ਹੁਣ ਭਾਜਪਾ ਆਪਣੇ ਦਮ ’ਤੇ ਪੰਜਾਬ ਵਿਚ ਸਰਕਾਰ ਬਣਾ ਕੇ ਪੰਜਾਬ ਨੂੰ ਮਜਬੂਤੀ ਦੇਵੇਗੀ : ਮੀਨਾਕਸ਼ੀ ਲੇਖੀ
ਮੋਗਾ, 17 ਫਰਵਰੀ (ਜਸ਼ਨ): ਭਾਰਤ ਦੇ ਵਿਦੇਸ਼ ਮਾਮਲਿਆਂ ਅਤੇ ਸੱਭਿਆਚਾਰ ਬਾਰੇ ਰਾਜ ਮੰਤਰੀ ਮੈਡਮ ਮੀਨਾਕਸ਼ੀ ਲੇਖੀ ਨੇ ਮੋਗਾ ਵਿਖੇ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਦੇਸ਼ ਨੇ ਸਵੈ ਨਿਰਭਰ ਹੋਣ ਦਾ ਮਾਣ ਹਾਸਲ ਕੀਤਾ ਹੈ ਅਤੇ ਭਾਜਪਾ ਨੇ ਸੁਸ਼ਾਸਨ ਦੀ ਮਿਸਾਲ ਦਿੰਦਿਆਂ ਹਿਮਾਚਲ ਅਤੇ ਹਰਿਆਣਾ ਵਿਚ ਬਤਹਾਸ਼ਾ ਤਰੱਕੀ ਕਰਵਾਈ ਹੈ , ਇਸੇ ਕਰਕੇ ਹੁਣ ਪੰਜਾਬ ਦੇ ਲੋਕ ਵੀ ਸੂਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਉਹਨਾਂ ਆਖਿਆ ਕਿ ਪੰਜਾਬ ਵਿਚ ਉਹਨਾਂ ਨੇ ਆਪਣੇ ਸਾਥੀ ਰਹੇ ਅਕਾਲੀ ਦਲ ’ਤੇ ਭਰੋਸਾ ਕੀਤਾ ਪਰ ਉਹ ਭਰੋਸੇ ’ਤੇ ਪੂਰਾ ਨਹੀਂ ਉਤਰੇ ਪਰ ਹੁਣ ਭਾਜਪਾ ਆਪਣੇ ਦਮ ’ਤੇ ਪੰਜਾਬ ਵਿਚ ਸਰਕਾਰ ਬਣਾ ਕੇ ਪੰਜਾਬ ਨੂੰ ਮਜਬੂਤੀ ਦੇਵੇਗੀ। ਇਹ ਪੁੱਛੇ ਜਾਣ ’ਤੇ ਕਿ ਕੀ ਚੋਣਾਂ ਤੋਂ ਬਾਅਦ ਅਕਾਲੀ ਭਾਜਪਾ ਗੱਠਜੋੜ ਮੁੜ ਤੋਂ ਇਕੱਠਾ ਹੋ ਸਕਦਾ ਹੈ ਦੇ ਜਵਾਬ ਵਿਚ ਮੀਨਾਕਸ਼ੀ ਲੇਖੀ ਨੇ ਆਖਿਆ ਕਿ ਬਿਲਕੁੱਲ ਨਹੀਂ । ਉਹਨਾਂ ਆਖਿਆ ਕਿ ਮੁੱਖ ਮੰਤਰੀ ਚੰਨੀ ਵੱਲੋਂ ਪੰਜਾਬ ਵਿਚੋਂ ‘ਭਈਆਂ’ ਨੂੰ ਭਜਾਉਣ ਵਾਲਾ ਬਿਆਨ ਬੇਹੱਦ ਮੰਦਭਾਗਾ ਹੈ । ਉਹਨਾਂ ਆਖਿਆ ਕਿ ਕਰੋੜਾਂ ਦੀ ਜਾਇਦਾਦ ਵਾਲਾ ਚੰਨੀ ਕਿਹੜੇ ਪਾਸਿਓਂ ਗਰੀਬ ਹੈ । ਉਹਨਾਂ ਆਖਿਆ ਕਿ 2014 ਵਿਚ ਕਿਸਾਨੀ ਬਜਟ 23 ਹਜ਼ਾਰ ਕਰੋੜ ਦਾ ਸੀ ਜਦਕਿ ਹੁਣ ਪ੍ਰਧਾਨ ਮੰਤਰੀ ਦੀ ਪਹਿਲ ’ਤੇ ਇਹ ਕਿਸਾਨੀ ਬਜਟ 1 ਲੱਖ 23 ਹਜ਼ਾਰ ਕਰੋੜ ਰੱਖਿਆ ਗਿਆ ਹੈ। ਉਹਨਾਂ ਆਖਿਆ ਕਿ ਵਿਰੋਧੀ ਪਾਰਟੀਆਂ ਭਾਜਪਾ ’ਤੇ ਐੱਮ ਐੱਸ ਪੀ ਖਤਮ ਕਰਨ ਦਾ ਦੋਸ਼ ਲਾਉਂਦੀਆਂ ਸਨ ਜਦਕਿ ਇਸ ਵਾਰ ਐੱਮ ਐੱਸ ਪੀ ਤਿੰਨ ਗੁਣਾਂ ਕੀਤੀ ਗਈ ਹੈ ਕਿਸਾਨਾਂ ਦੀਆਂ ਜਿਣਸਾਂ ਦੇ ਪੈਸੇ ਸਿੱਧੇ ਉਹਨਾਂ ਦੇ ਖਾਤਿਆਂ ਵਿਚ ਪਾਏ ਗਏ ਹਨ। ਉਹਨਾਂ ਕਿਹਾ ਕਿ ਕਿਸਾਨ ਸਨਮਾਨ ਵਜੋਂ ਹਰ ਸਾਲ 6 ਹਜ਼ਾਰ ਰੁਪਏ ਪ੍ਰਤੀ ਕਿਸਾਨ ਦਿੱਤੇ ਜਾ ਰਹੇ ਹਨ । ਉਹਨਾਂ ਆਖਿਆ ਕਿ ਮਿੱਟੀ ਦੇ ਸਿਹਤ ਪ੍ਰੀਖਣ, ਵਿਗਿਆਨਕ ਤਰੀਕੇ ਨਾਲ ਸਿੰਚਾਈ, ਸੋਲਰ ਪੰਪ, ਡਿਜੀਟਲ ਮੰਡੀਕਰਨ ਆਦਿ ਨਵੇਂ ਕਦਮ ਹਨ ਜਿਹਨਾਂ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਵੀ ਮਜਬੂਤ ਹੋਵੇਗੀ ਅਤੇ ਧਰਤੀ ਹੇਠਲੇ ਪਾਣੀ ਦਾ ਸੁੱਰਖਿਅਣ ਵੀ ਹੋ ਸਕੇਗਾ। ਉਹਨਾਂ ਆਖਿਆ ਕਿ ਲੋਕ ਬਹੁਤ ਸਿਆਣੇ ਹਨ ਅਤੇ ਉਹਨਾਂ ਨੂੰ ਅਹਿਸਾਸ ਹੈ ਕਿ ਪੰਜਾਬ ਵਿਚ ਭਾਰਤੀ ਜਨਦਾ ਪਾਰਟੀ ਸੱਤਾ ਵਿਚ ਨਾ ਹੋਣ ਦੇ ਬਾਵਜੂਦ ਗਰੀਬਾਂ , ਦਲਿੱਤਾਂ ਅਤੇ ਵਪਾਰੀਆਂ ਲਈ ਜੇ ਐਨਾ ਕੰਮ ਕਰ ਸਕਦੀ ਹੈ ਤਾਂ ਸੱਤਾ ਵਿਚ ਆ ਕੇ ਨਿਸ਼ਚੇ ਹੀ ਮਜਬੂਤ ਪੰਜਾਬ ਬਣਾਏਗੀ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਆਖਿਆ ਕਿ ਪੰਜਾਬ ਲੋਕਾਂ ਦਾ ਮਨ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਵਿਚ ਲਿਆਉਣ ਦਾ ਬਣ ਚੁੱਕਾ ਹੈ ਅਤੇ ਲੋਕ ਸਮਝਦੇ ਹਨ ਕਿ ਬਦਲਾਅ ਦੇ ਰੂਪ ਵਿਚ ਸਿਰਫ਼ ਤੇ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਹੈ ਜੋ ਸੂਰਜ ਦੀ ਨਵੀਂ ਕਿਰਨ ਵਾਂਗ ਪੰਜਾਬ ਲਈ ਨਵਾਂ ਸਵੇਰਾ ਲੈ ਕੇ ਆਵੇਗੀ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੁੱਛੇ ਸਵਾਲ ਦੇ ਜਵਾਬ ਵਿਚ ਮੀਨਾਕਸ਼ੀ ਨੇ ਆਖਿਆ ਕਿ ਭਗਵੰਤ ਮਾਨ ਅਤੇ ਸ਼ਰਾਬ ਦੇ ਆਪਸੀ ਰਿਸ਼ਤੇ ਨੂੰਂ ਪੰਜਾਬ ਦੇ ਲੋਕ ਬਾਖੂਬੀ ਜਾਣਦੇ ਨੇ। ਇਸ ਮੌਕੇ ਉਹਨਾਂ ਨਾਲ ਚਾਰ ਵਿਧਾਨ ਸਭਾ ਹਲਕਿਆਂ ਦੇ ਭਾਜਪਾ ਪ੍ਰਭਾਰੀ ਪਿ੍ਰਤਪਾਲ ਸਿੰਘ ਵਲੇਚਾ, ਵਿਧਾਇਕ ਡਾ: ਹਰਜੋਤ ਕਮਲ, ਭਾਜਪਾ ਪ੍ਰਧਾਨ ਵਿਨੇ ਸ਼ਰਮਾ, ਦੇਵਪਿ੍ਰਆ ਤਿਆਗੀ, ਤਿਰਲੋਚਨ ਸਿੰਘ ਗਿੱਲ ਸਾਬਕਾ ਪ੍ਰਧਾਨ, ਰਾਕੇਸ਼ ਭੱਲਾ ਅਤੇ ਜ਼ਿਲ੍ਹੇ ਦੇ ਅਹਿਮ ਭਾਜਪਾ ਆਗੂ ਹਾਜ਼ਰ ਸਨ।