ਵਿਧਾਇਕ ਡਾ. ਹਰਜੋਤ ਕਮਲ ਦੇ ਯਤਨਾਂ ਸਦਕਾ, ਯੂਕਰੇਨ ਵਿੱਚ ਘਿਰਿਆ ਮੋਗਾ ਦਾ ਵਿਦਿਆਰਥੀ, ਘਰ ਪਰਤਿਆ

Tags: 

ਮੋਗਾ, 27 ਫਰਵਰੀ  (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :  ਯੂਕਰੇਨ ਅਤੇ ਰੂਸ ਦੀ ਜੰਗ ਦੌਰਾਨ  ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਨੇ ਪਰ ਇਸੇ ਦੌਰਾਨ ਅੱਜ ਸੁਖਦ ਖ਼ਬਰ ਪ੍ਰਾਪਤ ਹੋਈ ਜਦੋਂ ਵਿਧਾਇਕ ਡਾ. ਹਰਜੋਤ ਕਮਲ ਦੇ ਯਤਨਾਂ ਸਦਕਾ ਮੋਗਾ ਦਾ  ਜਸ਼ਨਪ੍ਰੀਤ ਯੂਕਰੇਨ ਤੋਂ ਵਾਪਸ ਆਪਣੇ ਘਰ ਮੋਗਾ ਪਹੁੰਚ ਗਿਆ। ਜ਼ਿਕਰਯੋਗ ਹੈ ਕਿ   ਜਸ਼ਨਪ੍ਰੀਤ ਅਤੇ ਮੋਗਾ ਜ਼ਿਲੇ ਨਾਲ ਸਬੰਧਤ ਹੋਰਨਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਦਿੱਲੀ ਵਿਖੇ ਭਾਜਪਾ ਦੇ ਅਹਿਮ ਆਗੂਆਂ ਨਾਲ ਰਾਬਤਾ ਕਾਇਮ ਕਰਦਿਆਂ ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ ਅਤੇ ਵਿਦਿਆਰਥੀਆਂ ਦੀ ਯੂਕਰੇਨ ਵਿਚਲੀ ਸਥਿਤੀ ਤੋਂ ਜਾਣੂੰ ਕਰਵਾਇਆ ਸੀ ਤੇ ਕੇਂਦਰ ਸਰਕਾਰ ਵਲੋਂ ਕੀਤੀਆਂ ਕੂਟਨੀਤਕ ਗੰਭੀਰ ਕੋਸ਼ਿਸ਼ਾਂ ਸਦਕਾ ਹੁਣ ਬੱਚਿਆਂ ਦੀ ਵਾਪਸੀ ਹੋਣੀ ਸ਼ੁਰੂ ਹੋ ਗਈ ਹੈ।   ਅੱਜ ਜਸ਼ਨ ਦੇ ਵਾਪਸ ਮੋਗਾ ਪਰਤਣ ਤੇ ਮਾਪਿਆਂ ਨੇ ਸੁਖ ਦਾ ਸਾਹ ਲਿਆ ਹੈ । ਜਸ਼ਨਪ੍ਰੀਤ ਦੀ ਸੁਰੱਖਿਅਤ ਵਾਪਸੀ ਲਈ ਹਰ ਹੀਲਾ ਵਰਤਣ ਦੇ ਐਲਾਨ ਅਤੇ ਪਰਿਵਾਰ ਨਾਲ ਖੜ੍ਹੇ ਹੋਣ ਲਈ  ਅੱਜ ਜਸ਼ਨ ਦੇ ਪਿਤਾ ਡਾ.ਕੁਲਵਿੰਦਰ ਨੇ ਵਿਧਾਇਕ ਡਾ. ਹਰਜੋਤ ਕਮਲ ਦਾ ਧੰਨਵਾਦ ਕੀਤਾ।ਉਹਨਾਂ ਕੇਂਦਰ ਸਰਕਾਰ ਅਤੇ ਭਾਰਤੀ ਹਾਈ ਕਮਿਸ਼ਨ ਦਾ ਵੀ ਸ਼ੁਕਰੀਆ ਅਦਾ ਕੀਤਾ।   ਵਿਧਾਇਕ ਡਾ. ਹਰਜੋਤ ਕਮਲ ਨੇ ਇਸ ਮੌਕੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਆਖਿਆ ਕਿ ਉਹ ਵਿਸ਼ਵ ਸ਼ਾਂਤੀ ਦੀ ਕਾਮਨਾ ਕਰਦਿਆਂ ਅਰਦਾਸ ਕਰਦੇ ਨੇ ਕਿ ਸਾਰੇ ਭਾਰਤੀ ਵਿਦਿਆਰਥੀ ਸਹੀ ਸਲਾਮਤ ਭਾਰਤ ਪਰਤ ਆਉਣ ।   ਜ਼ਿਕਰਯੋਗ ਹੈ ਕਿ ਭਾਰਤੀ  ਵਿਦਿਆਰਥੀ ਬੰਕਰਾਂ ਵਿੱਚ ਇਕੱਠੇ ਹੋ ਰਹੇ ਹਨ ਅਤੇ  ਭਾਰਤੀ ਦੂਤਾਵਾਸ ਉਹਨਾਂ ਨੂੰ  ਸਹਾਇਤਾ ਮੁਹਈਆ ਕਰਵਾਉਣ ਲਈ ਯਤਨਸ਼ੀਲ  ਹੈ ਤੇ ਹੁਣ ਕੇਂਦਰ ਸਰਕਾਰ ਲਗਾਤਾਰ  ਭਾਰਤੀ  ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਉਣ ਦੇ ਯਤਨ ਕਰ ਰਹੀ ਹੈ ।