ਤੁਸੀਂ ਬਾਈ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਜਿੱਤਾ ਦਿਓ, ਮੈਂ ਬਾਈ ਨੂੰ ਟੌਪ ਦਾ ਮੰਤਰੀ ਬਣਾ ਕੇ ਭੇਜਾਂਗਾ।’ ਮੁੱਖ ਮੰਤਰੀ ਚੰਨੀ

ਧਰਮਕੋਟ, 18 ਫਰਵਰੀ (ਜਸ਼ਨ): ‘ਹੋਰਨਾਂ ਪਾਰਟੀਆਂ ਦੇ ਉਮੀਦਵਾਰ ਜਿੱਤਣਗੇ ਤਾਂ ਸਿਰਫ਼ ਵਿਧਾਇਕ ਬਣਨਗੇ , ਤੁਸੀਂ ਬਾਈ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੂੰ ਜਿੱਤਾ ਦਿਓ, ਮੈਂ ਬਾਈ ਨੂੰ ਟੌਪ ਦਾ ਮੰਤਰੀ ਬਣਾ ਕੇ ਭੇਜਾਂਗਾ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੋਟਈਸੇ ਖਾਂ ਵਿਖੇ ਧਰਮਕੋਟ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਹੱਕ ਵਿਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੀਤਾ।

ਉਹਨਾਂ ਆਖਿਆ ਕਿ ਬੇਸ਼ੱਕ ਉਹਨਾਂ ਦੇ ਕਾਰਜਕਾਲ ਦੌਰਾਨ 111 ਦਿਨਾਂ ਵਿਚ ਉਹਨਾਂ ਨੇ ਬਿਜਲੀ ਦੇ ਬਿੱਲ ਮੁਆਫ਼ ਕਰਨ, ਕਰਜ਼ੇ ਮੁਆਫ਼ ਕਰਨ, ਪੈਟਰੋਲ ਡੀਜ਼ਲ ਸਸਤਾ ਕਰਨ, ਪਾਣੀ ਦੇ ਬਿੱਲ ਮੁਆਫ਼ ਕਰਨ ਅਤੇ ਹਰ ਵਰਗ ਨੂੰ ਰਿਆਇਤਾਂ ਦਿੱਤੀਆਂ ਸਨ ਪਰ ਬਾਈ ਕਾਕਾ ਲੋਹਗੜ੍ਹ ਨੇ ਧਰਮਕੋਟ ਹਲਕੇ ਵਿਚ ਹਰ ਪਿੰਡ ਦੀ ਕਾਇਆ ਕਲਪ ਕਰਕੇ ਨਵਾਂ ਇਤਿਹਾਸ ਸਿਰਜਿਆ ਹੈ । ਉਹਨਾਂ ਆਖਿਆ ਕਿ ਧਰਮਕੋਟ ਵਿਚ ਨਵੇਂ ਪਾਰਕ ਅਤੇ ਇਤਿਹਾਸਕ ਸ਼ਖਸੀਅਤਾਂ ਦੇ ਬੁੱਤ ਲਗਾਉਣ ਤੋਂ ਇਲਾਵਾ ਨਵਾਂ ਬੱਸ ਸਟੈਂਡ ਤਾਮੀਰ ਕਰਕੇ ਅਤੇ ਸਾਰੇ ਸ਼ਹਿਰ ਵਿਚ ਇੰਟਰਲਾਕ ਟਾਇਲਾਂ ਲਗਾ ਕੇ ਕਾਕਾ ਲੋਹਗ੍ਹੜ ਨੇ ਆਪਣੇ ਪਿਤਾ ਚੇਅਰਮੈਨ ਬੰਤ ਸਿੰਘ ਦੀ ਲੋਕ ਸੇਵਾ ਦੀ ਰਵਾਇਤ ਨੂੰ ਕਾਇਮ ਰੱਖਿਆ ਹੈ ਅਤੇ ਅਜਿਹੇ ਉੱਦਮੀ ਅਤੇ ਦਰਵੇਸ਼ ਸਿਆਸਤਦਾਨ ਨੂੰ ਆਪਣੀ ਕੈਬਨਿਟ ਵਿਚ ਸ਼ਾਮਲ ਕਰਕੇ ਉਹਨਾਂ ਨੂੰ ਮਾਣ ਮਹਿਸੂਸ ਹੋਵੇਗਾ , ਇਸ ਕਰਕੇ ਉਹ ਧਰਮਕੋਟ ਹਲਕੇ ਦੇ ਹਰ ਵਾਸੀ ਨੂੰ ਦਿਲੋਂ ਅਪੀਲ ਕਰਦੇ ਹਨ ਕਿ ਇਕਜੁੱਟ ਹੋ ਕੇ ਸਮਰਾ ਪਰਿਵਾਰ ਦੀ ਪਿੱਠ ’ਤੇ ਖੜ੍ਹਦਿਆਂ ਆਪ ਵੀ ਵੋਟਾਂ ਪਾਓ ਅਤੇ ਇਹ ਵੀ ਯਕੀਨੀ ਬਣਾਓ ਕਿ ਤੁਹਾਡੇ ਆਂਢ ਗਵਾਂਢ ਕੋਈ ਸ਼ਖਸ਼ ਅਜਿਹਾ ਨਾ ਰਹਿ ਗਿਆ ਹੋਵੇ ਜਿਸ ਨੇ ਬਾਈ ਕਾਕੇ ਲੋਹਗ੍ਹੜ ਨੂੰ ਵੋਟ ਨਾ ਪਾਈ ਹੋਵੇ। 
ਬੇਸ਼ੱਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਫ਼ੀ ਦੇਰ ਨਾਲ ਰੈਲੀ ਵਿਚ ਪਹੁੰਚੇ ਪਰ ਫੇਰ ਵੀ ਵੱਡੀ ਗਿਣਤੀ ਵਿਚ ਜੈਕਾਰਿਆਂ ਦੀ ਗੂੰਜ ਵਿਚ ਲੋਕਾਂ ਨੇ ਚੰਨੀ ਅਤੇ ਕਾਕਾ ਲੋਹਗੜ੍ਹ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਗੁਰਬੀਰ ਸਿੰਘ ਗੋਗਾ ਸੰਗਲਾ, ਬੀਬੀ ਜਗਦਰਸ਼ਨ ਕੌਰ, ਕਰਿਸ਼ਨ ਤਿਵਾੜੀ, ਇਕਬਾਲ ਸਿੰਘ ਸਮਰਾ, ਜਗਤਾਰ ਸਿੰਘ ਸਮਰਾ ਅਤੇ ਸੁਖਮੰਦਰ ਸਿੰਘ ਸਮਰਾ ਆਦਿ ਨੇ ਵੀ ਸੰਬੋਧਨ ਕੀਤਾ।