂੰ ਚੁਣਨ। ਅਜਿਹਾ ਬਿਲਕੁਲ ਨਾ ਕਰਨਾ ਜਿਸ ਨਾਲ ਜਨਤਾ ਪਰੇਸ਼ਾਨ ਹੋਵੇ।
ਕੇਜਰੀਵਾਲ ਨੇ ਵਿਧਾਇਕਾਂ ਨੂੰ ਪੁਲਿਸ-ਅਧਿਕਾਰੀਆਂ ਦੀ ਟਰਾਂਸਫਰ-ਪੋਸਟਿੰਗ ਤੋਂ ਦੂਰ ਰਹਿਣ ਦੀ ਹਦਾਇਤ ਦਿੰਦੇ ਹੋਏ ਕਿਹਾ ਕਿ ਉਹ ਲੋਕਾਂ ਦੇ ਕੰਮ ਕਰਵਾਉਣ ਲਈ ਡੀਸੀ ਦਫ਼ਤਰ ਜ਼ਰੂਰ ਜਾਓ, ਪਰ ਟਰਾਂਸਫਰ-ਪੋਸਟਿੰਗ ਦੇ ਕੰਮ ਦੇ ਲਈ ਨਹੀਂ। ਜੇਕਰ ਕਿਸੇ ਨੇ ਵੀ ਅਜਿਹਾ ਕੀਤਾ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੇਕਰ ਕੋਈ ਅਧਿਕਾਰੀ ਕੰਮ ਨਹੀਂ ਕਰਦਾ, ਜਾਂ ਤੁਹਾਡੀ ਗੱਲ ਨਹੀਂ ਸੁਣਦਾ ਤਾਂ ਉਸਦੀ ਰਿਪੋਰਟ ਮੁੱਖ ਮੰਤਰੀ ਨੂੰ ਕਰੋ। ਮੁੱਖ ਮੰਤਰੀ ਉਸ 'ਤੇ ਕਾਰਵਾਈ ਕਰਨਗੇ ਜਾਂ ਟਰਾਂਸਫਰ ਕਰਨਗੇ। ਪਿਛਲੀ ਸਰਕਾਰ ਵਿੱਚ ਟਰਾਂਸਫਰ-ਪੋਸਟਿੰਗ ਰਾਹੀਂ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੁੰਦਾ ਸੀ। ਅਸੀਂ ਇਸਨੂੰ ਖਤਮ ਕਰਨਾ ਹੈ ਅਤੇ ਸਿਸਟਮ ਨੂੰ ਸਹੀ ਬਣਾਉਣਾ ਹੈ। ਜੇਕਰ ਕਿਸੇ ਵਿਧਾਇਕ-ਮੰਤਰੀ ਨੇ ਆਪਣਾ ਟਾਰਗੇਟ ਪੂਰਾ ਨਹੀਂ ਕੀਤਾ ਤਾਂ ਉਸਨੂੰ ਇਹ ਪੂਰਾ ਕਰਨ ਦਾ ਹੋਰ ਮੌਕਾ ਦੇਵਾਂਗੇ, ਪਰ ਜੇਕਰ ਭ੍ਰਿਸ਼ਟਾਚਾਰ ਕੀਤਾ ਤਾਂ ਕੋਈ ਮੌਕਾ ਨਹੀਂ ਦੇਵਾਂਗੇ।
ਕੇਜਰੀਵਾਲ ਨੇ ਕਿਹਾ ਕਿ ਪੁਲਿਸ-ਪ੍ਰਸ਼ਾਸ਼ਨ, ਸਰਕਾਰੀ ਅਧਿਆਪਕਾਂ ਅਤੇ ਕਰਮਚਾਰੀਆਂ ਨਾਲ ਮਾੜਾ ਵਤੀਰਾ ਨਹੀਂ ਕਰਨਾ  ਹੈ। ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਉਣਾ ਹੈ। ਦਿੱਲੀ ਵਿੱਚ ਇਨ੍ਹਾਂ ਸਰਕਾਰੀ ਅਧਿਆਪਕਾਂ ਨੇ ਸਿੱਖਿਆ ਕ੍ਰਾਂਤੀ ਲਿਆਂਦੀ ਹੈ। ਹੁਣ ਤੁਹਾਡੇ ਕੋਲ ਕਲਮ ਦੀ ਤਾਕਤ ਹੈ। ਇਸ ਲਈ ਡਰਾ-ਧਮਕਾ ਕੇ ਨਹੀਂ, ਕਲਮ ਦੀ ਤਾਕਤ ਵਰਤ ਕੇ ਪੁਲਿਸ-ਪ੍ਰਸ਼ਾਸ਼ਨ ਦੀਆਂ ਗੜਬੜੀਆਂ ਨੂੰ ਦੂਰ ਕਰੋ। ਸਾਨੂੰ ਇਨ੍ਹਾਂ ਸਰਕਾਰੀ ਮੁਲਾਜ਼ਮਾਂ ਨਾਲ ਮਿਲ ਕੇ ਕੰਮ ਕਰਨਾ ਹੈ  ਅਤੇ ਭੈਅ-ਮੁਕਤ ਅਤੇ ਭ੍ਰਿਸ਼ਟਾਚਾਰ ਮੁਕਤ ਮਾਹੌਲ ਸਿਰਜ ਕੇ ਸਿਸਟਮ ਨੂੰ ਬਦਲਣਾ ਹੈ।

ਮਾਨ ਸਾਹਿਬ ਸਾਰੇ ਮੰਤਰੀਆਂ ਨੂੰ ਟਾਰਗੇਟ ਦੇਣਗੇ, ਪੂਰਾ ਕਰਨਾ ਹੋਵੇਗਾ, ਨਹੀਂ ਕਰਨਗੇ ਤਾਂ ਬਦਲ ਦਿੱਤੇ ਜਾਣਗੇ- ਅਰਵਿੰਦ ਕੇਜਰੀਵਾਲ
 

'ਆਪ' ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਸਾਨੂੰ ਜੋ ਪ੍ਰਚੰਡ ਬਹੁਮਤ ਦਿੱਤਾ ਹੈ, ਉਸਦੀ ਵਰਤੋਂ ਲੋਕਾਂ ਦੀ ਭਲਾਈ ਲਈ ਕਰਨੀ ਹੈ। ਸਾਨੂੰ ਲੋਕਾਂ ਨੇ ਕੰਮ ਕਰਨ ਲਈ ਚੁਣਿਆ ਹੈ। ਪੰਜਾਬ ਦੇ ਲੋਕ ਕਾਂਗਰਸ-ਅਕਾਲੀ-ਭਾਜਪਾ ਦੇ ਭ੍ਰਿਸ਼ਟਾਚਾਰ ਅਤੇ ਮਾਫੀਆ ਰਾਜ ਤੋਂ ਤੰਗ ਆ ਚੁੱਕੇ ਸਨ। ਇਸ ਲਈ ਰਿਵਾਇਤੀ ਪਾਰਟੀਆਂ ਦੇ ਵੱਡੇ-ਵੱਡੇ ਦਿੱਗਜ ਲੀਡਰਾਂ ਨੂੰ ਲੋਕਾਂ ਨੇ ਹਰਾ ਦਿੱਤਾ ਅਤੇ ਸਾਡੇ ਸਾਧਾਰਨ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜੇਤੂ ਬਣਾਇਆ ਹੈ। ਸਾਨੂੰ ਇਸ ਜਿੱਤ ਦੇ ਅਰਥ ਸਮਝ ਕੇ ਲੋਕਾਂ ਲਈ ਕੰਮ ਕਰਨਾ ਹੈ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲੈਕੇ ਜਾਣਾ ਹੈ।
ਮਾਨ ਨੇ ਕਿਹਾ ਕਿ ਲੋਕਾਂ ਨੇ ਸਾਨੂੰ ਆਪਣੇ ਦੁੱਖ ਦਰਦ ਦੂਰ ਕਰਨ ਲਈ ਮੁੱਖ ਮੰਤਰੀ ਬਣਾਇਆ ਹੈ, ਹਰੇ ਰੰਗ ਦੀ ਕਲਮ ਸੌਂਪੀ ਹੈ। ਅਸੀਂ ਪਹਿਲੇ ਦਿਨ ਹੀ ਉਸ ਹਰੇ ਰੰਗ ਦੀ ਕਲਮ ਦੀ ਵਰਤੋਂ ਬੇਰੁਜ਼ਗਾਰ ਨੌਜਵਾਨਾਂ ਦੀ ਤਕਲੀਫ ਨੂੰ ਦੂਰ ਕਰਨ ਲਈ ਕੀਤਾ ਹੈ। ਭਵਿੱਖ ਵਿੱਚ ਵੀ ਇਸ ਕਲਮ ਦੀ ਵਰਤੋਂ ਲੋਕਾਂ ਦੀ ਰੋਜ਼ੀ-ਰੋਟੀ ਅਤੇ ਸੁੱਖ-ਸਹੂਲਤਾਂ ਲਈ ਕਰਾਂਗੇ। ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਜੋ 25000 ਸਰਕਾਰੀ ਨੌਕਰੀਆਂ ਦਾ ਐਲਾਨ ਅਸੀਂ ਕੀਤਾ ਹੈ, ਉਸਦੀ ਨੋਟੀਫਿਕੇਸ਼ਨ 25 ਦਿਨਾਂ ਦੇ ਅੰਦਰ ਜਾਰੀ ਕਰ ਦੇਵਾਂਗੇ। ਮਾਨ ਨੇ ਸਮੂਹ ਵਿਧਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਕਰੀ ਲਈ ਕਿਸੇ ਦੀ ਵੀ ਗਲਤ ਸਿਫਾਰਿਸ਼ ਨਾ ਕਰਨ, ਇਸ ਨਾਲ ਯੋਗ ਨੌਜਵਾਨਾਂ ਦਾ ਹੱਕ ਖੁਸ ਜਾਵੇਗਾ। ਹੋ ਸਕਦਾ ਹੈ ਅਜਿਹੇ ਹਜ਼ਾਰਾਂ ਯੋਗ ਲੋਕ ਹੋਣਗੇ, ਜਿਨ੍ਹਾਂ ਦੀ ਪਹੁੰਚ 'ਆਪ' ਤੱਕ ਨਾ ਹੋਵੇ, ਪਰ ਨੌਕਰੀ ਲਈ ਯੋਗਤਾ ਪੂਰੀ ਰੱਖਦੇ ਹੋਣ। ਇਸ ਲਈ ਸਹੀ ਲਈ ਸਿਫਾਰਸ਼ ਕਰੋ, ਗਲਤ ਦੇ ਲਈ ਨਹੀਂ। ਸਾਡੀ ਸਰਕਾਰ ਲੋਕਾਂ ਦੇ ਹੱਕ ਦੇਣ ਲਈ ਬਣੀ ਹੈ, ਹੱਕ ਖੋਹਣ ਦੇ ਲਈ ਨਹੀਂ।
ਮਾਨ ਨੇ ਕਿਹਾ ਕਿ ਲੋਕਾਂ ਨੂੰ ਸਾਡੇ ਤੋਂ ਬਹੁਤ ਉਮੀਦਾਂ ਹਨ, ਇਸ ਲਈ ਸਾਰਿਆਂ ਨਾਲ ਪਿਆਰ ਨਾਲ ਪੇਸ਼ ਆਓ, ਕਿਸੇ ਨਾਲ ਵੀ ਮਾੜਾ ਵਤੀਰਾ ਨਾ ਕਰੋ। ਹਰ ਵਰਗ ਦੇ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਹਨ, ਭਾਵੇਂ ਉਹ ਕਿਸਾਨ ਹੋਣ, ਨੌਜਵਾਨ ਹੋਣ, ਵਪਾਰੀ ਹੋਣ, ਵਕੀਲ ਹੋਣ ਜਾਂ ਸਰਕਾਰੀ ਮੁਲਾਜ਼ਮ ਹੋਣ। ਸਾਰਿਆਂ ਨੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਇਸ ਲਈ ਲੋਕਾਂ ਦੇ ਨਾਲ ਬਿਨਾਂ ਕਿਸੇ ਭੇਦਭਾਵ ਕੀਤੇ ਉਨ੍ਹਾਂ ਦੇ ਗੱਲ ਸੁਣੋ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੋ। ਮਾਨ ਨੇ ਇੱਕ ਕਹਾਵਤ ਕਹੀ ਕਿ... ਪਤਾ ਨਹੀਂ ਕਿਸ ਭੇਸ ਵਿੱਚ ਨਰਾਇਣ ਮਿਲ ਜਾਣ। ਰੱਬ ਵੱਖ-ਵੱਖ ਭੇਸਾਂ ਵਿੱਚ ਸਾਨੂੰ ਪਰਖਦਾ ਹੈ। ਸਾਨੂੰ ਨਹੀਂ ਪਤਾ ਹੁੰਦਾ ਕਿ ਰੱਬ ਕਦੋਂ ਕਿਸ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟ ਹੋ ਜਾਵੇ।
