ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋਂ ਲੋਹਗੜ੍ਹ ਪਰਿਵਾਰ ਤੇ ਲਾਏ ਦੋਸ਼ਾਂ ਨੂੰ ਨਕਾਰਦਿਆਂ,ਸਮਰਾ ਭਰਾਵਾਂ ਨੇ ਲਾਡੀ ਢੋਸ ਖਿਲਾਫ਼ ਮਾਣਹਾਨੀ ਦਾ ਕੇਸ ਕਰਨ ਦਾ ਕੀਤਾ ਐਲਾਨ
ਧਰਮਕੋਟ 14 ਫਰਵਰੀ (ਜਸ਼ਨ) ਵਿਧਾਨ ਸਭਾ ਹਲਕਾ ਧਰਮਕੋਟ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਡੀ ਢੋਸ ਵੱਲੋਂ ਪਿੰਡ ਫਤਹਿਗੜ੍ਹ ਪੰਜਤੂਰ ਵਿਖੇ ਲਛਮਣ ਸਿੰਘ ਦੇ ਗ੍ਰਹਿ ਵਿਖੇ ਲੋਹਗੜ੍ਹ ਪਰਿਵਾਰ ਵਿਰੁੱਧ ਦਿੱਤੇ ਗਏ ਬੇਤੁਕੇ ਬਿਆਨਾਂ ਨੂੰ ਲੈ ਕੇ ਉਨਾਂ ਦੇ ਪ੍ਰਵਾਰ ਵੱਲੋਂ ਪਿੰਡ ਲੋਹਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਸੁਖਜੀਤ ਸਿੰਘ ਲੋਹਗੜ੍ਹ ਦੇ ਭਰਾ ਇਕਬਾਲ ਸਿੰਘ ਸਮਰਾ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੱਲੋ ਇਹ ਬਿਆਨ ਦਿੱਤੇ ਜਾ ਰਹੇ ਹਨ ਕਿ ਲੋਹਗੜ੍ਹ ਪਰਿਵਾਰ ਵੱਲੋਂ ਅਮਰੀਕਾ ਵਿਚ ਗਲਤ ਕਮਾਈ ਕਰਕੇ ੧੭ ਸਟੋਰ ਬਣਾਏ ਜਾ ਚੁੱਕੇ ਹਨ ਉਹ ਨਿਰਅਧਾਰ ਹਨ ।ਉਨ੍ਹਾਂ ਕਿਹਾ ਕਿ ਸ਼ਾਇਦ ਉਸ ਨੂੰ ਪਤਾ ਨਹੀਂ ਕਿ ਅਸੀਂ ਪਿਛਲੇ 45 ਸਾਲ ਤੋ ਅਮਰੀਕਾ ਵਿਚ ਰਹਿ ਰਹੇ ਹਾਂ ਅਤੇ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਉੱਚ ਅਹੁਦਿਆ ਤੇ ਕੰਮ ਕਰ ਰਹੇ ਹਨ ਅਤੇ ਸਾਡੇ ਅਮਰੀਕਾ ਵਿੱਚ 17 ਨਹੀਂ ਬਲਕਿ 57 ਸਟੋਰ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਗੁਰੂ ਦੀ ਬਖਸ਼ਿਸ਼ ਸਦਕਾ ਹਰ ਹਫਤੇ, ਇੱਕ ਸਟੋਰ ਖਰੀਦਣ ਦੇ ਕਾਬਲ ਹਾਂ ਪ੍ਰੰਤੂ ਉਨ੍ਹਾਂ ਦੀ ਸਾਂਭ ਸੰਭਾਲ ਨਾ ਹੋ ਸਕਣ ਕਾਰਨ ਅਸੀਂ ਇਹ ਖਰੀਦ ਨਹੀਂ ਰਹੇ । ਉਨ੍ਹਾਂ ਦੱਸਿਆ ਕਿ ਪਾਕਿਸਤਾਨ ਦੀ ਵੰਡ ਮੌਕੇ ਸਭ ਤੋ ਪਹਿਲਾ ਉਨ੍ਹਾਂ ਦੇ ਤਾਇਆ ਰਤਨ ਸਿੰਘ ਵਿਧਾਇਕ ਬਣੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਹ ਮਾਣ ਹੈ ਕਿ ਸਭ ਤੋ ਵੱਧ ਸਮਾਂ ਉਨਾਂ ਦੇ ਪਰਿਵਾਰ ਨੂੰ ਪਿੰਡ ਵਾਸੀਆਂ ਨੇ ਸਰਪੰਚੀ ਕਰਨ ਦਾ ਮੌਕਾ ਦਿੱਤਾ ।ਉਨ੍ਹਾਂ ਦੱਸਿਆ ਕਿ ਸਾਡੇ ਪ੍ਰਵਾਰ ਵੱਲੋਂ ਵਿਜੇ ਕੁਮਾਰ ਧੀਰ ਕੋਟ ਈਸੇ ਖਾਂ, ਜਿਸ ਨੇ ਬੀਤੇ ਦਿਨੀਂ ਸਾਡੇ ਪ੍ਰਵਾਰ ਖਿਲਾਫ ਗਲਤ ਬਿਆਨਬਾਜ਼ੀ ਕੀਤੀ ਗਈ ਸੀ ਉਸ ਵਿਰੁੱਧ ਅਤੇ ਹੁਣ ਆਪ ਪਾਰਟੀ ਦੇ ਉਮੀਦਵਾਰ ਲਾਡੀ ਢੋਸ ਅਤੇ ਲਛਮਣ ਸਿੰਘ ਵਿਰੁੱਧ ਜਿਸ ਦੇ ਘਰ ਵਿਚ ਸਾਡੇ ਪ੍ਰਵਾਰ ਵਿਰੁੱਧ ਗਲਤ ਬਿਆਨ ਬਾਜੀ ਕੀਤੀ ਗਈ ਹੈ ਨੂੰ ਲੈਕੇ ਕੋਰਟ ਵਿੱਚ ਮਾਨਹਾਨੀ ਦਾ ਕੇਸ ਲਾਉਣ ਜਾਂ ਰਹੇ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਬਿਨਾਂ ਕਿਸੇ ਸਬੂਤਾਂ ਤੋ ਬਿਆਨਬਾਜੀ ਕਰਨ ਦੀ ਫਿਤਰਤ ਬਣ ਚੁੱਕੀ ਹੈ ਪਰ ਸਮਰਾ ਪਰਿਵਾਰ ਬਰਦਾਸ਼ਤ ਨਹੀਂ ਕਰੇਗਾ। ਇਸ ਮੌਕੇ ਇਕਬਾਲ ਸਿੰਘ ਸਮਰਾ ਦੇ ਭਰਾ ਜਗਤਾਰ ਸਿੰਘ ਬਿੱਲੂ ਯੂ ਐੱਸ ਏ ਅਤੇ ਸੁਖਮੰਦਰ ਸਿੰਘ ਸਮਰਾ ਯੂ ਐੱਸ ਏ ਵੀ ਹਾਜ਼ਰ ਸਨ।