ਫਿਲਮ ਅਦਾਕਾਰ ਸੋਨੂੰ ਸੂਦ ਖਿਲਾਫ਼ ਮਾਮਲਾ ਦਰਜ,ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਦੀ ਗੱਡੀ ਵੀ ਕੀਤੀ ਜ਼ਬਤ

Tags: 

ਮੋਗਾ, 21 ਫਰਵਰੀ (ਜਸ਼ਨ): ਪੰਜਾਬ ਵਿਧਾਨ ਚੋਣਾਂ ਲਈ ਕੱਲ ਹੋਏ ਮਤਦਾਨ ਦੌਰਾਨ ਮੋਗਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਫਿਲਮ ਅਦਾਕਾਰ ਸੋਨੂੰ ਸੂਦ ’ਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਅਤੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ਾਂ ਤਹਿਤ, ਮੋਗਾ ਦੇ ਥਾਣਾ ਸਿਟੀ-1, ਵਿਚ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਐੱਫ ਆਈ ਆਰ ਮੁਤਾਬਕ ਬੇਸ਼ੱਕ ਸੋਨੂੰ ਸੂਦ ਪੁੱਤਰ ਸ਼ਕਤੀ ਸਾਗਰ ਸੂਦ , ਦੁਸ਼ਹਿਰਾ ਗਰਾਂਊਂਡ ਰੋਡ ਮੋਗਾ ਦਾ ਵਾਸੀ ਹੈ ਪਰ ਉਸ ਕੋਲ ਆਧਾਰ ਕਾਰਡ ਵਿਚ ਐਡਰੈੱਸ ਮੁੰਬਈ ਦਾ ਲਿਖਿਆ ਹੋਇਆ ਹੈ । ਐੱਫ ਆਈ ਆਰ ਵਿਚ ਇਹ ਵੀ ਦਰਜ ਹੈ ਕਿ ਸੋਨੂੰ ਸੂਦ ਲੰਢੇਕੇ ਇਲਾਕੇ ਵਿਚ ਆਪਣੀ ਭੈਣ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਿਹਾ ਸੀ ਅਤੇ ਇੰਜ ਉਸ ਨੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੱਲ ਦੁਪਹਿਰ ਸਮੇਂ ਸੋਨੂੰ ਸੂਦ ਨੂੰ ਚੋਣ ਅਬਜ਼ਰਬਰ ਨੇ ਪਿੰਡ ਲੰਢੇਕੇ ਦੇ ਬੂਥ ’ਤੇ ਰੋਕ ਲਿਆ ਸੀ ਅਤੇ ਉਹਨਾਂ ਦੀ ਗੱਡੀ ਨੂੰ ਜ਼ਬਤ ਕਰਦਿਆਂ ਮੋਗਾ ਦੇ ਥਾਣਾ ਸਿਟੀ-1 ਵਿਚ ਲਿਜਾਇਆ ਗਿਆ ਜਦਕਿ ਸੋਨੂੰ ਸੂਦ ਨੂੰ ਇਕ ਹੋਰ ਗੱਡੀ ਰਾਹੀਂ ਉਸ ਦੇ ਘਰ ‘ਚ ਪਹੁੰਚਾ ਕੇ ਘਰ ਦੇ ਬਾਹਰ ਫੋਰਸ ਲਗਾ ਦਿੱਤੀ ਗਈ ਤਾਂ ਕਿ ਵੋਟ ਪਰਿਕਿਰਿਆ ਖਤਮ ਹੋਣ ਤੱਕ ਸੋਨੂੰ ਸੂਦ ਆਪਣੇ ਘਰ ਤੋਂ ਬਾਹਰ ਜਾ ਕੇ ਲੋਕਾਂ ਨੂੰ ਆਪਣੀ ਭੈਣ ਦਾ ਹੱਕ ਵਿਚ ਪ੍ਰਭਾਵਿਤ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਨਾ ਕਰ ਸਕੇ।
ਵਰਨਣਯੋਗ ਹੈ ਕਿ ਮੋਗਾ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਚੋਣ ਏਜੰਟ ਵੱਲੋਂ 19 ਫਰਵਰੀ ਨੂੰ ਮੋਗਾ ਦੇ ਰਿਟਰਨਿੰਗ ਅਫਸਰ ਨੂੰ ਲਿਖਤੀ ਸ਼ਿਕਾਇਤ ਕਰਕੇ ਸ਼ੰਕਾਂ ਜਤਾਈ ਗਈ ਸੀ ਕਿ ਹਲਕਾ ਮੋਗਾ ਤੋਂ ਕਾਂਗਰਸ ਦੀ ਉਮੀਦਵਾਰ ਮਾਲਵਿਕਾ ਸੂਦ ਦੇ ਭਰਾ ਅਦਾਕਾਰ ਸੋਨੂੰ ਸੂਦ ਵੱਲੋਂ ਵੋਟਾਂ ਵਾਲੇ ਦਿਨ ਹਲਕੇ ਦੇ ਵੱਖ ਵੱਖ ਬੂਥਾਂ ’ਤੇ ਜਾ ਕੇ ਵੋਟਰਾਂ ਨੂੰ ਗੁਮਰਾਹ ਕਰਨ ਦਾ ਖਦਸ਼ਾ ਹੈ ਇਸ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਅਧਿਕਾਰੀਆਂ ਨੇ ਸੋਨੂੰ ਸੂਦ ਨੂੰ ਚੋਣ ਜ਼ਾਬਤੇ ਦਾ ਸਤਿਕਾਰ ਕਰਨ ਲਈ ਆਖਿਆ ਸੀ ਅਤੇ ਘਰ ਤੋਂ ਬਾਹਰ ਨਾ ਜਾਣ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਜਦੋਂ ਕੱਲ ਦੁਪਹਿਰ ਸਮੇਂ ਸੋਨੂੰ ਸੂਦ ਆਪਣੀ ਗੱਡੀ ਵਿਚ ਸਵਾਰ ਹੋ ਕੇ ਅਮਿ੍ਰਤਸਰ ਰੋਡ ’ਤੇ ਬਣੇ ਪੋਲਿੰਗ ਬੂਥ ’ਤੇ ਪਹੁੰਚਿਆ ਤਾਂ ਅਕਾਲੀ ਦਲ ਦੇ ਸ਼ਿਕਾਇਤਕਰਤਾ ਪੋਲਿੰਗ ਏਜੰਟ ਨੇ ਤੁਰੰਤ ਚੋਣ ਅਬਜ਼ਰਬਰ ਨੂੰ ਫ਼ੋਨ ’ਤੇ ਸੂਚਿਤ ਕੀਤਾ ਜਿਸ ’ਤੇ ਕਾਰਵਾਈ ਕਰਦਿਆਂ ਇਲੈਕਸ਼ਨ ਅਬਜ਼ਰਬਰ ਨੇ ਪਿੰਡ ਲੰਢੇਕੇ ਦੇ ਬੂਥ ’ਤੇ ਪੁਲਿਸ ਫੋਰਸ ਸਮੇਤ ਸੋਨੂੰ ਸੂਦ ਨੂੰ ਘੇਰ ਲਿਆ ਅਤੇ ਕਾਫ਼ੀ ਦੇਰ ਦੀ ਗੱਲਬਾਤ ਬਾਅਦ ਸੋਨੂੰ ਨੂੰ ਉਸ ਦੇ ਘਰ ਭੇਜ ਦਿੱਤਾ ਗਿਆ ਜਦਕਿ ਉਸ ਦੀ ਗੱਡੀ ਸਿਟੀ  1 ਥਾਣੇ ਵਿਚ ਬੰਦ ਕਰ ਦਿੱਤੀ ਗਈ। ਇਸ ਸਬੰਧੀ ਡੀ ਐੱਸ ਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਹਲਕਾ ਅਬਜ਼ਰਬਰ ਦੀ ਹਦਾਇਤ ’ਤੇ ਪੁਲਿਸ ਨੇ ਕਾਲੇ ਰੰਗ ਦੀ ਅੰਡੈਵਰ ਗੱਡੀ ਕਬਜ਼ੇ ਵਿਚ ਲਈ ਹੈ ਜੋ ਕਿ ਸੋਨੂੰ ਸੂਦ ਦੇ ਦੋਸਤ ਦੀ ਦੱਸੀ ਜਾ ਰਹੀ ਹੈ।
ਐੱਸ ਡੀ ਐੱਮ ਸਤਵੰਤ ਸਿੰਘ ਨੇ ਆਖਿਆ ਕਿ ਸੋਨੂੰ ਸੂਦ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਕੀਤੀ ਗਈ ਸੀ ਪਰ ਉਹ ਬਾਹਰ ਘੁੰਮ ਰਿਹਾ ਸੀ ਪਰ ਦੁਪਹਿਰ ਸਮੇਂ ਉਸ ਨੂੰ ਘਰ ਭੇਜ ਦਿੱਤਾ ਗਿਆ ਅਤੇ ਉਸ ਦੀ ਨਿਗਰਾਨੀ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ।
ਅਕਾਲੀ ਦਲ ਵੱਲੋਂ ਦੋਸ਼ ਲਗਾਇਆ ਗਿਆ ਕਿ ਬੇਸ਼ੱਕ ਸੋਨੂੰ ਸੂਦ ਮੂਲ ਰੂਪ ਵਿਚ ਮੋਗਾ ਵਾਸੀ ਹੈ ਪਰ ਪੋਲਿੰਗ ਬੂਥਾਂ ਉੱਤੇ ਜਾ ਕੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਘੋਰ ਉਲੰਘਣਾ ਵੀ ਹੈ ਅਤੇ ਕਾਨੂੰਨੀ ਅਪਰਾਧ ਵੀ।  
ਡੀ ਐੱਸ ਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਮੁਤਾਬਕ ਖਬਰ ਲਿਖੇ ਜਾਣ ਤੱਕ ਸੋਨੂੰ ਸੂਦ ਦੀ ਗੱਡੀ ਪੁਲਿਸ ਦੇ ਕਬਜ਼ੇ ਵਿਚ ਹੀ ਹੈ ।
ਸੋਨੂੰ ਸੂਦ ਦਾ ਆਖਣਾ ਹੈ ਕਿ ਉਸ ਨੂੰ ਇਹ ਸੂਚਨਾ ਮਿਲੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ, ਬਰਜਿੰਦਰ ਸਿੰਘ ਮੱਖਣ ਬਰਾੜ, ਕਾਂਗਰਸ ਦੇ ਹਿਮਾਇਤੀਆਂ ਨੂੰ ਧਮਕਾ ਰਹੇ ਹਨ, ਇਸ ਕਰਕੇ ਉਹ ਲੰਢੇ ਕੇ ਵਿਖੇ ਗਏ। ਓਧਰ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਲਖਵੀਰ ਸਿੰਘ ਪ੍ਰਿੰਸ ਗੈਦੂ ਦਾ ਆਖਣਾ ਹੈ ਕਿ ਸਿਸਟਮ ਵਿਚ ਬਦਲਾਅ  ਲਿਆਉਣ  ਦੇ ਦਾਅਵੇ ਕਾਰਨ ਵਾਲੇ ਸੋਨੂੰ ਸੂਦ ਤੋਂ ਪੰਜਾਬੀਆਂ ਨੂੰ ਇਹ ਆਸ ਬਿਲਕੁਲ ਨਹੀਂ ਸੀ ਕਿ ਉਹ ਖੁਦ ਕਾਨੂੰਨ ਜਾਂ ਪ੍ਰਸ਼ਾਸਨ ਦੀ ਹੁਕਮ ਅਦੂਲੀ ਕਰਨਗੇ।