ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵੱਖ ਵੱਖ ਪਿੰਡਾਂ ਵਿਚ ਆਮ ਲੋਕਾਂ ਨਾਲ ਰਾਬਤਾ ਕਰਨ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ
ਮੋਗਾ, 18 ਮਾਰਚ (ਜਸ਼ਨ):ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਅਤੇ ਉਹਨਾਂ ਦੇ ਹੱਲ ਲਈ ਯਤਨਸ਼ੀਲ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵੱਖ ਵੱਖ ਪਿੰਡਾਂ ਵਿਚ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ । ਪਿੰਡ ਦਾਰਾਪੁਰ ਵਿਖੇ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਬੇਸ਼ੱਕ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਦੇ ਐਲਾਨ ਕਰਨ ਦੇ ਸਮੇਂ ਦੌਰਾਨ ਸਿਆਸੀ ਪਾਰਟੀਆਂ ਵਿਚ ਆਈਆਂ ਵੱਡੀਆਂ ਤਬਦੀਲੀਆਂ ਕਾਰਨ ਉਹਨਾਂ ਦੇ ਕੁਝ ਸਾਥੀ ਪਾਰਟੀ ਪੱਧਰ ’ਤੇ ਆਪਣੀ ਵਫ਼ਾਦਾਰੀ ਦੀ ਮਜਬੂਰੀ ਕਾਰਨ ਚੋਣਾਂ ਦੌਰਾਨ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਦਿਲਾਂ ਦੀ ਸਾਂਝ ਪਹਿਲਾਂ ਵਾਂਗ ਹੀ ਬਰਕਰਾਰ ਰਹੀ ਇਸੇ ਕਰਕੇ ਹੁਣ ਚੋਣ ਨਤੀਜੇ ਆਉਣ ਉਪਰੰਤ ਉਹਨਾਂ ਦੇ ਸਾਰੇ ਪੁਰਾਣੇ ਸਾਥੀਆਂ ਨਾਲ ਮੁੜ ਤੋਂ ਰਾਬਤੇ ਵਾਲਾ ਮਾਹੌਲ ਬਣ ਗਿਆ ਹੈ। ਉਹਨਾਂ ਆਖਿਆ ਕਿ ਉਹਨਾਂ ਨੂੰ ਦਿਲੀ ਖੁਸ਼ੀ ਹੈ ਕਿ ਹੌਲੀ ਹੌਲੀ ਉਹਨਾਂ ਦੇ ਸਾਰੇ ਸਾਥੀ ਹੁਣ ਉਹਨਾਂ ਦੀ ਪਿੱਠ ’ਤੇ ਆ ਖੜ੍ਹੇ ਹਨ ਅਤੇ ਉਹਨਾਂ ਯਕੀਨ ਹੈ ਕਿ ਉਹ ਪਹਿਲਾਂ ਨਾਲੋਂ ਵੀ ਵੱਡੀ ਟੀਮ ਤਿਆਰ ਕਰਕੇ ਮੋਗਾ ਹਲਕੇ ਦੇ ਪਿੰਡਾਂ ਅਤੇ ਮੋਗਾ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਸੇਵਾਵਾਂ ਜਾਰੀ ਰੱਖ ਸਕਣਗੇ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੀਆਂ ਪੰਜਾਬ ਲਈ ਸੁਹਿਰਦ ਨੀਤੀਆਂ ਮੁਤਾਬਕ ਸੂਬੇ ‘ਚ ਸ਼ਾਂਤੀ ਅਤੇ ਭਾਈਚਾਰਾ ਸਿਰਜਣ ਦੇ ਨਾਲ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਾਰਟੀ ਪੱਧਰ ’ਤੇ ਯਤਨ ਜਾਰੀ ਰਹਿਣਗੇ।