ਨਵੇਂ ਚੁਣੇ ਵਿਧਾਇਕ ਭਾਸ਼ਾ ਦੀ ਮਰਿਆਦਾ ਦਾ ਖਿਆਲ ਰੱਖਣ - ਢਿੱਲੋਂ, ਲੂੰਬਾ,,ਕਰਮਚਾਰੀਆਂ ਦੀਆਂ ਤਨਖਾਹਾਂ ਦੇ ਬੱਜਟ ਸਬੰਧੀ ਸਿਵਲ ਸਰਜਨ ਮੋਗਾ ਨੂੰ ਦਿੱਤਾ ਮੰਗ ਪੱਤਰ

ਮੋਗਾ 13 ਮਾਰਚ ( ਜਸ਼ਨ) : ਪੂਰੇ ਪੰਜਾਬ ਵਿੱਚ 70% ਦੇ ਕਰੀਬ ਸਰਕਾਰੀ ਮੁਲਾਜ਼ਮਾਂ ਨੇ ਬਦਲਾਅ ਦਾ ਸਮਰਥਨ ਕਰਦਿਆਂ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹਨ ਪਰ ਪਾਰਟੀ ਦੇ ਵਿਧਾਇਕਾਂ ਵੱਲੋਂ ਹਸਪਤਾਲਾਂ ਦੀ ਚੈਕਿੰਗ ਦੌਰਾਨ ਵਰਤੀ ਜਾ ਰਹੀ ਧਮਕੀਆਂ ਭਰੀ ਭਾਸ਼ਾ ਨਾਲ ਮੁਲਾਜ਼ਮ ਵਰਗ ਵਿੱਚ ਨਿਰਾਸ਼ਾ ਆਉਣੀ ਸ਼ੁਰੂ ਹੋ ਗਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ ਨੇ ਅੱਜ ਸਿਵਲ ਸਰਜਨ ਦਫਤਰ ਮੋਗਾ ਵਿਖੇ ਦੋ ਮਹੀਨੇ ਤੋਂ ਬੰਦ ਪਈ ਮੁਲਾਜ਼ਮਾਂ ਦੀ ਤਨਖਾਹ ਦਾ ਬੱਜਟ ਮੰਗਵਾਉਣ ਸਬੰਧੀ ਅੱਧਾ ਘੰਟਾ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਿਵਲ ਸਰਜਨ ਮੋਗਾ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਪ੍ਰੈਸ ਨੂੰ ਸੰਬੋਧਨ ਦੌਰਾਨ ਕੀਤਾ। ਉਹਨਾਂ ਕਿਹਾ ਕਿ ਨਵੀਂ ਸਰਕਾਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਮੁਲਾਜ਼ਮਾਂ ਅਤੇ ਇੰਫਰਾਸਟਰੱਕਚਰ ਦੀ ਘਾਟ ਨੂੰ ਪੂਰਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਮੁਲਾਜਮਾਂ ਅਤੇ ਅਧਿਕਾਰੀਆਂ ਨਾਲ ਵੀ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ ਜੇਕਰ ਉਸ ਤੋਂ ਬਾਅਦ ਵੀ ਸਰਕਾਰ ਨੂੰ ਨਤੀਜੇ ਨਹੀਂ ਮਿਲਦੇ ਤਾਂ ਉਹ ਸਬੰਧਤ ਅਧਿਕਾਰੀਆਂ ਜਾਂ ਕਰਮਚਾਰੀਆਂ ਨਾਲ ਸਖਤੀ ਨਾਲ ਪੇਸ਼ ਆਉਣ ਤਾਂ ਇਹ ਤਰਕਸੰਗਤ ਹੋਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਕੁੱਝ ਮੁਲਾਜ਼ਮ ਤਿੰਨ ਮਹੀਨੇ ਤੋਂ ਤੇ ਕੁੱਝ ਮੁਲਾਜ਼ਮ ਦੋ ਮਹੀਨੇ ਤੋਂ ਤਨਖਾਹ ਤੋਂ ਵਾਂਝੇ ਹਨ, ਇਸ ਲਈ ਨਵੀਂ ਸਰਕਾਰ ਨੂੰ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਦੇ ਬੱਜਟ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਮੌਕੇ ਜਿਲ੍ਹਾ ਆਗੂ ਮਹਿੰਦਰ ਪਾਲ ਲੂੰਬਾ ਨੇ ਕੋਟਕਪੂਰਾ ਤੋਂ ਆਪ ਵਿਧਾਇਕ ਕੁਲਤਾਰ ਸੰਧਵਾਂ ਵੱਲੋਂ ਦਿੱਤੇ ਸੰਤੁਲਿਤ ਬਿਆਨ ਦੀ ਤਾਰੀਫ ਕਰਦਿਆਂ ਕਿਹਾ ਕਿ ਅਸੀਂ ਸਰਕਾਰ ਨੂੰ ਹਰ ਕਦਮ ਤੇ ਸਹਿਯੋਗ ਕਰਨ ਲਈ ਤਿਆਰ ਹਾਂ ਕਿਉਂਕਿ ਅਸੀਂ ਖੁਦ ਚਾਹੁੰਦੇ ਹਾਂ ਕਿ ਲੋਕਾਂ ਨੂੰ ਸਹੀ ਅਰਥਾਂ ਵਿੱਚ ਮੁਫਤ ਸਿਹਤ ਸਹੂਲਤਾਂ ਮਿਲਣ, ਜੋ ਕਿ ਉਨ੍ਹਾਂ ਦਾ ਅਧਿਕਾਰ ਵੀ ਹੈ। ਇਸ ਲਈ ਆਪ ਵਿਧਾਇਕ ਅਜਿਹੀ ਬਿਆਨਬਾਜੀ ਨਾ ਕਰਨ ਜਿਸ ਨਾਲ ਮੁਲਾਜ਼ਮ ਵਰਗ ਉਨ੍ਹਾਂ ਦਾ ਸਹਿਯੋਗ ਕਰਨ ਦੀ ਬਜਾਏ ਨਫਰਤ ਕਰਨ ਲੱਗ ਪਵੇ। ਇਸ ਲਈ ਸਰਕਾਰ ਨੂੰ ਅਧਿਕਾਰੀਆਂ ਮੁਲਾਜਮਾਂ ਨਾਲ ਸਮੱਸਿਆਵਾਂ ਦੇ ਹੱਲ ਲਈ ਬੰਦ ਕਮਰਾ ਮੀਟਿੰਗਾਂ ਦਾ ਦੌਰ ਸ਼ੁਰੂ ਕਰਨਾ ਚਾਹੀਦਾ ਹੈ ਨਾ ਕਿ ਪਬਲਿਕ ਵਿੱਚ ਉਨ੍ਹਾਂ ਨੂੰ ਬਦਨਾਮ ਕਰਕੇ ਆਮ ਲੋਕਾਂ ਨਾਲ ਟਕਰਾਅ ਦੇ ਰਸਤੇ ਤੋਰਨਾ ਚਾਹੀਦਾ ਹੈ। ਉਹਨਾਂ ਮੁਲਾਜ਼ਮਾਂ ਦੀ ਪਿਛਲੇ ਮਹੀਨਿਆਂ ਦੀ ਤਨਖਾਹ ਦਾ ਬੱਜਟ ਜਾਰੀ ਕਰਨ ਦੀ ਮੰਗ ਕਰਦਿਆਂ ਕਿਹਾ ਮੁਲਾਜ਼ਮ ਭੁੱਖੇ ਢਿੱਡ ਸਹਿਯੋਗ ਕਰਨ ਲਈ ਮਾਨਸਿਕ ਤੌਰ ਤੇ ਤਿਆਰ ਨਹੀਂ ਹੋਣਗੇ। ਇਸ ਮੌਕੇ ਸਿਵਲ ਸਰਜਨ ਮੋਗਾ ਨੇ ਦੱਸਿਆ ਕਿ ਬੱਜਟ ਦੀ ਮੰਗ ਲਈ ਸਾਡੇ ਦਫਤਰ ਵੱਲੋਂ ਲਗਾਤਾਰ ਚਿੱਠੀਆਂ ਲਿਖੀਆਂ ਜਾ ਰਹੀਆਂ ਹਨ ਪਰ ਹਾਲੇ ਵੀ ਕਈ ਕੈਟਾਗਰੀਆਂ ਦੀ ਤਨਖਾਹ ਦਾ ਬੱਜਟ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਆਪਣੇ ਪੱਧਰ ਤੇ ਹਰ ਸੰਭਵ ਕੋਸ਼ਿਸ਼ ਕਰਨ ਦਾ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਇਆ। ਇਸ ਮੌਕੇ ਉਕਤ ਤੋਂ ਇਲਾਵਾ ਜਿਲ੍ਹਾ ਚੇਅਰਮੈਨ ਗੁਰਜੰਟ ਸਿੰਘ ਮਾਹਲਾ, ਰਾਜੇਸ਼ ਭਾਰਦਵਾਜ, ਦਵਿੰਦਰ ਸਿੰਘ ਭਿੰਡਰ, ਜਗਰੂਪ ਸਿੰਘ, ਬਲਕਰਨ ਸਿੰਘ, ਰਮਨਜੀਤ ਸਿੰਘ ਭੁੱਲਰ, ਨਵਤੇਜ ਸਿੰਘ, ਅਮਰਦੀਪ ਸਿੰਘ, ਬਲਦੇਵ ਸਿੰਘ, ਅਮਰੀਕ ਸਿੰਘ, ਰਾਣੀ ਸਿੱਧੂ, ਡੋਰਸ, ਰਾਜਿੰਦਰ ਕੌਰ, ਜਸਮੀਤ ਸਿੰਘ, ਦਵਿੰਦਰ ਸਿੰਘ ਅਤੇ ਜਸਦੀਪ ਸਿੰਘ ਆਦਿ ਹਾਜ਼ਰ ਸਨ।