ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਚ ਉਦਯੋਗਿਕ ਕ੍ਰਾਂਤੀ ਲਈ ਰੋਡ ਮੈਪ ਕੀਤਾ ਤਿਆਰ : ਡਾ: ਹਰਜੋਤ ਕਮਲ
*ਪੰਜਾਬ ਦੇ ਸਮੁੱਚੇ ਵਿਕਾਸ ਅਤੇ ਬੇਰੋਜ਼ਗਾਰੀ ਦੂਰ ਕਰਨ ਲਈ ਉਦਯੋਗਿਕ ਕ੍ਰਾਂਤੀ ਜ਼ਰੂਰੀ: ਡਾ: ਹਰਜੋਤ ਕਮਲ
ਮੋਗਾ,13 ਫਰਵਰੀ (ਜਸ਼ਨ) ਮੋਗਾ ਵਿਖੇ ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਮੀਅਿੰਗ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਇਹਨਾਂ ਵਿਧਾਨ ਸਭਾ ਚੋਣਾਂ ਦੀ ਵਿਲੱਖਣਤਾ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਆਪਣੇ ਬਲਬੂਤੇ ’ਤੇ ਚੋਣ ਲੜ ਰਹੀ ਹੈ ਅਤੇ ਪੰਜਾਬ ਨੂੰ ਮਜਬੂਤ ਕਰਨ ਦੇ ਨਾਲ ਨਾਲ ਉਦਯੋਗਿਕ ਕ੍ਰਾਂਤੀ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਪਹਿਲਾਂ ਹੀ ਬਲਿਊ ਪਿ੍ਰੰਟ ਤਿਆਰ ਕਰ ਲਿਆ ਗਿਆ ਹੈ । ਡਾ: ਹਰਜੋਤ ਕਮਲ ਨੇ ਆਖਿਆ ਕਿ ਸਮਰਿਧ ਪੰਜਾਬ ਯੋਜਨਾ ਅਧੀਨ ਪੰਜਾਬ ਦੇ ਰਵਾਇਤੀ ਹੈਂਡਲੂਮ ਅਤੇ ਹੈਂਡੀਕਰਾਫ਼ਟ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ 100 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸੂਬੇ ਵਿਚ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਕਾਰੋਬਾਰ ਅਨੂਕੂਲ ਵਾਤਾਵਰਣ, ਬੁਨਿਆਦੀ ਢਾਂਚੇ ਦਾ ਵਿਕਾਸ, ਪਾਣੀ ਦੀ ਸਪਲਾਈ ਅਤੇ ਆਵਾਜਾਈ ਦੀਆਂ ਸਹੂਲਤਾਂ ਪਹਿਲ ਦੇ ਆਧਾਰ ’ਤੇ ਮੁਹਈਆ ਕਰਵਾਈਆਂ ਜਾਣਗੀਆਂ ਜਦਕਿ ਟੈਕਸ ਫਰੀ ਉਦਯੋਗਿਕ ਕਲੱਸਟਰ ਬਣਾਏ ਜਾਣਗੇ। ਉਹਨਾਂ ਆਖਿਆ ਕਿ ‘ਇਕ ਜ਼ਿਲ੍ਹਾ ਤੇ ਇਕ ਉਤਪਾਦ’ ਯੋਜਨਾ ਤਹਿਤ ਹਰ ਜ਼ਿਲ੍ਹੇ ਨੂੰ ਰਵਾਇਤੀ ਉਦਯੋਗਿਕ ਵਿਸ਼ੇਸ਼ਤਾਵਾਂ ਦੇ ਆਧਾਰ ’ਤੇ ਵਿਕਸਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਛੋਟੇ ਉਦਯੋਗਾਂ ਨੂੰ ਚਾਰ ਰੁਪਏ ਪ੍ਰਤੀ ਯੁਨਿਟ ਅਤੇ ਬਾਕੀ ਦੇ ਉਦਯੋਗਾਂ ਨੂੰ ਪੰਜ ਰੁਪਏ ਪ੍ਰਤੀ ਯੁਨਿਟ ਬਿਜਲੀ ਦਿੱਤੀ ਜਾਵੇਗੀ। ਡਾ: ਹਰਜੋਤ ਕਮਲ ਨੇ ਆਖਿਆ ਕਿ ਵੈਟ ਦੇ ਬਕਾਏ ਦਾ ਨਿਪਟਾਰਾ ਡੀਲਰ ਅਨੂਕੂਲ ‘ਵਨ ਟਾਈਮ ਸੈਟਲਮੈਂਟ ਸਕੀਮ’ ਰਾਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਲੰਧਰ ਸ਼੍ਰੀ ਅਮਿ੍ਰਤਸਰ ਅਤੇ ਬਠਿੰਡਾ ਨੂੰ ਖੁਸ਼ਕ ਬੰਦਰਗਾਹ ਵਜੋਂ ਵਿਕਸਤ ਕਰਨ ਨਾਲ ਪੰਜਾਬ ਵਿਚ ਵਪਾਰ ਦੀ ਨਵੀਂ ਹਵਾ ਵਗੇਗੀ ਜਦਕਿ ਲੁਧਿਆਣਾ ਨੂੰ ਗਲੋਬਲ ਐਂਟਰਪ੍ਰਾਈਜ਼ ਜ਼ੋਨ ਵਜੋਂ ਵਿਕਸਤ ਕਰਨ ਨਾਲ ਪੰਜਾਬ ਉਦਯੋਗ ਪੱਖੋਂ ਸਾਰੀ ਦੁਨੀਆਂ ਲਈ ਖਿੱਚ ਦਾ ਕੇਂਦਰ ਬਣੇਗਾ। ਉਹਨਾਂ ਕਿਹਾ ਕਿ ਕੋਵਿਡ ਦੌਰਾਨ ਉਦਯੋਗਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਰਾਹਤ ਪੈਕੇਜ ਦਿੱਤਾ ਜਾਵੇਗਾ। ਉਹਨਾਂ ਆਖਿਆ ਕਿ ਟੈਕਸਾਂ ਨੂੰ ਤਰਕਸੰਗਤ ਬਣਾਉਂਦਿਆਂ ‘ਸਿੰਗਲ ਵਿੰਡੋ ਕਲੀਅਰੈਂਸ ਵਿਧੀ’ ਅਪਣਾਉਂਦਿਆਂ 15 ਦਿਨਾਂ ਵਿਚ ਪਰਮਿਟ ਦਿੱਤੇ ਜਾਣਗੇ ਤਾਂ ਕਿ ਪੰਜਾਬ ਦੇਸ਼ ਦੇ ਚੋਟੀ ਦੇ ਪੰਜ ਰਾਜਾਂ ਵਿਚ ਸ਼ਾਮਲ ਹੋ ਸਕੇ ਜਿੱਥੇ ਕਾਰੋਬਾਰੀ ਨੀਤੀ ਬੇਹੱਦ ਸਰਲ ਹੈ। ਵਿਧਾਇਕ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਸਾਲ ਦਰ ਸਾਲ ਪੱਛੜਦਾ ਗਿਆ ਪਰ ਹੁਣ ਇਕ ਮੌਕਾ ਹੈ ਕਿ ਪੰਜਾਬ ਵਿਚ ਰਾਸ਼ਟਰ ਪੱਧਰ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਸੌਂਪੀ ਜਾਵੇ ਤਾਂ ਹੀ ਪੰਜਾਬ ਉਜੜਨ ਤੋਂ ਬੱਚ ਸਕਦਾ ਹੈ।