ਡੀ ਪੀ ਆਰ ਓ ਪ੍ਰਭਦੀਪ ਸਿੰਘ ਨੱਥੋਵਾਲ ਵੱਲੋਂ ਗਾਇਆ ਗੀਤ,‘‘ਪਾਉਣੀ ਵੋਟ ਜ਼ਰੂਰੀ ਆ’’ ਚੋਣ ਅਬਜ਼ਰਬਰਾਂ ਅਤੇ ਜ਼ਿਲ੍ਹਾ ਚੋਣ ਅਫਸਰ ਹਰੀਸ਼ ਨਈਅਰ ਨੇ ਕੀਤਾ ਰਿਲੀਜ਼

ਮੋਗਾ, 16 ਫਰਵਰੀ (ਜਸ਼ਨ) - ਅਗਾਮੀ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਰੇਕ ਵੋਟਰ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਚੋਣ ਕਮਿਸਨ ਵੱਲੋਂ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਕੋਸ਼ਿਸ਼ ਤਹਿਤ ਜ਼ਿਲ੍ਹਾ ਪ੍ਰਸਾਸਨ, ਮੋਗਾ ਵੱਲੋਂ ਸਵੀਪ ਗਤੀਵਿਧੀਆਂ ਤਹਿਤ ਇਕ ਗੀਤ “ ਪਾਉਣੀ ਵੋਟ ਜਰੂਰੀ ਆ “ ਤਿਆਰ ਕੀਤਾ ਹੈ। ਇਸ ਗੀਤ ਨੂੰ ਅੱਜ ਭਾਰਤੀ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਲਗਾਏ ਗਏ ਚੋਣ ਆਬਜਰਬਰਾਂ ਅਤੇ ਜ਼ਿਲ੍ਹਾ  ਚੋਣ ਅਫਸਰ ਕਮ ਡਿਪਟੀ ਕਮਿਸਨਰ ਸ੍ਰੀ ਹਰੀਸ਼ ਨਈਅਰ ਵੱਲੋਂ ਰਿਲੀਜ਼ ਕੀਤਾ ਗਿਆ। ਚੋਣ ਆਬਜਰਬਰਾਂ ਵਿੱਚ ਸ੍ਰੀ ਵੇਦ ਪਤੀ ਮਿਸਰਾ, ਸ੍ਰੀ ਅਮਿਤ ਕੁਮਾਰ ਘੋਸ, ਸ੍ਰੀ ਕਿ੍ਰਸਨ ਕੁਮਾਰ ਅਤੇ ਸ੍ਰੀ ਸੁਮਨਜੀਤ ਰੇਅ ਸਾਮਿਲ ਸਨ। ਜਦਕਿ ਸ੍ਰ ਹਰਚਰਨ ਸਿੰਘ ਅਤੇ ਸ੍ਰ ਸੁਰਿੰਦਰ ਸਿੰਘ (ਦੋਵੇਂ ਵਧੀਕ ਡਿਪਟੀ ਕਮਿਸਨਰ), ਐਸ ਡੀ ਐਮ ਸ੍ਰ ਸਤਵੰਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਹਰੀਸ ਨਈਅਰ ਨੇ ਦੱਸਿਆ ਕਿ ਇਸ ਗੀਤ ਨੂੰ ਮੋਗਾ ਦੇ ਜ਼ਿਲ੍ਹਾ  ਲੋਕ ਸੰਪਰਕ ਅਫਸਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਗਾਇਆ ਅਤੇ ਪ੍ਰਸਿੱਧ ਗੀਤਕਾਰ ਜਗਦੇਵ ਮਾਨ ਨੇ ਲਿਖਿਆ ਹੈ। ਸੰਗੀਤ ਨਾਮਵਰ ਸੰਗੀਤਕਾਰ ਜੱਸੀ ਨਿਹਾਲੂਵਾਲ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਸਥਾਪਤ ਮਿਊਜ਼ਿਕ ਕੰਪਨੀ ਜਪਸ ਮਿਊਜਕ ਅਤੇ ਸਪੇਸ ਪ੍ਰੋਡਕਸਨ ਵੱਲੋਂ ਪੇਸ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਰ ਵੋਟਰ ਹਿੱਸਾ ਲਵੇ। ਇਹਨਾਂ ਚੋਣਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਬਿਨਾ ਕਿਸੇ ਡਰ, ਭੈਅ, ਲਾਲਚ ਤੋਂ ਇਸਤੇਮਾਲ ਕਰਨ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਅਗਾਮੀ ਚੋਣਾਂ ਨੂੰ ਪਾਰਦਰਸਤਾ ਅਤੇ ਦਿ੍ਰੜਤਾ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਹਾਜਰ ਸ੍ਰ ਪ੍ਰਭਦੀਪ ਸਿੰਘ ਨੱਥੋਵਾਲ ਨੇ ਦੱਸਿਆ ਕਿ ਇਸ ਗੀਤ ਨੂੰ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸਨਰ ਸ੍ਰੀ ਹਰੀਸ ਨਈਅਰ ਦੀ ਪ੍ਰੇਰਨਾ ਨਾਲ ਤਿਆਰ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਮੁੱਖ ਚੋਣ ਦਫਤਰ ਪੰਜਾਬ, ਸਵੀਪ ਟੀਮ ਜ਼ਿਲ੍ਹਾ  ਮੋਗਾ, ਸ੍ਰ ਅਵਤਾਰ ਸਿੰਘ ਧਾਲੀਵਾਲ, ਸ੍ਰ ਅਮਰਪ੍ਰੀਤ ਸਿੰਘ ਮੱਕੜ, ਅਜੀਤ ਅਖਾੜਾ, ਗੁਰਸੇਵਕ ਸਿੰਘ ਗਾਲਿਬ ਕਲਾਂ, ਪਰਗਟ ਸਿੰਘ ਪੰਜਗਰਾਈਂ ਅਤੇ ਹੋਰਾਂ ਦਾ ਬਹੁਤ ਸਹਿਯੋਗ ਰਿਹਾ।