ਵੋਟਰਾਂ ਨੇ ਉਮੀਦਵਾਰਾਂ ਦੀ ਕਿਸਮਤ ਈਵੀਐਮ ਮਸ਼ੀਨਾਂ ਚ ਕੀਤੀ ਬੰਦ
ਮੋਗਾ/ਕਿਸ਼ਨਪੁਰਾ ਕਲਾਂ , 20 ਫਰਵਰੀ (ਨਛੱਤਰ ਸਿੰਘ ਭੱਟੀ): ਅੱਜ ਵਿਧਾਨ ਸਭਾ ਹਲਕਾ ਧਰਮਕੋਟ ਅਧੀਨ ਆਉਂਦੇ ਪਿੰਡਾਂ ਕਿਸ਼ਨਪੁਰਾ ਕਲਾਂ, ਇੰਦਰਗਡ਼੍ਹ , ਕਿਸ਼ਨਪੁਰਾ ਖੁਰਦ, ਦਾਇਆ ਕਲਾਂ,ਤਲਵੰਡੀ ਮੱਲ੍ਹੀਆਂ, ਕੋਕਰੀ ਬੁੱਟਰਾਂ, ਵਹਿਣੀਵਾਲ, ਭਿੰਡਰ ਕਲਾਂ, ਭਿੰਡਰ ਖੁਰਦ ਆਦਿ ਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ।ਉਕਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਇਨ੍ਹਾਂ ਚੋਣਾਂ ਨੂੰ ਲੈ ਕੇ ਵੋਟਰਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ । ਜਿੱਥੇ ਵੱਖ ਵੱਖ ਪਾਰਟੀ ਦੇ ਸਮਰਥਕ ਆਪਣੀ ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਵੋਟਰਾਂ ਨੂੰ ਭੁਗਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਂਦੇ ਨਜ਼ਰ ਆਏ ਉਥੇ ਵੱਡੀ ਉਮਰ ਦੇ ਬਜ਼ੁਰਗਾਂ ਨੇ ਵੀ ਅਗਲੀ ਸਰਕਾਰ ਬਣਾਉਣ ਲਈ ਆਪਣੇ ਹੱਕ ਦਾ ਇਸਤੇਮਾਲ ਕੀਤਾ । ਚੋਣਾਂ ਦੇ ਆਖ਼ਰੀ ਸਮੇਂ ਤਕ ਕੁਝ ਕੁ ਪਿੰਡਾਂ ਚ ਵੋਟਿੰਗ ਮਸ਼ੀਨਾਂ ਦੀ ਰਫ਼ਤਾਰ ਮੱਠੀ ਹੋਣ ਕਰ ਕੇ ਬੂਥਾਂ ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਦੇਖੀਆਂ ਗਈਆਂ । ਇਸ ਕੀਤੇ ਸਰਵੇ ਅਨੁਸਾਰ ਹਲਕਾ ਧਰਮਕੋਟ ਦੇ ਉਕਤ ਪਿੰਡਾਂ ਚੋਂ 5 ਵਜੇ ਤੱਕ 68 ਫੀਸਦੀ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ ਉਮੀਦਵਾਰਾਂ ਦੀ ਕਿਸਮਤ ਈ ਵੀ ਐੱਮ ਮਸ਼ੀਨਾਂ ਚ ਬੰਦ ਕਰ ਦਿੱਤੀ