ਯੂਕਰੇਨ ਵਿੱਚ ਘਿਰੇ ਮੋਗਾ ਦੇ ਨੌਜਵਾਨ ਜਸ਼ਨ ਦੀ ਵਾਪਸੀ ਲਈ ਵਿਧਾਇਕ ਡਾ. ਹਰਜੋਤ ਕਮਲ ਨੇ ਆਰੰਭੀਆਂ ਕੋਸ਼ਿਸ਼ਾਂ
ਮੋਗਾ, 25 ਫਰਵਰੀ (ਜਸ਼ਨ ): ਜਿੱਥੇ ਇੱਕ ਪਾਸੇ ਯੂਕਰੇਨ ਅਤੇ ਰੂਸ ਦੀ ਜੰਗ ਸ਼ੁਰੂ ਹੋ ਚੁੱਕੀ ਹੈ ਉੱਥੇ ਹੁਣ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੀ ਸੁਰੱਖਿਆ ਅਤੇ ਭਾਰਤ ਵਾਪਸੀ ਨੂੰ ਲੈ ਕੇ ਚਿੰਤਤ ਹਨ। ਯੂਕ੍ਰੇਨ ਵਿਚ ਪੜ੍ਹਾਈ ਲਈ ਗਏ ਮੋਗਾ ਦੇ ਜਸ਼ਨ ਦੀ ਸੁਰੱਖਿਆ ਨੂੰ ਲੈ ਕੇ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਜਿੱਥੇ ਜਸ਼ਨਪ੍ਰੀਤ ਦੇ ਪਿਤਾ ਡਾ. ਕੁਲਵਿੰਦਰ ਸਿੰਘ ਤੋਂ ਯੂਕ੍ਰੇਨ ਦੀ ਤਾਜਾ ਸਥਿਤੀ ਬਾਰੇ ਵਿਚਾਰ ਕੀਤਾ ਓਥੇ ਉਹਨਾਂ ਭਰੋਸਾ ਵੀ ਦਿਵਾਇਆ ਕਿ ਕੇਂਦਰੀ ਨੇਤਾਵਾਂ ਨਾਲ ਰਾਬਤਾ ਕਰਕੇ ਉਹ ਜਸ਼ਨਪ੍ਰੀਤ ਦੀ ਸੁਰੱਖਿਅਤ ਵਾਪਸੀ ਲਈ ਹਰ ਹੀਲਾ ਵਰਤਣਗੇ। ਵਿਧਾਇਕ ਡਾ. ਹਰਜੋਤ ਕਮਲ ਨੇ ਦੱਸਿਆ ਕਿ ਯੂਕਰੇਨ ਵਿੱਚ ਭਾਰਤੀ ਹਾਈ ਕਮਿਸ਼ਨ ਦੀ ਜਸ਼ਨਪ੍ਰੀਤ ਨਾਲ ਗੱਲ ਹੋ ਗਈ ਹੈ ਅਤੇ ਉਹ ਬਿਲਕੁਲ ਸੁਰੱਖਿਅਤ ਹੈ।ਜਸ਼ਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਜਸ਼ਨ 2019 ਵਿਚ ਯੂਕਰੇਨ ਪਹੁੰਚਿਆ ਤੇ ਐਮ ਬੀ ਬੀ ਐੱਸ ਕਰ ਰਿਹਾ ਹੈ ਤੇ ਅੱਜ ਸ਼ਾਮ ਹੀ ਉਸ ਨਾਲ ਗੱਲਬਾਤ ਹੋਏ ਹੈ ਤੇ ਉਹ ਬਿਲਕੁਲ ਸੁਰੱਖਿਅਤ ਹੈ। ਵਿਧਾਇਕ ਡਾ. ਹਰਜੋਤ ਕਮਲ ਨੇ ਇਸ ਮੌਕੇ ਆਖਿਆ ਕਿ ਉਹ ਵਿਸ਼ਵ ਸ਼ਾਂਤੀ ਦੀ ਕਾਮਨਾ ਕਰਦਿਆਂ ਅਰਦਾਸ ਕਰਦੇ ਨੇ ਕਿ ਸਾਰੇ ਭਾਰਤੀ ਵਿਦਿਆਰਥੀ ਸਹੀ ਸਲਾਮਤ ਭਾਰਤ ਪਰਤ ਸਕਣ। ਜ਼ਿਕਰਯੋਗ ਹੈ ਕਿ ਭਾਰਤੀ ਵਿਦਿਆਰਥੀ ਬੰਕਰਾਂ ਵਿੱਚ ਇਕੱਠੇ ਹੋ ਰਹੇ ਹਨ ਅਤੇ ਭਾਰਤੀ ਦੂਤਾਵਾਸ ਉਹਨਾਂ ਨੂੰ ਸਹਾਇਤਾ ਮੁਹਈਆ ਕਰਵਾਉਣ ਲਈ ਯਤਨਸ਼ੀਲ ਹੈ। ਭਾਰਤੀ ਵਿਦਿਆਰਥੀ ਭੁੱਖੇ ਭਾਣੇ ਦਿਨ ਗੁਜ਼ਾਰ ਰਹੇ ਹਨ ਅਤੇ ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਨ੍ਹਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਯੂਕਰੇਨ ਉਪਰ ਲਗਾਤਾਰ ਬੰਬ ਬਾਰੀ ਹੋ ਰਹੀ ਹੈ ਅਤੇ ਰੂਸ ਵਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ ਹਨ ਉਥੇ ਹੀ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਕ੍ਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ।ਓਧਰ ਯੂਕਰੇਨ ਵਿੱਚ ਫਸੇ ਜ਼ਿਲ੍ਹਾ ਮੋਗਾ ਨਾਲ ਸਬੰਧਤ ਵਿਦਿਆਰਥੀਆਂ ਅਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦੋ ਹੈਲਪਲਾਈਨ ਨੰਬਰ 7696858632,8360722884 ਸਥਾਪਤ ਕੀਤੇ ਗਏ ਹਨ ਤਾਂ ਜੋ ਅਜਿਹੇ ਵਿਅਕਤੀਆਂ ਦੀ ਜਾਣਕਾਰੀ ਰਾਜ ਸਰਕਾਰ ਰਾਹੀਂ ਸਬੰਧਤ ਅਧਿਕਾਰੀਆਂ ਨੂੰ ਭੇਜੀ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਸ੍ਰ ਹਰਚਰਨ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਮੋਗਾ ਨਾਲ ਸਬੰਧਤ ਯੂਕਰੇਨ ਵਿੱਚ ਫਸੇ ਹੋਏ ਵਿਅਕਤੀਆਂ ਦੀ ਸੂਚਨਾ ਇਸ ਲਈ ਇਕੱਤਰ ਕੀਤੀ ਜਾ ਰਹੀ ਹੈ ਤਾਂ ਜੋ ਇਹ ਸੂਚਨਾ ਮੰਗੇ ਜਾਣ ਤੇ ਰਾਜ ਸਰਕਾਰ ਰਾਹੀਂ ਵਿਦੇਸ਼ ਮੰਤਰਾਲੇ ਨੂੰ ਸਮੇਂ ਸਿਰ ਮੁਹੱਈਆ ਕਰਵਾਈ ਜਾ ਸਕੇ।
ਉਹਨਾਂ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਮੋਗਾ ਨਾਲ ਸਬੰਧਤ ਜਿਹੜ੍ਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰ ਯੂਕਰੇਨ ਵਿੱਚ ਫਸੇ ਹਨ ਉਹ ਤੁਰੰਤ ਸੂਚਨਾ ਮੁਹੱਈਆ ਕਰਵਾਉਣ ਅਤੇ ਇਸ ਸੂਚਨਾ ਵਿੱਚ ਯੂਕਰੇਨ ਗਏ ਵਿਅਕਤੀ ਦਾ ਨਾਮ, ਪਿਤਾ ਦਾ ਨਾਮ, ਪਾਸਪੋਰਟ ਨੰਬਰ, ਯੂਨੀਵਰਸਿਟੀ/ਕਾਲਜ ਦਾ ਨਾਮ, ਯੂਕਰੇਨ ਵਿੱਚ ਉਨਾਂ ਦੇ ਰਿਹਾਇਸ਼ ਦਾ ਪਤਾ ਆਦਿ ਸਮੇਤ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾਵੇ।