ਆਮ ਆਦਮੀ ਪਾਰਟੀ ਦੇ ਚਾਰਾਂ ਵਿਧਾਇਕਾਂ ਨੇ ਮੋਗਾ ਦੇ ਸਿਵਲ ਹਸਪਤਾਲ ‘ਚ ਸਿਵਲ ਸਰਜਨ ਨਾਲ ਮੁਲਾਕਾਤ ਕਰਕੇ ਸਿਸਟਮ ਨੂੰ ਦਰੁਸਤ ਕਰਨ ਅਤੇ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਬੁਨਿਆਦੀ ਸਹੂਲਤਾਂ ਦੇਣ ਦੀ ਕੀਤੀ ਤਾਕੀਦ
ਮੋਗਾ, 14 ਮਾਰਚ (ਜਸ਼ਨ): ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮੰਤਵ ਨਾਲ ਅੱਜ ਮੋਗਾ ਹਲਕੇ ਦੇ ਚਾਰਾਂ ਵਿਧਾਇਕਾਂ ਮਨਜੀਤ ਸਿੰਘ ਬਿਲਾਸਪੁਰ, ਡਾ: ਅਮਨਦੀਪ ਕੌਰ ਅਰੋੜਾ, ਅਮਿ੍ਰਤਪਾਲ ਸਿੰਘ ਸੁਖਾਨੰਦ ਅਤੇ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਮੋਗਾ ਦੇ ਸਿਵਲ ਹਸਪਤਾਲ ਪਹੁੰਚ ਕੇ ਹਸਪਤਾਲ ਵਿਚ ਡਾਕਟਰਾਂ ਦੀ ਘਾਟ, ਐਂਬੂਲੈਂਸਾਂ , ਦਵਾਈਆਂ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਸਿਵਲ ਸਰਜਨ ਨਾਲ ਮੁਲਾਕਾਤ ਕਰਕੇ ਆਮ ਲੋਕਾਂ ਦੀ ਸਹੂਲਤ ਲਈ ਸਿਹਤ ਸੁਧਾਰਾਂ ਵੱਲ ਉਚੇਚਾ ਧਿਆਨ ਦੇਣ ਲਈ ਆਖਿਆ। ਇਸ ਮੌਕੇ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ,ਸਿਵਲ ਸਰਜਨ ਹਿਤਿੰਦਰ ਕੌਰ ਕਲੇਰ ਅਤੇ ਹਸਪਤਾਲ ਦੇ ਡਾਕਟਰ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸਿਵਲ ਸਰਜਨ ਨੂੰ ਹਸਪਤਾਲ ਵਿਚ ਸੁਚੱਜੇ ਸਫ਼ਾਈ ਪ੍ਰਬੰਧਾਂ ਨੂੰ ਦਰੁਸਤ ਕਰਨ ਅਤੇ ਮਰੀਜ਼ਾਂ ਨੂੰ ਰੋਗਾਣੂ ਮੁਕਤ ਵਾਤਾਵਰਣ ਪ੍ਰਦਾਨ ਕਰਨ ਲਈ ਵੀ ਕਿਹਾ। ਇਸ ਮੌਕੇ ਵਿਧਾਇਕ ਅਮਿ੍ਰਤਪਾਲ ਸਿੰਘ ਸੁਖਾਨੰਦ ਨੇ ਸਿਵਲ ਸਰਜਨ ਨੂੰ ਅਜਿਹਾ ਹੈਲਪ ਲਾਈਨ ਨੰਬਰ ਸਥਾਪਿਤ ਕਰਨ ਲਈ ਆਖਿਆ ਜਿਸ ਤੇ 24 ਘੰਟੇ ਆਮ ਲੋਕਾਂ ਨੂੰ ਸਹੂਲਤ ਦਿੱਤੀ ਜਾ ਸਕੇ। ਉਹਨਾਂ ਹਸਪਤਾਲ ਵਿਚ ਭਿ੍ਰਸ਼ਟਾਚਾਰ ਦੇ ਵਰਤਾਰੇ ਨੂੰ ਪੂਰੀ ਤਰਾਂ ਠੱਲ ਪਾਉਣ ਲਈ ਆਖਿਆ । ਇਸ ਮੌਕੇ ਡਾ: ਅਮਨਦੀਪ ਕੌਰ ਅਰੋੜਾ ਨੇ ਜਨਔਸ਼ਧੀ ਕੇਂਦਰਾਂ ਵਿਚ ਮੌਜੂਦ ਦਵਾਈਆਂ ਦੇ ਇਸਤੇਮਾਲ ’ਤੇ ਜ਼ੋਰ ਦਿੱਤਾ । ਇਸ ਮੌਕੇ ਵਿਧਾਇਕ ਲਾਡੀ ਢੋਸ ਨੇ ਹਸਪਤਾਲ ਪਹੁੰਚਣ ਵਾਲੇ ਮਰੀਜ਼ਾਂ ਨੂੰ ਤੁਰੰਤ ਡਾਕਟਰੀ ਸਹੂੁਲਤ ਦੇਣ ਲਈ ਕਿਹਾ ਤਾਂ ਕਿ ਪਿਛਲੇ ਸਮੇਂ ਦੌਰਾਨ ਵਾਰਡ ਤੋਂ ਬਾਹਰ ਹੀ ਮਹਿਲਾਵਾਂ ਦੀਆਂ ਹੋਈਆਂ ਡਿਲਿਵਰੀ ਦੀਆਂ ਘਟਨਾਵਾਂ ਮੁੜ ਤੋਂ ਨਾ ਵਾਪਰਨ। ਇਸ ਮੌਕੇ ਸਮੂਹ ਵਿਧਾਇਕਾਂ ਨੇ ਸਿਵਲ ਹਸਪਤਾਲ ਵਿਚ ਚੱਲ ਰਹੇ ਰੈਨੋਵੇਸ਼ਨ ਦੇ ਕੰਮ ਨੂੰ ਛੇਤੀ ਪੁਰਾ ਕਰਨ ਅਤੇ ਮਿਆਰੀ ਉਸਾਰੀ ’ਤੇ ਜ਼ੋਰ ਦਿੱਤਾ ।