ਤਨਖਾਹਾਂ ਦਾ ਬਜਟ ਰੋਕ ਕੇ ਸਰਕਾਰ ਨੇ ਸਿਹਤ ਕਾਮਿਆਂ ਦੇ ਜ਼ਖਮਾਂ ਤੇ ਛਿੜਕਿਆ ਨਮਕ:-ਢਿਲੋਂ
*ਸਿਹਤ ਕਾਮਿਆਂ ਨੂੰ ਕੋਵਿਡ ਦੌਰਾਨ ਦਿਨ ਰਾਤ ਕੰਮ ਕਰਨ ਬਦਲੇ ਸਰਕਾਰ ਨੇ ਤਾਨਖਾਹਾਂ ਰੋਕਣ ਦਾ ਦਿੱਤਾ ਤੋਹਫਾ:-ਮਾਹਲਾ
ਮੋਗਾ 3 ਮਾਰਚ (ਜਸ਼ਨ) ਸਿਹਤ ਵਿਭਾਗ ਵਿਚ ਬਿਨਾਂ ਕਿਸੇ ਛੁੱਟੀ ਤੋਂ ਦਿਨ ਰਾਤ ਕੰਮ ਕਰ ਰਹੇ ਕਰਮਚਾਰੀਆਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ।ਜਿਸ ਕਾਰਨ ਪੂਰੇ ਪੈਰਾਮੈਡੀਕਲ ਕਾਮਿਆਂ ਵਿੱਚ ਰੋਸ ਦੀ ਲਹਿਰ ਦਿਨ ਬ ਦਿਨ ਪ੍ਰਚੰਡ ਹੋ ਰਹੀ ਹੈ।ਇਸ ਸਬੰਧੀ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਮੋਗਾ ਦੀ ਇੱਕ ਹੰਗਾਮੀ ਮੀਟਿੰਗ ਦਫਤਰ ਸਿਵਲ ਸਰਜਨ ਮੋਗਾ ਵਿਖੇ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਜ਼ੋ ਵਆਦਾ ਪੰਜਾਬ ਸਰਕਾਰ ਨੇ ਕੀਤਾ ਸੀ ਉਹ ਅੱਜ ਤੱਕ ਪੂਰਾ ਨਹੀਂ ਕੀਤਾ ਗਿਆ ਅਤੇ ਲੰਗੜਾ ਪੇ ਕਮਿਸ਼ਨ ਜਾਰੀ ਕਰਕੇ ਮੁਲਾਜ਼ਮਾਂ ਨੂੰ ਪਹਿਲਾਂ ਹੀ ਦਿੱਤੇ ਜਾ ਰਹੇ ਭੱਤੇ ਘਟਾ ਕੇ ਸਰਕਾਰ ਨੇ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਸਿਹਤ ਕਰਮਚਾਰੀ ਆਰਥਿਕ ਮੰਦੇ ਵਿਚੋਂ ਨਿਕਲ ਰਹੇ ਹਨ ਅਤੇ ਮੁਲਾਜ਼ਮਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅੱਜ ਸਿਵਲ ਹਸਪਤਾਲ ਮੋਗਾ ਵਿਖੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਮੋਗਾ ਦੀ ਅਹਿਮ ਮੀਟਿੰਗ ਗੁਰਜੰਟ ਸਿੰਘ ਮਾਹਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਸਮੇਂ ਸੂਬਾ ਚੇਅਰਮੈਨ ਕੁਲਬੀਰ ਸਿੰਘ ਢਿੱਲੋਂ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਉਹਨਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਤਨਖਾਹਾਂ ਦਾ ਬਜਟ ਜਲਦ ਤੋਂ ਜਲਦ ਜਾਰੀ ਨਾ ਕੀਤਾ ਤਾਂ ਉਹ ਪੰਦਰਾਂ ਮਾਰਚ ਨੂੰ ਪੂਰੇ ਪੰਜਾਬ ਵਿਚ ਸਿਵਲ ਸਰਜਨ ਦਫ਼ਤਰਾਂ ਅੱਗੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਜਥੇਬੰਦੀ ਨੇ ਮੰਗ ਕੀਤੀ ਕਿ ਸਾਥੀ ਮਹਿੰਦਰਪਾਲ ਲੂੰਬਾ ਦੀ ਕੀਤੀ ਗਈ ਨਜਾਇਜ਼ ਬਦਲੀ ਤੁਰੰਤ ਰੱਦ ਕੀਤੀ ਜਾਵੇ। ਇਸ ਸਮੇਂ ਮਨਵਿੰਦਰ ਕਟਾਰੀਆਂ, ਦਵਿੰਦਰ ਸਿੰਘ ਭਿੰਡਰ, ਜਸਵਿੰਦਰ ਕੌਰ ਪੱਤੋਂ,ਰਜੇਸ਼ ਭਾਰਤਵਾਜ, ਪਰਮਿੰਦਰ ਸਿੰਘ, ਰਮਨਜੀਤ ਸਿੰਘ ਭੁੱਲਰ, ਮਹਿੰਦਰਪਾਲ ਲੂੰਬਾ, ਮਨਦੀਪ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਕੌਰ, ਰਜਨੀ ਰਾਣੀ, ਰਾਜ ਕੁਮਾਰ ਕਾਲੜਾ, ਗਗਨਦੀਪ ਸਿੰਘ, ਅਮਰਦੀਪ ਸਿੰਘ ਆਦਿ ਆਗੂ ਹਾਜ਼ਰ ਸਨ।