ਲੋੜਵੰਦ ਅੰਗਹੀਣ ਔਰਤ ਨੂੰ ਦਿੱਤਾ ਟਰਾਈਸਾਈਕਲ, ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹੁਣ ਤੱਕ 93 ਲੋੜਵੰਦਾਂ ਨੂੰ ਦਿੱਤੇ ਟਰਾਈਸਾਈਕਲ - ਲੂੰਬਾ
ਮੋਗਾ 23 ਫਰਵਰੀ (ਜਸ਼ਨ) : ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਵੈਨਕੂਵਰ ਨਿਵਾਸੀ ਨਵਤੇਜ ਸਿੰਘ ਸਰੋਆ ਦੀ ਸਹਾਇਤਾ ਨਾਲ ਪਿੰਡ ਨੱਥੂਵਾਲਾ ਜਦੀਦ ਦੀ ਇੱਕ ਲੋੜਵੰਦ ਅੰਗਹੀਣ ਔਰਤ ਕਰਮਜੀਤ ਕੌਰ ਨੂੰ ਇੱਕ ਟ੍ਰਾਈਸਾਈਕਲ ਦਿੱਤਾ ਗਿਆ। ਜਿਕਰਯੋਗ ਹੈ ਕਿ ਇਹ ਔਰਤ ਜਨਮ ਤੋਂ ਹੀ ਪੋਲੀਓ ਦੀ ਬਿਮਾਰੀ ਦੀ ਸ਼ਿਕਾਰ ਹੈ ਅਤੇ ਦੋਨੋਂ ਲੱਤਾਂ ਖਰਾਬ ਹੋਣ ਕਾਰਨ ਚੱਲਣ ਫਿਰਨ ਤੋਂ ਅਸਮਰੱਥ ਹੈ। ਇਸ ਨੂੰ ਕੁੱਝ ਸਾਲ ਪਹਿਲਾਂ ਵੀ ਸੰਸਥਾ ਵੱਲੋਂ ਟ੍ਰਾਈਸਾਈਕਲ ਦਿੱਤਾ ਗਿਆ ਸੀ ਪਰ ਉਹ ਹੁਣ ਖਰਾਬ ਹੋ ਚੁੱਕਾ ਸੀ, ਜਿਸ ਕਾਰਨ ਉਸ ਨੂੰ ਦੁਬਾਰਾ ਟ੍ਰਾਈਸਾਈਕਲ ਦੀ ਜਰੂਰਤ ਸੀ ਤੇ ਉਸ ਵੱਲੋਂ ਇੱਕ ਮਹੀਨਾ ਪਹਿਲਾਂ ਟ੍ਰਾਈਸਾਈਕਲ ਦੇਣ ਦੀ ਬੇਨਤੀ ਕੀਤੀ ਸੀ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਉਕਤ ਔਰਤ ਨੂੰ ਟ੍ਰਾਈਸਾਈਕਲ ਭੇਂਟ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਹੁਣ ਤੱਕ ਦਾਨੀ ਸੱਜਣਾਂ ਦੇ ਸਹਿਯੋਗ ਨਾਲ 93 ਟ੍ਰਾਈਸਾਈਕਲ ਦਿੱਤੇ ਜਾ ਚੁੱਕੇ ਹਨ ਅਤੇ ਹਾਲੇ ਵੀ ਸੰਸਥਾ ਕੋਲ 5 ਜਰੂਰਤਮੰਦ ਲੋਕਾਂ ਦੀਆਂ ਐਪਲੀਕੇਸ਼ਨਾਂ ਪੈਂਡਿੰਗ ਪਈਆਂ ਹਨ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਟ੍ਰਾਈਸਾਈਕਲ ਦਿੱਤੇ ਜਾਣਗੇ। ਉਹਨਾਂ ਮੂਲ ਰੂਪ ਵਿੱਚ ਜਲਾਲਾਬਾਦ ਈਸਟ ਦੇ ਨਿਵਾਸੀ ਅਤੇ ਅੱਜਕਲ ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਰਹਿ ਰਹੇ ਨਵਤੇਜ ਸਿੰਘ ਸਰੋਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਦਾਨੀ ਸੱਜਣ ਹੀ ਲੋੜਵੰਦਾਂ ਲਈ ਰੱਬ ਬਣਕੇ ਬਹੁੜਦੇ ਹਨ ਤੇ ਸਾਡੀ ਸੰਸਥਾ ਦਾਨੀ ਸੱਜਣਾਂ ਦੇ ਇੱਕ ਇੱਕ ਪੈਸੇ ਦਾ ਸਦਉਪਯੋਗ ਕਰਕੇ ਲੋੜਵੰਦਾਂ ਨੂੰ ਲਾਭ ਪਹੁੰਚਾਉਦੀ ਹੈ। ਇਸ ਮੌਕੇ ਉਕਤ ਤੋਂ ਇਲਾਵਾ ਐੱਨ ਜੀ ਓ ਮੈਂਬਰ ਜਸਵੰਤ ਸਿੰਘ ਪੁਰਾਣੇਵਾਲਾ, ਦਵਿੰਦਰ ਸਿੰਘ ਮਹਿਣਾ ਅਤੇ ਕਰਮਜੀਤ ਕੌਰ ਦੇ ਪਰਿਵਾਰਕ ਮੈਂਬਰ ਹਾਜਰ ਸਨ।