ਮਾਨ ਨੇ ਵਿਧਾਇਕਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦਿੱਲੀ ਵਿੱਚ ‘ਆਪ’ ਵਿਧਾਇਕਾਂ ਦੇ ਕੰਮ ਦਾ ਸਰਵੇ ਕਰਵਾਇਆ  ਜਾਂਦਾ ਹੈ। ਜਿਨ੍ਹਾਂ ਵਿਧਾਇਕਾਂ ਦੀ ਸਰਵੇ ਰਿਪੋਰਟ ਨੈਗੇਟਿਵ ਆਉਂਦੀ ਹੈ, ਉਨ੍ਹਾਂ ਸਾਰੀਆਂ ਦੀ ਟਿਕਟ ਕੱਟ ਦਿੱਤੀ ਜਾਂਦੀ ਹੈ । 2020 ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅਜਿਹੇ 22 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਸਨ। ਪੰਜਾਬ ਦੇ ਵਿਧਾਇਕਾਂ ਦੇ ਕੰਮਾਂ ਦੇ ਵੀ ਸਰਵੇ ਕਰਵਾਏ ਜਾਣਗੇ। ਇਸ ਲਈ ਸਾਰੇ ਵਿਧਾਇਕਾਂ ਨੂੰ ਆਪਣੇ ਹਲਕੇ ਵਿੱਚ ਪੱਕਾ ਦਫ਼ਤਰ ਖੋਲ੍ਹਨ ਅਤੇ ਉਥੇ ਮੌਜੂਦ ਰਹਿਣ। ਲੋਕਾਂ ਦੀਆਂ ਸਮੱਸਿਆਵਾਂ ਸੁਣੋ ਅਤੇ ਹੱਲ ਕਰਨ ਦੀ ਕੋਸ਼ਿਸ਼ ਕਰੋ। ਮਿਲਣ ਲਈ  ਜੋ ਵੀ ਸਮਾਂ ਲੋਕਾਂ ਦਿੱਤਾ ਜਾਵੇ,ਹਰ ਹਾਲਤ ਵਿੱਚ ਉਸ ਸਮੇਂ ਉਥੇ ਮੌਜੂਦ ਰਹੋ। ਖੁਦ ਦੇ ਸਮੇਂ ਦੀ ਕੀਮਤ ਸਮਝੋ ਅਤੇ ਲੋਕਾਂ ਦੇ ਸਮੇਂ ਦੀ ਵੀ ਕਦਰ ਕਰੋ। ਜੇਕਰ ਅਗਲੀ ਵਾਰ ਆਪਣੀ ਸੀਟ ਪੱਕੀ ਕਰਨੀ ਹੈ ਤਾਂ ਲੋਕਾਂ ਦੇ ਕੰਮ ਵੀ ਪੱਕੇ ਕਰਨੇ ਹੋਣਗੇ  । ਹਮੇਸ਼ਾ ਆਪਣੇ ਇਲਾਕੇ ਵਿੱਚ ਰਹਿਣਾ ਹੋਵੇਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਹੋਣਗੀਆਂ।
ਮਾਨ ਨੇ ਕਿਹਾ ਕਿ ਸਾਡਾ ਟਾਰਗੇਟ ਰੇਸ ਦੀ ਜਿੱਤ ਦਾ ਰੀਬਨ ਹੈ। ਰੀਬਨ ਦਾ ਮਤਲਬ ਹੈ 'ਰੰਗਲਾ ਪੰਜਾਬ''। ਰੰਗਲਾ ਪੰਜਾਬ ਦਾ ਮਤਲਬ ਹੈ ਗੁਰੂਆਂ ਦੇ ਸੁਪਨਿਆਂ ਦਾ ਪੰਜਾਬ, ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ, ਲੇਖਕਾਂ-ਕਵੀਆਂ ਦੀਆਂ  ਰਚਨਾਵਾਂ ਦਾ ਪੰਜਾਬ। ਨੈਲਸਨ ਮੰਡੇਲਾ ਦੇ ਇੱਕ ਬਿਆਨ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਕਿਹਾ ਕਿ ਨੇਤਾ ਉਹ ਹੁੰਦਾ ਹੈ ਜੋ ਜਨਤਾ ਦੇ ਸੁੱਖ ਸਮੇਂ ਪਿੱਛੇ ਅਤੇ ਦੁੱਖ ਦੇ ਸਮੇਂ ਅੱਗੇ ਖੜ੍ਹਾ ਰਹਿੰਦਾ ਹੈ। ਸਾਨੂੰ ਵੀ ਆਪਣੀ ਖੁਸ਼ੀ ਦਾ ਤਿਆਗ ਕਰਕੇ ਜਨਤਾ ਦੀ ਖੁਸ਼ੀ ਲਈ ਕੰਮ ਕਰਨਾ ਹੈ।