ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਵੱਲੋਂ ਮੋਗਾ ਹਲਕੇ ਲਈ 20 ਮਤੇ ਹਲਫਨਾਮੇ ਵਜੋਂ ਜਾਰੀ

ਮੋਗਾ, 15 ਫਰਵਰੀ  (ਜਸ਼ਨ):ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਮੋਗਾ ਹਲਕੇ ਤੋਂ ਉਮੀਦਵਾਰ ਮਾਲਵਿਕਾ ਸੂਦ ਨੇ ਸੋਮਵਾਰ ਨੂੰ ਮੋਗੇ ਆਪਣੀ ਰਿਹਾਇਸ਼ ਵਿਖੇ, ਆਪਣੇ ਵੱਡੇ ਭਰਾ ਅਦਾਕਾਰ ਸੋਨੂੰ ਸੂਦ ਨਾਲ  ਪ੍ਰੈੱਸ ਕਾਨਫਰੰਸ ਕੀਤੀ ਜਿਸ ਵਿੱਚ ਉਹ ਮੀਡੀਏ ਨਾਲ ਰੂਬਰੂ ਹੋਏ। ਇਸ ਪ੍ਰੈੱਸ ਕਾਨਫਰੰਸ ਦੌਰਾਨ ਉਹਨਾਂ ਨੇ ਮੋਗਾ ਹਲਕੇ ਲਈ ਆਪਣੇ ਮੈਨੀਫੈਸਟੋ ਦੇ 20 ਮਤਿਆਂ 'ਤੇ ਚਾਣਨਾ ਪਾਇਆ ਅਤੇ ਉਹਨਾਂ ਬਾਬਤ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਅਸੀਂ ਇਹ 20 ਮਤੇ ਮੋਗਾ ਹਲਕੇ ਦੇ ਵਿਕਾਸ, ਤਰੱਕੀ ਅਤੇ ਭਲਾਈ ਲਈ ਨਿਰਧਾਰਤ ਕੀਤੇ ਹਨ ਅਤੇ ਇਹਨਾਂ 20‌ ਮਤਿਆਂ 'ਤੇ ਉਹ ਦ੍ਰਿੜ ਖੜ੍ਹੇ ਹਨ। ਉਹਨਾਂ ਮੁਤਾਬਕ ਜੇਕਰ ਮਾਲਵਿਕਾ ਸੂਦ ਮੋਗਾ ਹਲਕੇ ਤੋਂ ਜਿੱਤਦੇ ਹਨ ਤਾਂ ਉਹ ਜਿੱਤਣ ਉਪਰੰਤ ਝੱਟ ਇਹਨਾਂ 20 ਮਤਿਆਂ 'ਤੇ ਕਾਰਜਸ਼ੀਲ ਹੋ ਜਾਣਗੇ। 

ਉਹਨਾਂ 20 ਮਤਿਆਂ ਮੁਤਾਬਿਕ ਮੋਗਾ ਹਲਕੇ ਵਿੱਚ ਵੱਧ ਤੋਂ ਵੱਧ ਇੰਡਸਟਰੀ ਵਿਕਸਿਤ ਕਰਵਾ ਕੇ ਰੁਜ਼ਗਾਰ ਦੇਣ ਦੇ ਵਿਸ਼ੇਸ਼ ਉਪਰਾਲੇ ਕਰਵਾਏ ਜਾਣਗੇ।  ਘਰੇਲੂ ਮਹਿਲਾਵਾਂ ਸਿਰ ਚੜ੍ਹੇ ਬਕਾਇਆ ਕਰਜ਼ੇ ਮੁਆਫ ਕਰਵਾਉਣ ਦੀ ਵਿਸ਼ੇਸ਼ ਰਣਨੀਤੀ ਬਣਾਈ ਜਾਵੇਗੀ। ਗੋਧੇਵਾਲਾ ਸਟੇਡੀਅਮ ਦੀ ਮੁਰੰਮਤ ਕਰਵਾਈ ਜਾਵੇਗੀ ਅਤੇ ਉੱਤਮ ਦਰਜ਼ੇ ਦੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ! ਮੋਗਾ ਹਲਕੇ ਦੇ ਸਭਨਾਂ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ 'ਤੇ ਲਿਜਾਣ ਲਈ ਨਵੇਂ ਕੋਚਾਂ ਦੀ ਭਰਤੀ ਕਰਵਾਈ ਜਾਵੇਗੀ। . ਬਾਲਟਨ ਗੰਜ ਦੀ ਰਜਿਸਟਰੀ ਸਮੱਸਿਆ ਦਾ ਬਿਹਤਰ ਹੱਲ ਕੱਢਿਆ ਜਾਵੇਗਾ !ਮੋਗੇ ਦੀ ਰੇਲ ਯਾਰਡ ਪਲੇਟੀ ਨੂੰ  ਸ਼ਹਿਰ ਤੋਂ ਬਾਹਰ ਕੱਢਵਾਇਆ ਜਾਵੇਗਾ। ਮੋਗਾ ਹਲਕੇ ਦੇ ਪਿੰਡਾਂ 'ਚ ਸੀਂਚੇਵਾਲ ਮਾਡਲ ਰਾਹੀਂ ਗੰਧਲੇ ਪਾਣੀ ਦੀ ਨਿਕਾਸੀ ਦਾ  ਮੁਕੰਮਲ ਹੱਲ ਕੀਤਾ ਜਾਵੇਗਾ। ਨਸ਼ੇ ਨੂੰ ਜੜ੍ਹੋਂ ਖਤਮ ਕਰਨ ਲਈ ਨਸ਼ਾ ਵਿਰੋਧੀ ਟਾਸਕ ਫੋਰਸ ਗਠਿਤ ਕੀਤੀ ਜਾਵੇਗੀ। ਨਸ਼ੇ 'ਚ ਧੱਸ ਚੁੱਕੇ ਨੌਜਵਾਨਾਂ ਦੇ ਇਲਾਜ ਲਈ ਖੋਲ੍ਹੇ ਮੁੜ ਵਸੇਬਾ ਕੇਂਦਰ ਖੋਲ੍ਹੇ ਜਾਣਗੇ। ਜ਼ਿਲ੍ਹੇ ਦੇ ਸਿਵਲ ਹਸਪਤਾਲ ਅਤੇ ਪਿੰਡਾਂ 'ਚ ਡਿਸਪੈਂਸਰੀਆਂ ਦਾ ਆਧੁਨੀਕੀਕਰਨ ਕਰਵਾਇਆ ਜਾਵੇਗਾ।  ਸ਼ਹਿਰਾਂ ਅਤੇ ਪਿੰਡਾਂ 'ਚ ਸੀਵਰੇਜ / ਜਲ ਸਪਲਾਈ ਦੀਆਂ ਉੱਤਮ ਦਰਜ਼ੇ ਦੀਆਂ ਸਹੂਲਤਾਂ  ਮੁਹੱਈਆ ਕਰਵਾਈਆਂ ਜਾਣਗੀਆਂ। ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਮੋਗੇ ਤੋਂ ਦਿੱਲੀ ਤੱਕ ਰੋਜ਼ਾਨਾ ਰੇਲ ਸਹੂਲਤ ਮੁਹੱਈਆ ਕਰਵਾਉਣ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ। ਹਰ ਪਿੰਡ ਵਿੱਚ ਵਧੀਆ ਦਰਜ਼ੇ ਦੀਆਂ ਸੜਕਾਂ ਅਤੇ ਗਲੀਆਂ ਬਣਵਾਈਆਂ ਜਾਣਗੀਆਂ। ਮੋਗੇ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਅਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਪਿੰਡਾਂ ਅਤੇ ਸ਼ਹਿਰਾਂ ਦੇ ਸਰਕਾਰੀ ਸਕੂਲ ਬਾਰਵੀਂ ਜਮਾਤ ਤੱਕ ਕਰਵਾਏ ਜਾਣਗੇ ਅਤੇ ਉਹਨਾਂ ਦਾ ਆਧੂਨੀਕੀਕਰਨ ਕਰਵਾਇਆ ਜਾਵੇਗਾ।  ਮੋਗਾ ਹਲਕੇ ਦੇ ਬਜ਼ਾਰਾਂ ਵਿੱਚ ਆਧੁਨਿਕ ਪਾਰਕਿੰਗ ਸਹੂਲਤ ਮੁਹੱਈਆ ਕਰਵਾਈ ਜਾਵੇਗੀ।  ਹਰ ਗਲੀ ਵਿੱਚ, ਸੜਕਾਂ 'ਤੇ ਮਹਿਲਾਵਾਂ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਅਤੇ ਸਟਰੀਟ ਲਾਈਟਾਂ ਲੱਗਵਾਈਆਂ ਜਾਣਗੀਆਂ। ਮੋਗੇ ਵਿੱਚ ਸਥਾਨਕ ਬੱਸਾਂ ਦੀ ਸਹੂਲਤ ਸ਼ੁਰੂ ਕਰਵਾਈ ਜਾਵੇਗੀ। ਮੋਗੇ ਨੂੰ ਵਾਤਾਵਰਨ ਅਨੁਕੂਲਿਤ ਸ਼ਹਿਰ ਬਣਵਾਉਣ ਲਈ ਮੋਗੇ ਦੀਆਂ ਸੜਕਾਂ ਨਾਲ ਰੁੱਖ ਲਗਵਾਏ ਜਾਣਗੇ।  ਹਰ ਸਰਕਾਰੀ ਮਹਿਕਮੇ ਵਿੱਚੋਂ ਭ੍ਰਸ਼ਟਾਚਾਰ ਜੜ੍ਹੋਂ ਖਤਮ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਉਹ ਮੋਗਾ ਹਲਕੇ ਦਾ ਵਰਤਮਾਨ ਅਤੇ ਭਵਿੱਖ ਸਵਾਰਨ ਲਈ ਇਹ ਮਤੇ ਲਿਆਏ ਹਨ ਅਤੇ ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇਹ ਸਾਰੇ ਮਤੇ ਇੱਕ ਐਫੀਡੈਵਿਟ (ਹਲਫ਼ਨਾਮੇ) ਵਜੋਂ ਪੇਸ਼ ਕੀਤੇ। 

ਮਾਲਵਿਕਾ ਸੂਦ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਲੰਮੇ ਅਰਸੇ ਤੋਂ ਲੋਕ ਸੇਵਾ ਵਿੱਚ ਹਾਜ਼ਰ ਰਹੇ ਹਨ ਅਤੇ ਹੁਣ ਉਹ ਸਰਕਾਰੀ ਵਿਵਸਥਾ ਰਾਹੀਂ ਲੋਕ ਭਲਾਈ ਦੇ ਕਾਰਜ ਕਰਨਾ ਚਾਹੁੰਦੇ ਹਨ। ਬਿਨਾਂ ਸਰਕਾਰੀ ਮਦਦ ਦੇ ਵੀ ਉਹਨਾਂ ਨੇ ਲੱਖਾਂ ਲੋਕਾਂ ਲਈ ਸੇਵਾ ਕਾਰਜ ਕੀਤੇ ਅਤੇ ਹੁਣ ਸਰਕਾਰੀ ਵਿਵਸਥਾ ਰਾਹੀਂ ਲੋਕ ਭਲਾਈ ਕਰਨ ਦਾ ਮੌਕਾ ਮਿਲੇਗਾ ਤਾਂ ਹੋਰ ਵੀ ਵੱਡੇ ਅਤੇ ਕਾਰਗਰ ਤਰੀਕੇ ਨਾਲ ਉਹ ਲੋਕਾਂ ਦੀ ਸੇਵਾ ਕਰ ਸਕਣਗੇ।