ਸਿਸਟਮ ਦੇ ਸੁਧਾਰ ਲਈ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਕਾਹਲ ਨਾ ਕਰੇ : ਸੰਧਵਾਂ
ਭਿ੍ਸ਼ਟਾਚਾਰ ਦੇ ਖਾਤਮੇ ਲਈ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਦਾ ਸਹਿਯੋਗ ਜਰੂਰੀ
ਕੋਟਕਪੂਰਾ, 15 ਮਾਰਚ ( ਜਸ਼ਨ) : :- ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਸਰਕਾਰੀ ਦਫਤਰਾਂ ਵਿੱਚ ਜਾ ਕੇ ਮੁਲਾਜਮਾਂ ਨਾਲ ਦੁਰਵਿਵਹਾਰ ਨਹੀਂ ਕਰੇਗਾ, ਸਗੋਂ ਮੁਲਾਜਮਾਂ ਨੂੰ ਨਾਲ ਲੈ ਕੇ ਤੰਦਰੁਸਤ ਪੰਜਾਬ ਦੀ ਸਿਰਜਣਾ ਲਈ ਯਤਨਸ਼ੀਲ ਰਹੇਗਾ। ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਲਗਾਤਾਰ ਦੂਜੀ ਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਵਾਲੇ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਨ ਮੌਕੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਭਰ ਦੇ 3 ਕਰੋੜ ਲੋਕਾਂ ਨਾਲ ਤਾਲਮੇਲ ਬਣਾ ਕੇ ਭਿ੍ਰਸ਼ਟਾਚਾਰ ਸਮੇਤ ਹਰ ਤਰਾਂ ਦੀ ਸਮਾਜਿਕ ਕੁਰੀਤੀ ਖਤਮ ਕਰਨ ਲਈ ਯਤਨ ਕਰਦੀ ਰਹੇਗੀ। ਉਹਨਾਂ ਪੰਜਾਬ ਦੀਆਂ ਦੋ ਕੁ ਥਾਵਾਂ ’ਤੇ ‘ਆਪ’ ਵਰਕਰਾਂ ਦੀਆਂ ਮੁਲਾਜਮਾਂ ਨਾਲ ਵਾਪਰੀਆਂ ਤਕਰਾਰ ਦੀਆਂ ਘਟਨਾਵਾਂ ਨੂੰ ਅਫਸੋਸਨਾਕ ਦੱਸਦਿਆਂ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿੱਚ ਅਜਿਹਾ ਨਹੀਂ ਵਾਪਰੇਗਾ, ਸਗੋਂ ਸਕੂਲ, ਕਾਲਜ, ਯੂਨੀਵਰਸਿਟੀ, ਹਸਪਤਾਲ, ਨਗਰ ਕੌਂਸਲ, ਤਹਿਸੀਲ ਕੰਪਲੈਕਸ, ਮਾਰਕਿਟ ਕਮੇਟੀ, ਪੁਲਿਸ ਥਾਣੇ, ਬਿਜਲੀ ਦਫਤਰ ਸਮੇਤ ਸਾਰੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ਨਾਲ ਰਲ ਮਿਲ ਕੇ ਪਿਆਰ ਤੇ ਸਦਭਾਵਨਾ ਨਾਲ ਸਿਸਟਮ ਸੁਧਾਰ ਲਹਿਰ ਨੂੰ ਕਾਮਯਾਬ ਕੀਤਾ ਜਾਵੇਗਾ। ਸ੍ਰ ਸੰਧਵਾਂ ਨੇ ਮੰਨਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਵਿੱਚ ਆਮ ਜਨਤਾ ਦੇ ਨਾਲ-ਨਾਲ ਸਾਡੇ ਮੁਲਾਜਮ ਭਾਈਚਾਰੇ ਦਾ ਵੀ ਵੱਡਮੁੱਲਾ ਯੋਗਦਾਨ ਹੈ। ਕਿਉਂਕਿ ਰਵਾਇਤੀ ਪਾਰਟੀਆਂ ਵੱਲੋਂ ਖਰਾਬ ਕੀਤੇ ਸਿਸਟਮ ਨੂੰ ਸੁਧਾਰਨ ਲਈ ‘ਆਪ’ ਵਰਕਰਾਂ, ਆਮ ਲੋਕਾਂ ਅਤੇ ਮੁਲਾਜਮਾਂ ਦਾ ਆਪਸੀ ਸਹਿਚਾਰ ਵੀ ਬਹੁਤ ਜਰੂਰੀ ਹੈ। ਸ੍ਰ ਸੰਧਵਾਂ ਨੇ ਕੁਝ ਕੁ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੀ ਕਾਹਲੀ ਨਾਲ ਚੁੱਕੇ ਕਦਮਾਂ ਨੂੰ ਸਪੱਸ਼ਟ ਕਰਦਿਆਂ ਦੱਸਿਆ ਕਿ ਲੋਕ ਰਵਾਇਤੀ ਪਾਰਟੀਆਂ ਦੇ ਚੋਰਾਂ, ਡਾਕੂਆਂ ਤੇ ਲੁਟੇਰਿਆਂ ਨਾਲ ਰਲ ਕੇ ਵਿਗਾੜੇ ਸਿਸਟਮ ਨੂੰ ਸੁਧਾਰਨ ਲਈ ਕਾਹਲ ਕਰ ਬੈਠੇ ਸਨ ਪਰ ਹੁਣ ਉਹਨਾਂ ਨੂੰ ਸਮਝ ਆ ਗਈ ਹੈ ਕਿ ਰੰਗਲਾ ਪੰਜਾਬ ਵਾਪਸ ਲਿਆਉਣ ਲਈ ਸਹਿਜ, ਸੰਜਮ, ਸੰਤੋਖ, ਧੀਰਜ, ਸ਼ਹਿਣਸ਼ੀਲਤਾ, ਨਿਮਰਤਾ ਅਤੇ ਹਲੀਮੀ ਦੀ ਵੀ ਜਰੂਰਤ ਹੈ।