ਮੋਗਾ ਜ਼ਿਲ੍ਹੇ ‘ਚ ਤਿੰਨ ਲੱਖ 65 ਹਜ਼ਾਰ ਰੁਪਏ ਲੁੱਟੇ
ਮੋਗਾ,5 ਮਾਰਚ (ਜਸ਼ਨ): ਮੋਗਾ ਜ਼ਿਲ੍ਹੇ ਵਿਚ ਆਏ ਦਿਨ ਹੋ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਅੱਜ ਉਸ ਸਮੇਂ ਹੋਰ ਵਾਧਾ ਹੋ ਗਿਆ ਜਦੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਪੈਟਰੋਲ ਪੰਪ ਦੇ ਮੈਨੇਜਰ ਤੋਂ ਤਿੰਨ ਲੱਖ 65 ਹਜ਼ਾਰ ਰੁਪਏ ਖੋਹ ਕੇ ਫਰਾਰ ਹੋ ਗਏ। ਇਹ ਘਟਨਾ ਮੋਗਾ ਦੇ ਪਿੰਡ ਬਿਲਾਸਪੁਰ ਵਿਖੇ ਵਾਪਰੀ । ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਤਫਤੀਸ਼ ਆਰੰਭ ਦਿੱਤੀ ਹੈ। ਪ੍ਰਤੱਖ ਦਰਸ਼ੀਆਂ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਮਾਛੀਕੇ ਵਿਖੇ ਸਥਿਤ ਪੈਟਰੋਲ ਪੰਪ ਦਾ ਮੈਨੇਜਰ ਅਤੇ ਪੰਪ ਦਾ ਹੀ ਕਰਿੰਦਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਪੈਟਰੋਲ ਪੰਪ ’ਤੇ ਇਕੱਤਰ ਹੋਈ ਤਿੰਨ ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਬੈਂਕ ਵਿਚ ਜਮ੍ਹਾ ਕਰਵਾਉਣ ਜਾ ਰਹੇ ਸਨ ਪਰ ਜਦੋਂ ਇਹ ਦੋਨੋਂ ਪਿੰਡ ਬਿਲਾਸਪੁਰ ਵਿਖੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਦੋਨਾਂ ਕਰਿੰਦਿਆਂ ਨੂੰ ਘੇਰ ਕੇ ਇਕ ਡਾਂਗ ਨਾਲ ਉਹਨਾਂ ’ਤੇ ਵਾਰ ਕੀਤਾ ਅਤੇ ਤਿੰਨ ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਵਾਲਾ ਬੈਗ, ਖੋਹ ਕੇ ਮੋਗਾ ਵੱਲ ਨੂੰ ਫਰਾਰ ਹੋ ਗਏ। ਮੌਕੇ ’ਤੇ ਪਹੁੰਚੇ ਸਹਾਇਕ ਪੁਲਿਸ ਕਪਤਾਨ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਇਸ ਇਲਾਕੇ ਦੇ ਸੀ ਸੀ ਟੀ ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਸੇ ਇਲਾਕੇ ਦੇ ਪਿੰਡ ਮੱਲੇਆਣਾ ਦੇ ਬੈਂਕ ਵਿਚੋਂ ਵੀ ਲੁਟੇਰੇ ਸਾਢੇ ਤਿੰਨ ਲੱਖ ਰੁਪਏ ਦੇ ਕਰੀਬ ਰਾਸ਼ੀ ਲੁੱਟ ਕੇ ਫਰਾਰ ਹੋ ਗਏ ਸਨ।