ਮਾਲਵਿਕਾ ਸੂਦ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਕੱਢਿਆ ਰੋਡ ਸ਼ੋਅ
ਮੋਗਾ, 18 ਫਰਵਰੀ (ਜਸ਼ਨ): ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਦੀ ਉਮੀਦਵਾਰ ਮਾਲਵਿਕਾ ਸੂਦ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਰੋਡ ਸ਼ੋਅ ਦਾ ਆਯੋਜਨ ਕੀਤਾ। ਮੋਗਾ ਸ਼ਹਿਰ ‘ਚ ਕੱਢੇ ਇਸ ਰੋਡ ਸ਼ੋਅ ਵਿੱਚ ਉਹਨਾਂ ਨਾਲ ਪਾਰਟੀ ਵਰਕਰ, ਸਮਰਥਕ ਅਤੇ ਹਮਾਇਤੀ ਹਾਜ਼ਰ ਸਨ। ਨਵੀਂ ਦਾਣਾ ਮੰਡੀ ਤੋਂ ਰੈਲੀ ਆਰੰਭਤਾ ਹੋਈ। ਕਾਂਗਰਸੀ ਵਰਕਰ ਆਪਣੇ ਆਪਣੇ ਵਾਹਨਾਂ ਵਿਚ ਸਵਾਰ ਹੋ ਕੇ ਰੋਡ ਸ਼ੋਅ ਦਾ ਹਿੱਸਾ ਬਣੇ। ਮਾਲਵਿਕਾ ਸੂਦ ਨਾਲ ਉਹਨਾਂ ਦੇ ਭਰਾ ਸੋਨੂੰ ਸੂਦ, ਕਾਂਗਰਸ ਪਾਰਟੀ ਦੇ ਆਗੂ, ਐਮ.ਸੀ., ਸਰਪੰਚ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ। ਰੋਡ ਸ਼ੋਅ ਨਵੀਂ ਦਾਣਾ ਮੰਡੀ ਤੋਂ ਸੁਰੂ ਹੋਇਆ ਅਤੇ ਗੋਬਿੰਦਗੜ੍ਹ ਬਸਤੀ ਮੇਨ ਰੋਡ, ਗਲੀ ਨੰਬਰ 9 ਤੋਂ ਸੈਕਰਡ ਹਾਰਟ ਸਕੂਲ , ਦੁਸਾਂਝ ਰੋਡ ਤੋਂ ਜੀ.ਟੀ. ਰੋਡ, ਕੋਟਕਪੂਰਾ ਬਾਈਪਾਸ ਯੂ ਟਰਨ, ਅਕਾਲਸਰ ਰੋਡ ਤੋਂ ਅਕਾਲਸਰ ਗੁਰਦੁਆਰਾ ਗੁਰਦੁਆਰਾ ਸਾਹਿਬ, ਬਹੋਨਾ ਚੌਂਕ ਬਾਈਪਾਸ, ਮੋਹਨ ਸਿੰਘ ਬਸਤੀ, ਮੇਨ ਬਜ਼ਾਰ ਤੋਂ ਗਰੀਨ ਫੀਲਡ ਕਲੋਨੀ, ਬੁੱਕਣਵਾਲਾ ਰੋਡ ਗੁਰਦੁਆਰਾ ਸਾਹਿਬ,ਬਗਿਆਣਾ ਬਸਤੀ, ਗੀਤਾ ਭਵਨ ਚੌਂਕ ਤੋਂ ਜਵਾਹਰ ਨਗਰ ਚੌਂਕ, ਪ੍ਰਤਾਪ ਰੋਡ ਤੋਂ ਮੇਨ ਬਜਾਰ, ਮੇਨ ਬਜਾਰ ਤੋਂ ਇੰਮਪਰੂਵਮੈਂਟ ਟਰੱਸਟ ਮੋਗੇ ਵਿਖੇ ਆਣ ਕੇ ਮੁਕੰਮਲ ਹੋਇਆ।
ਇਸ ਉਪਰੰਤ ਮਾਲਵਿਕਾ ਸੂਦ ਨੇ ਮੀਡੀਆ ਨਾਲ ਮੁਖਾਤਿਬ ਹੁੰਦਿਆਂ ਕਿਹਾ ਕਿ ਲੋਕਾਂ ਦਾ ਇੰਨਾ ਵੱਡਾ ਇਕੱਠ ਦੱਸ ਰਿਹਾ ਹੈ ਕਿ ਮੋਗਾ ਹਲਕੇ ਵਿੱਚ ਕਾਂਗਰਸ ਪਾਰਟੀ ਹੀ ਜਿੱਤੇਗੀ ਅਤੇ ਉਹ ਲੋਕਾਂ ਦੇ ਇੰਨੇ ਪਿਆਰ, ਵਿਸ਼ਵਾਸ਼ ਅਤੇ ਸਮਰਥਨ ਲਈ ਅਤਿ ਧੰਨਵਾਦੀ ਹਨ। ਉਹਨਾਂ ਕਿਹਾ ਕਿ ਉਹ ਮੋਗਾ ਹਲਕੇ ਤੋਂ ਜਿੱਤਣ ਉਪਰੰਤ ਲੋਕ ਸੇਵਾ ਕਰਨ ਲਈ ਤਿਆਰ ਬਰ ਤਿਆਰ ਹਨ ਅਤੇ ਮੋਗਾ ਹਲਕੇ ਦੇ ਵਿਕਾਸ, ਲੋਕ ਭਲਾਈ ਅਤੇ ਤਰੱਕੀ ਲਈ ਅਤਿ ਕਾਰਜਸ਼ੀਲ ਰਹਿਣਗੇ। ਉਹਨਾਂ ਨੇ ਇਸ ਰੈਲੀ ਨੂੰ ਵੱਡੀ ਗਿਣਤੀ ਨਾਲ ਵਿਸਾਲ ਬਣਾਉਣ ਲਈ ਸਮੂਹ ਕਾਂਗਰਸੀ ਵਰਕਰਾਂ ਅਤੇ ਮੋਗਾ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ।