ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਵਿਧਾਇਕ ਡਾ: ਹਰਜੋਤ ਕਮਲ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

* ਕਾਂਗਰਸ ਦੇ ਕਾਟੋ ਕਲੇਸ਼ ਵਿਚ, ਬਿਨਾਂ ਸੈਨਿਕਾਂ ਦੇ ਸੈਨਾਪਤੀ ਬਣੇ ਫਿਰਦੇ ਨੇ ਮੁੱਖ ਮੰਤਰੀ ਚੰਨੀ: ਰਾਜਨਾਥ ਸਿੰਘ

ਮੋਗਾ, 17 ਫਰਵਰੀ (ਜਸ਼ਨ): ਅੱਜ ਮੋਗਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਧਾਇਕ ਡਾ: ਹਰਜੋਤ ਕਮਲ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਭਾਰਤ ਦੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਦਾ ਭਾਜਪਾ ਆਗੂਆਂ ਅਤੇ ਮੋਗਾ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਗੁਰੂਆਂ ਪੀਰਾਂ ਦੀ ਇਸ ਧਰਤੀ ਪੰਜਾਬ ‘ਚ  ਪਵਿੱਤਰ ਰੂਹਾਂ ਨੇ ਸਤ, ਸੰਤੋਖ਼, ਦਇਆ, ਨਿਮਰਤਾ ਅਤੇ ਪਿਆਰ ਨੂੰ ਅਧਾਰ ਬਣਾ ਕੇ ਅਜਿਹੇ ਸਮਾਜ ਦੀ ਕਲਪਨਾ ਕੀਤੀ ਸੀ ਖਾਸਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਾਤਪਾਤ ਅਤੇ ਊਚਨੀਚ ਤੋਂ ਉੱਪਰ ਉੱਠ ਕੇ ਇਕਜੁੱਟ ਹੁੰਦਿਆਂ ਸਰਬੱਤ ਦੇ ਭਲੇ ਵਾਲੇ ਸਮਾਜ ਦੀ ਕਲਪਨਾ ਕੀਤੀ ਸੀ ਜਦਕਿ ਇਸ ਦੇ ਉਲਟ ਕਾਂਗਰਸ ਗੁਰੂ ਸਾਹਿਬ ਦੇ ਫਸਲਸਫ਼ੇ ਤੋਂ ਉਲਟ ਕੰਮ ਕਰ ਰਹੀ ਹੈ ਅਤੇ ਸਾਰੇ ਦੇਸ਼ ਨੇ ਸੁਣਿਆ ਕਿ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ, ਕਾਂਗਰਸੀ ਆਗੂਆਂ ਖਾਸਕਰ ਪਿ੍ਰਅੰਕਾ ਗਾਂਧੀ ਦੀ ਹਾਜ਼ਰੀ ਵਿਚ ਕਿਹਾ ਕਿ ਜੇ ਪੰਜਾਬ ਵਿਚ ਮੁੜ ਤੋਂ ਕਾਂਗਰਸ ਦੀ ਸਰਕਾਰ ਬਣੇਗੀ ਤਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਪ੍ਰਵਾਸੀਆਂ ਨੂੰ, ਪੰਜਾਬ ਵਿਚੋਂ ਖਦੇੜਿਆ ਜਾਵੇਗਾ। ਰਾਜਨਾਥ ਸਿੰਘ ਨੇ ਆਖਿਆ ਕਿ ਕਿਸ ਦੀ ਹਿੰਮਤ ਹੈ ਕਿ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਸਾਡੇ ਭਰਾਵਾਂ ਨੂੰ ਕੋਈ ਪੰਜਾਬ ਵਿਚ ਆਉਣ ਤੋਂ ਰੋਕ ਸਕੇ। ਉਹਨਾਂ ਆਖਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਵਰਗਾਂ ਨੂੰ ਪਿਆਰ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਪਰ ਕਾਂਗਰਸ ਦੇਸ਼ ਨੂੰ ਟੁੱਕੜਿਆਂ ਵਿਚ ਵੰਡਣ ਦੀ ਕੋਸ਼ਿਸ ਕਰ ਰਹੀ ਹੈ। ਰਾਜਨਾਥ ਸਿੰਘ ਨੇ ਆਖਿਆ ਕਿ ਕਾਂਗਰਸ ਪੰਜਾਬ ਨੂੰ ਧਰਮ ਦੇ ਆਧਾਰ ’ਤੇ ਵੰਡਣ ਦਾ ਕੰਮ ਕਰ ਰਹੀ ਹੈ ਜਦਕਿ ਪੰਜਾਬ ਦਾ ਇਤਿਹਾਸ ਅਤੇ ਵਿਰਾਸਤ ਗਵਾਹ ਹੈ ਕਿ ਪੰਜਾਬੀ ਹਮੇਸ਼ਾ ਇਕਜੁੱਟ ਹੋ ਕੇ ਧਾੜਵੀਆਂ ਦਾ ਮੁਕਾਬਲਾ ਕਰਦੇ ਰਹੇ ਨੇ । ਉਹਨਾਂ ਆਖਿਆ ਕਿ ਮਹਾਰਾਜ ਰਣਜੀਤ ਸਿੰਘ ਨੇ ਜਿੱਥੇ ਸ਼੍ਰੀ ਹਰਿੰਮਦਰ ਸਾਹਿਬ ’ਤੇ ਸੋਨਾ ਲਗਵਾਇਆ ਤਾਂ ਉੱਥੇ ਉਹਨਾਂ ਕਾਸ਼ੀ ਵਿਸ਼ਵਨਾਥ ਦੇ ਮੰਦਰ ’ਤੇ ਵੀ ਸੋਨੇ ਦੀ ਸੇਵਾ ਕਰਵਾਈ। ਉਹਨਾਂ ਆਖਿਆ ਕਿ ਸਿੱਖ ਗੁਰੂ ਸਾਹਿਬਾਨ ਅਤੇ ਸਮੂਹ ਪੰਜਾਬੀਆਂ ਨੇ ਸੁੰਤਰਤਾ ਸੰਗਰਾਮ ਵਿਚ ਵੱਡਾ ਯੋਗਦਾਨ ਪਾਇਆ। ਉਹਨਾਂ ਆਖਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼  ਅਤੇ ਆਪਣੇ ਚਾਰਾਂ ਪੁੱਤਰਾਂ ਦੀ ਕੁਰਬਾਨੀ ਸਾਡੇ ਦੇਸ਼ ਦੇ ਸੁਤੰਤਰਤਾ ਸੰਗਰਾਮ ਦਾ ਹੀ ਹਿੱਸਾ ਹੈ । ਉਹਨਾਂ ਆਖਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਕੱਟਵਾ ਦਿੱਤਾ ਪਰ ਭਾਰਤ ਦਾ ਸਿਰ ਨਹੀਂ ਝੁਕਣ ਦਿੱਤਾ । ਉਹਨਾਂ ਆਖਿਆ ਕਿ ਸਿੱਖ ਸਮਾਜ ਭਾਰਤ ਦੀ ਅੰਤਰ ਆਤਮਾ ਹੈ । 
ਉਹਨਾਂ ਆਮ ਆਦਮੀ ਪਾਰਟੀ ’ਤੇ ਹਮਲਾ ਕਰਦਿਆਂ ਆਖਿਆ ਕਿ ਕੇਜਰੀਵਾਲ ਪੰਜਾਬ ਵਿਚੋਂ ਨਸ਼ੇ ਖਤਮ ਕਰਨ ਦੇ ਦਾਅਵੇ ਕਰਦੇ ਨੇ ਜਦਕਿ ਉਹਨਾਂ ਨੇ ਦਿੱਲੀ ਵਿਚ ਗਲੀ ਗਲੀ ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਨੇ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ, ਸੰਯੁਕਤ ਅਕਾਲੀ ਦਲ ਅਤੇ ਪੰਜਾਬ ਲੋਕ ਕਾਂਗਰਸ ਸੰਗਠਨ ਦੀ ਸਰਕਾਰ ਬਣਾਉਣ ਅਤੇ ਫੇਰ ਅਸੀਂ ਦੇਖਾਂਗੇ ਕਿ ਨਸ਼ੇ ਵੇਚਣ ਦੀ ਕੌਣ ਹਿੰਮਤ ਕਰਦਾ ਹੈ। 
ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ: ਹਰਜੋਤ ਕਮਲ ਦੀ ਜਿੱਤ ਯਕੀਨੀ ਬਣਾਉਣ ਲਈ ਮੋਗਾ ਵਾਸੀਆਂ ਨੂੰ ਮਿਲਣ ਪਹੁੰਚੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਪ੍ਰਤੀ ਲੋਕਾਂ ਵਿਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਵਿਧਾਇਕ ਡਾ: ਹਰਜੋਤ ਕਮਲ ਦੀ ਮੰਗ ’ਤੇ  ਰਾਜਨਾਥ ਸਿੰਘ ਨੇ ਆਖਿਆ ਕਿ ਪੰਜਾਬ ਵਿਚ ਭਾਜਪਾ ਸਰਕਾਰ ਬਣਨ ’ਤੇ ਫਿਰੋਜ਼ਪੁਰ ਤੋਂ ਲੁਧਿਆਣਾ ਰੇਲਵੇ ਲਾਈਨ ਨੂੰ ਡਬਲ ਕੀਤਾ ਜਾਵੇਗਾ ਜਦਕਿ ਡਾ: ਕਮਲ ਦੀ ਦੂਜੀ ਮੰਗ ਪੀ ਜੀ ਆਈ ਬਣਾਉਣ ’ਤੇ ਰਾਜਨਾਥ ਨੇ ਆਖਿਆ ਕਿ ਇਕੱਲਾ ਮੋਗਾ ਹੀ ਨਹੀਂ ਸਗੋਂ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਇਕ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਜਦਕਿ ਡਾ: ਹਰਜੋਤ ਦੀ ਤੀਜੀ ਮੰਗ ਪ੍ਰੌਸੈਸਿੰਗ ਪਲਾਂਟ ਦੇ ਸਬੰਧ ਵਿਚ ਰੱਖਿਆ ਮੰਤਰੀ ਨੇ ਕਿਹਾ ਕਿ ਜੇ ਕੋਈ ਵੀ ਨਿੱਜੀ ਕਾਰੋਬਾਰੀ ਇਹ ਪਲਾਂਟ ਲਗਾਉਣਾ ਚਾਹੇ ਜਾਂ ਫਿਰ ਕਿਸੇ ਹੋਰ ਰਾਜ ਤੋਂ ਕੋਈ ਦਿਲਚਸਪੀ ਰੱਖਦਾ ਹੋਵੇ ਤਾਂ ਸਰਕਾਰ ਉਸ ਨੂੰ ਹਰ ਸਹੂਲਤ ਦੇਵੇਗੀ ਤਾਂ ਕਿ ਕਿਸਾਨਾਂ ਨੂੰ ਇਸ ਦਾ ਲਾਭ ਮਿਲ ਸਕੇ। 
ਉਹਨਾਂ ਆਖਿਆ ਕਿ ਪੰਜਾਬ ਦੇ ਕੱਚੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਭਾਜਪਾ ਦੀ ਸਰਕਾਰ ਬਣਨ ’ਤੇ ਪੱਕੇ ਮਕਾਨ ਦਿੱਤੇ ਜਾਣਗੇ ਅਤੇ ਹਰ ਘਰ ਨਲ ਅਤੇ ਜਲ ਸੁਨਿਸ਼ਚਿਤ ਕੀਤਾ ਜਾਵੇਗਾ। ਉਹਨਾਂ ਕਾਂਗਰਸ ’ਤੇ ਹਮਲਾ ਕਰਦਿਆਂ ਆਖਿਆ ਕਿ ਮੁੱਖ ਮੰਤਰੀ ਚੰਨੀ ਬਿਨਾਂ ਸੈਨਿਕਾਂ ਦੇ ਸੈਨਾਪਤੀ ਬਣੇ ਫਿਰਦੇ ਹਨ ਜਦਕਿ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। 
ਇਸ ਮੌਕੇ ਰਾਜਨਾਥ ਸਿੰਘ ਨੇ ਡਾ: ਹਰਜੋਤ ਕਮਲ ਤੋਂ ਇਲਾਵਾ ਧਰਮਕੋਟ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਬਾਘਾਪੁਰਾਣਾ ਤੋਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਉਮੀਦਵਾਰ ਜਗਤਾਰ ਸਿੰਘ ਰਾਜੇਆਣਾ ਅਤੇ  ਨਿਹਾਲ ਸਿੰਘ ਵਾਲਾ ਤੋਂ ਮੁਖਤਿਆਰ ਸਿੰਘ ਨੂੰ ਜਿੱਤਾਉਣ ਦੀ ਅਪੀਲ ਕੀਤੀ। 
ਅੱਜ ਦੇ ਸਮਾਗਮ ਦੌਰਾਨ ਚਾਰ ਵਿਧਾਨ ਸਭਾ ਹਲਕਿਆਂ ਦੇ ਭਾਜਪਾ ਪ੍ਰਭਾਰੀ ਪਿ੍ਰਤਪਾਲ ਸਿੰਘ ਵਲੇਚਾ, ਸਾਬਕਾ ਡੀ ਜੀ ਪੀ ਪਰਮਦੀਪ ਗਿੱਲ, ਵਿਨੇ ਸ਼ਰਮਾ, ਦੇਵਪਿ੍ਰਆ ਤਿਆਗੀ,ਡਾ: ਸੀਮਾਂਤ ਗਰਗ, ਤਿਰਲੋਚਨ ਸਿੰਘ ਗਿੱਲ, ਰਾਕੇਸ਼ ਭੱਲਾ, ਮੋਹਨ ਲਾਲ ਸੇਠੀ, ਅਮਰਦੀਪ ਗਰੇਵਾਲ ਸਰਪੰਚ ਸੀਨੀਅਰ ਬੀ ਜੇ ਪੀ ਲੀਡਰ, ਨਿੱਧੜਕ ਸਿੰਘ ਬਰਾੜ, ਵਿਜੇ ਕੁਮਾਰ, ਮਹਾਂਮੰਤਰੀ ਬੋਹੜ ਸਿੰਘ, ਸਰਦੂਲ ਸਿੰਘ, ਹੇਮੰਤ ਸੂਦ, ਸੁਨੀਲ ਗਰਗ, ਅਤੇ ਜ਼ਿਲ੍ਹੇ ਦੇ ਅਹਿਮ ਭਾਜਪਾ ਆਗੂ ਹਾਜ਼ਰ ਸਨ।  ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਡਾ: ਹਰਜੋਤ ਕਮਲ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਦੌਰਾਨ, ਭਾਜਪਾ ਆਗੂਆਂ ਵੱਲੋਂ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਸਨਮਾਨਿਤ ਕੀਤਾ ਗਿਆ।