ਸ਼੍ਰੋਮਣੀ ਅਕਾਲੀ ਦਲ ਨੇ ਵਿਧਾਇਕ ਜੋਗਿੰਦਰਪਾਲ ਜੈਨ ਅਤੇ ਉਹਨਾਂ ਦੇ ਪੁੱਤਰ ਸਾਬਕਾ ਮੇਅਰ ਅਕਸ਼ਿਤ ਜੈਨ ਨੂੰ ਕੀਤਾ ਪਾਰਟੀ ਤੋਂ ਬਾਹਰ

ਮੋਗਾ, 22 ਫਰਵਰੀ (ਜਸ਼ਨ) : 20 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਲਈ ਹੋਏ ਮਤਦਾਨ ਦੌਰਾਨ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਹਿੱਸਾ ਲੈਣ ਵਾਲੇ ਸ਼ੋ੍ਰਮਣੀ ਅਕਾਲੀ ਦਲ ਦੇ ਕੁਝ ਆਗੂਆਂ ਖਿਲਾਫ਼ ਸਖਤ ਫੈਸਲਾ ਲੈਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਮੋਗਾ ਇਕਾਈ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਅਗਵਾਈ ਵਿਚ ਜੱਥੇਦਾਰ ਤੋਤਾ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ । ਪ੍ਰੈਸ ਕਾਨਫਰੰਸ ਦੌਰਾਨ ਬਰਜਿੰਦਰ ਸਿੰਘ ਮੱਖਣ ਬਰਾੜ, ਕੌਂਸਲਰ ਪ੍ਰੇਮ ਚੰਦ ਚੱਕੀ ਵਾਲੇ, ਸਾਬਕਾ ਕੌਂਸਲਰ ਦੀਪਇੰਦਰ ਸਿੰਘ ਸੰਧੂ, ਕੌਂਸਲਰ ਗੌਰਵ ਗੁੱਡੂ ਅਤੇ ਜੋਗੀ ਘਈ (ਮੈਜਿਸਟਿਕ ਰਿਜ਼ੋਰਟ) ਆਦਿ ਆਗੂ ਹਾਜ਼ਰ ਸਨ। ਇਸ ਮੌਕੇ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਆਖਿਆ ਕਿ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਸ਼ੋ੍ਰਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਵਿਰੋਧੀ ਧਿਰ ਨਾਲ ਰਲ ਕੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਬੱਜਰ ਗਲਤੀ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਖ਼ਤ  ਫੈਸਲਾ ਲਿਆ ਹੈ। ਉਹਨਾਂ ਆਖਿਆ ਕਿ ਪਾਰਟੀ ਪ੍ਰਧਾਨ ਮੁਤਾਬਕ ਜਿਹਨਾਂ ਕੁਝ ਆਗੂਆਂ ਨੇ ਪਾਰਟੀ ਖਿਲਾਫ਼ ਗਤੀਵਿਧੀਆਂ ਵਿਚ ਹਿੱਸਾ ਲਿਆ ਹੈ ਉਹਨਾਂ ਲਈ ਸ਼੍ਰੋਮਣੀ ਅਕਾਲੀ ਦਲ ਵਿਚ ਕੋਈ ਸਥਾਨ ਨਹੀਂ ਹੈ ਜਦਕਿ ਜਿਹਨਾਂ ਨੇ ਪਾਰਟੀ ਦੀ ਮਦਦ ਕੀਤੀ ਹੈ ਉਹਨਾਂ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਦਿੱਤਾ ਜਾਵੇਗਾ। 

ਸ. ਮਾਹਲਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ’ਤੇ ਪਾਰਟੀ ਨਾਲ ਗਦਾਰੀ ਕਰਨ ਵਾਲੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ, ਉਹਨਾਂ ਦੇ ਸਪੁੱਤਰ ਅਕਸ਼ਿਤ  ਜੈਨ ਸਾਬਕਾ ਮੇਅਰ ,ਡਾ ਸ਼ਰਨਪ੍ਰੀਤ ਸਿੰਘ ਮਿੱਕੀ ਗਿੱਲ, ਨਿਹਾਲ ਸਿੰਘ ਵਾਲਾ ਤੋਂ ਜਗਦੀਪ ਸਿੰਘ ਗਟਰਾ ਸਾਬਕਾ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ,ਪ੍ਰਗਟ ਸਿੰਘ ਕੋਰੇਵਾਲਾ ਸਾਬਕਾ ਵਾਈਸ ਪ੍ਰਧਾਨ ਯੂਥ ਅਕਾਲੀ ਜਿਲ੍ਹਾ ਮੋਗਾ,ਵੀਰਭਾਨ ਦਾਨਵ ਸਾਬਕਾ ਕੌਂਸਲਰ ਮੋਗਾ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ’ਤੇ ਪਾਰਟੀ ਤੋਂ ਬਾਹਰ ਕੀਤਾ ਗਿਆ  ਹੈ।     
‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਦੱਸਿਆ ਕਿ ਹਲਕਾ ਮੋਗਾ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਮੋਗਾ ਵਿਖੇ ਇਹਨਾਂ ਆਗੂਆਂ ਨੂੰ ਅਤੇ ਉਹਨਾਂ ਖੁਦ ਜਗਦੀਪ ਸਿੰਘ ਗਟਰਾ ਨੂੰ ਵੋਟਾਂ ਵਾਲੇ ਦਿਨ ਅੱਖੀਂ ਦੇਖਿਆ ਕਿ ਉਹ ਵਿਰੋਧੀ ਧਿਰ ਨਾਲ ਸਾਜਬਾਜ ਹੋ ਕੇ ਸ਼ੋ੍ਰਮਣੀ ਅਕਾਲੀ ਦਲ ਨਾਲ ਗਦਾਰੀ ਕਰ ਰਹੇ ਹਨ । ਉਹਨਾਂ ਦੱਸਿਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਭਾਗ ਲੈਣ ਵਾਲੇ ਉਕਤ ਆਗੂਆਂ ਬਾਰੇ ਉਹਨਾਂ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿਚ ਲਿਆਂਦਾ ਤਾਂ ਉਹਨਾਂ ਦੀਆਂ ਹਦਾਇਤਾਂ ਮੁਤਾਬਕ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ  ਇਹ ਉਹਨਾਂ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ ਕਿ ਜੇ ਕੋਈ ਵੀ ਪਾਰਟੀ ਵਰਕਰ ਪਾਰਟੀ ਦੇ ਵਿਚ ਰਹਿ ਕੇ ਪਾਰਟੀ ਨਾਲ ਗਦਾਰੀ ਕਰਦਾ ਹੈ ਤਾਂ ਉਸ ਨੂੰ ਪਾਰਟੀ ਵਿਚੋਂ ਬਾਹਰ ਕੀਤਾ ਜਾ ਸਕਦਾ ਹੈ ਅਤੇ ਇਸੇ ਲਾਈਨ ਆਫ਼ ਐਕਸ਼ਨ ਮੁਤਾਬਕ ਅੱਜ ਦੀ ਇਹ ਕਾਰਵਾਈ ਕੀਤੀ ਗਈ ਹੈ। 
ਜ਼ਿਕਰਯੋਗ ਹੈ ਕਿ ਜਦੋਂ 20 ਫਰਵਰੀ ਨੂੰ ਸ਼ੋ੍ਰਮਣੀ ਅਕਾਲੀ ਦਲ ਦਾ ਆਪਣੇ ਹੀ ਪਾਰਟੀ ਆਗੂਆਂ ਨਾਲ ਡੀ ਐੱਮ ਕਾਲਜ ਦੇ ਬਾਹਰ ਤਲਖਕਲਾਮੀਂ ਹੋ ਗਈ ਸੀ ਤਾਂ ਇਸ ਗਾਲੀ ਗਲੋਚ ਵਿਚ ਇਕ ਪਾਸੇ ਸਾਬਕਾ ਮੇਅਰ ਅਕਸ਼ਿਤ ਜੈਨ ਖੜ੍ਹੇ ਸਨ ਅਤੇ ਦੂਜੇ ਪਾਸੇ ਮੱਖਣ ਬਰਾੜ ਖੁਦ ਅਤੇ ਉਹਨਾਂ ਦੇ ਸਮਰਥਕ ਹਾਜ਼ਰ ਸਨ। ਇਸ ਘਟਨਾਕ੍ਰਮ ਤੋਂ ਬਾਅਦ ਜਦੋਂ ਅਕਸ਼ਿਤ ਜੈਨ ਤੋਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੇ ਘਟਨਾ ਸਬੰਧੀ ਜਾਣਕਾਰੀ ਲਈ ਤਾਂ ਉਹਨਾਂ ਦੱਸਿਆ ਕਿ ਉਹ ਪਾਰਟੀ ਵਿਰੋਧੀ ਕਿਸੇ ਵੀ ਗਤੀਵਿਧੀ ਵਿਚ ਸ਼ਾਮਲ ਨਹੀਂ ਸਨ , ਉਹ ਤਾਂ ਸ਼ਿਸ਼ਟਾਚਾਰ ਵਜੋਂ ਹੀ ਕਾਂਗਰਸੀ ਆਗੂਆਂ ਨਾਲ ਖੜ੍ਹੇ ਗੱਲਾਂ ਕਰ ਰਹੇ ਸਨ ਅਤੇ ਉਸ ਸਮੇਂ ਮੱਖਣ ਬਰਾੜ ਅਤੇ ਉਹਨਾਂ ਦੇ ਸਮਰਥਕ ਆ ਕੇ ਉਹਨਾਂ ਨੂੰ ਗਾਲਾਂ ਕੱਢਣ ਲੱਗ ਗਏ। ਉਹਨਾਂ ਸਪੱਸ਼ਟ ਕਿਹਾ ਕਿ ਵੋਟਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਪਰ ਆਪਾਂ ਇਕ ਦੂਜੇ ਦਾ ਸਤਿਕਾਰ ਕਾਇਮ ਰੱਖਦਿਆਂ ਜੇਕਰ ਇਕ ਦੂਜੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਇਸ ਤੋਂ ਪਾਰਟੀ ਵਿਰੋਧੀ ਸਮਝਣਾ ਜਾਇਜ਼ ਨਹੀਂ। ਸਾਬਕਾ ਮੇਅਰ ਅਕਸ਼ਿਤ ਜੈਨ ਨੇ ਆਖਿਆ ਕਿ ਉਹ ਪਹਿਲਾਂ ਵੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਖੜ੍ਹੇ ਸਨ ਅਤੇ ਹਮੇਸ਼ਾ ਸੁਖਬੀਰ ਬਾਦਲ ਨਾਲ ਹੀ ਖੜ੍ਹੇ ਰਹਿਣਗੇ। ਅਕਸ਼ਿਤ ਜੈਨ ਨੇ ਆਖਿਆ ਕਿ ਸਾਰਾ ਮੋਗਾ ਜਾਣਦਾ ਹੈ ਕਿ ਜਦੋਂ ਉਹ ਮੇਅਰ ਬਣੇ ਸਨ ਤਾਂ ਜਥੇਦਾਰਾਂ ਦੇ ਇਸ਼ਾਰੇ ’ਤੇ  ਉਹਨਾਂ ਵੱਲੋਂ ਸ਼ਹਿਰ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਵਿਚ ਹਮੇਸ਼ਾ ਰੋੜਾ ਅਟਕਾਈ ਰੱਖਿਆ ਤੇ ਇੰਜ ਮੱਖਣ ਬਰਾੜ ਨੇ ਮੋਗਾ ਵਾਸੀਆਂ ਨਾਲ ਧ੍ਰੋਹ ਕਮਾਇਆ ਤੇ ਇਸ ਦੇ ਬਾਵਜੂਦ ਉਹਨਾਂ ਸ਼ੋ੍ਰਮਣੀ ਅਕਾਲੀ ਦਲ ਦੇ ਹਿਤਾਂ ਲਈ ਮੱਖਣ ਬਰਾੜ ਦੀ ਚੋਣ ਪ੍ਰਚਾਰ ਮੁਹਿੰਮ ਵਿਚ ਹਿੱਸਾ ਲਿਆ ਪਰ ਹੈਰਾਨ ਹਨ ਕਿ ਹਮਾਇਤ ਦੇ ਬਾਵਜੂਦ ਅੱਜ ਉਹਨਾਂ ਦੇ ਪਰਿਵਾਰ ਨੂੰ ਇਹ ਸਿਲਾ ਦਿੱਤਾ ਗਿਆ ਹੈ। 
ਇਹ ਵੀ ਜ਼ਿਕਰਯੋਗ ਹੈ ਕਿ ਜੋਗਿੰਦਰਪਾਲ ਜੈਨ ਦਾ ਸ਼ਹਿਰ ਵਿਚ ਵੱਡਾ ਜਨਤਕ ਆਧਾਰ ਹੈ ਉੱਥੇ ਉਹ 2012 ਵਿਚ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਚੁਣੇ ਗਏ ਸਨ ਪਰ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਬਣਨ ’ਤੇ ਉਹਨਾਂ ਕਾਂਗਰਸ ਤੋਂ ਅਤੇ ਵਿਧਾਇਕ ਪਦ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ। ਮੋਗਾ ਵਿਚ ਦੁਬਾਰਾ ਹੋਈ ਜ਼ਿਮਨੀ ਚੋਣ ਦੌਰਾਨ ਜੈਨ ਆਪਣੇ ਵਿਰੋਧੀ ਵਿਜੇ ਸਾਥੀ ਨੂੰ ਹਰਾ ਕੇ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਧਾਇਕ ਚੁਣੇ ਗਏ ਸਨ। ਇਹ ਵੀ ਵਰਣਨਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ  ਧਨੰਤਰ ਆਗੂਆਂ ਵੱਲੋਂ ਜੈਨ ਖਿਲਾਫ਼ ਚਲਾਈ ਚੋਣ ਪ੍ਰਚਾਰ ਮੁਹਿੰਮ ਦੇ ਬਾਵਜੂਦ ਜੋਗਿੰਦਰਪਾਲ ਜੈਨ ਚੋਣ ਜਿੱਤੇ ਸਨ ਪਰ 2017 ਦੌਰਾਨ ਉਹਨਾਂ ਦੀ ਸਿਹਤ ਨਾਸਾਜ਼ ਹੋਣ ਕਰਕੇ ਉਹਨਾਂ ਆਪਣੀਆਂ ਸਿਆਸੀ ਸਰਗਰਮੀਆਂ ਘਟਾਅ ਦਿੱਤੀਆਂ ਸਨ।