ਕਾਂਗਰਸੀ ਆਗੂ ਬੀਬੀ ਜਗਦਰਸ਼ਨ ਕੌਰ ਅਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ(ਕਾਰਜਕਾਰੀ) ਪਰਮਿੰਦਰ ਡਿੰਪਲ ਨੇ ਕਾਕਾ ਲੋਹਗੜ੍ਹ ਦੀ ਚੋਣ ਮੁਹਿੰਮ ਨੂੰ ਸਿਖਰ ਤੇ ਪਹੁੰਚਾਇਆ
ਮੋਗਾ, 12 ਫਰਵਰੀ (ਜਸ਼ਨ): ਧਰਮਕੋਟ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਰਵੇਸ਼ ਸਿਆਸਤਦਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਪੰਜਾਬ ਮਹਿਲਾ ਕਮਿਸ਼ਨ ਦੀ ਮੈਂਬਰ ਬੀਬੀ ਜਗਦਰਸ਼ਨ ਕੌਰ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਡਿੰਪਲ (ਕਾਰਜਕਾਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਮੋਗਾ) ਨੇ ਕਾਕਾ ਲੋਹਗੜ ਦੇ ਹੱਕ ਵਿਚ ਚੋਣ ਪ੍ਰਚਾਰ ਵਿਚ ਨਿਤਰਨ ਦਾ ਐਲਾਨ ਕਰ ਦਿੱਤਾ।ਜ਼ਿਕਰਯੋਗ ਹੈ ਕਿ ਧਰਮਕੋਟ ਹਲਕੇ ਵਿਚ ਵੱਡਾ ਜਨਤਕ ਆਧਾਰ ਰੱਖਦੇ ਬੀਬੀ ਜਗਦਰਸ਼ਨ ਕੌਰ ਪਾਰਟੀ ਤੋਂ ਰਤਾ ਕੁ ਨਾਰਾਜ਼ ਚੱਲ ਰਹੇ ਸਨ ਜਦਕਿ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਡਿੰਪਲ ਹਲਕਾ ਨਿਹਾਲ ਸਿੰਘ ਵਾਲਾ ਤੋਂ ਟਿਕਟ ਦੇ ਦਾਅਵੇਦਾਰ ਸਨ ਪਰ ਪਾਰਟੀ ਵਲੋਂ ਟਿਕਟ ਨਾ ਮਿਲਣ ਕਾਰਨ ਉਹ ਵੀ ਨਿਰਾਸ਼ਾ ਦੇ ਆਲਮ ਵਿਚ ਸਨ ਪਰ ਅੱਜ ਦਰਵੇਸ਼ ਸਿਆਸਤਦਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਉਨ੍ਹਾਂ ਨੂੰ ਆਪਣੀ ਚੋਣ ਮੁਹਿੰਮ ਵਿਚ ਸ਼ਾਮਿਲ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। ਇਸ ਮੌਕੇ ਤੇ ਬੀਬੀ ਜਗਦਰਸ਼ਨ ਕੌਰ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਧਰਮਕੋਟ ਹਲਕੇ ਤੋਂ ਲੋਹਗੜ ਦੀ ਚੋਣ ਮੁਹਿੰਮ ਵਿਚ ਆਪਣੇ ਸਮਰਥਕਾਂ ਨਾਲ ਪੂਰੀ ਸ਼ਿੱਦਤ ਨਾਲ ਭਾਗ ਲੈਣਗੇ ਅਤੇ ਧਰਮਕੋਟ ਹਲਕੇ ਤੋਂ ਕਾਕਾ ਲੋਹਗੜ੍ਹ ਨੂੰ ਵੱਡੀ ਲੀਡ ਨਾਲ ਜਿਤਾਉਣਗੇ । ਇਸ ਮੌਕੇ ਤੇ ਕਾਂਗਰਸੀ ਉਮੀਦਵਾਰ ਸੁਖਜੀਤ ਸਿੰਘ ਲੋਹਗੜ੍ਹ ਨੇ ਬੀਬੀ ਜਗਦਰਸ਼ਨ ਕੌਰ ਅਤੇ ਪਰਮਿੰਦਰ ਸਿੰਘ ਡਿੰਪਲ ਵਲੋਂ ਉਨਾਂ ਦੀ ਚੋਣ ਮੁਹਿੰਮ ਵਿਚ ਉਨ੍ਹਾਂ ਦਾ ਸਾਥ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਬੀਬੀ ਜਗਦਰਸ਼ਨ ਕੌਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਧਰਮਕੋਟ ਹਲਕੇ ਅੰਦਰ ਜੋ ਲਿੰਕ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਉਹਨਾਂ ਦੇ ਵਿਕਾਸ ਨੂੰ ਅੱਜ ਵੀ ਲੋਕ ਯਾਦ ਕਰ ਰਹੇ ਹਨ ਅਤੇ ਸਾਡੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ 111 ਦਿਨਾਂ ਦੇ ਕਾਰਜ ਕਾਲ ਦੌਰਾਨ ਲੋਕ ਹਿੱਤ ਵਿੱਚ ਲਏ ਫੈਸਲਿਆਂ ਕਾਰਨ ਪੰਜਾਬ ਵਿਚ ਇਸ ਵਾਰ ਫੇਰ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।ਉਹਨਾਂ ਕਿਹਾ ਕਿ ਧਰਮਕੋਟ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਉਪਰੰਤ ਉਹ ਬੀਬੀ ਜੀ ਦੇ ਸਹਿਯੋਗ ਨਾਲ ਧਰਮਕੋਟ ਦੀ ਕਾਇਆ ਕਲਪ ਕਰਨ ਲਈ ਨਵਾਂ ਮਿਸ਼ਨ ਅਰੰਭਣਗੇ।ਇਸ ਮੌਕੇ ਇਕਬਾਲ ਸਿੰਘ ਸਮਰਾ ਯੂ ਐਸ ਏ,ਸੁਖਮੰਦਰ ਸਿੰਘ ਸਮਰਾ ਯੂ ਐਸ ਏ,ਰਾਜੂ ਸਮਰਾ ਯੂ ਐਸ ਏ, ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਕੁਲਬੀਰ ਸਿੰਘ ਲੌਂਗੀਵਿੰਡ ਚੇਅਰਮੈਨ ਲੈਂਡ ਮਾਰਗੇਜ਼ ਬੈਂਕ, ਸੋਹਣਾ ਖੇਲਾ ਪੀ ਏ, ਪੱਪੂ ਨਾਥ ਪ੍ਰਧਾਨ ,ਸੁਧੀਰ ਗੋਇਲ ਚੇਅਰਮੈਨ ਮਾਰਕੀਟ ਕਮੇੱਟੀ, ਕੌਂਸਲਰ ਸੁਖਦੇਵ,ਕੌਂਸਲਰ ਨਿਰਮਲ ਸਿੰਘ,ਕੌਂਸਲਰ ਗੁਰਪਿੰਦਰ ਸਿੰਘ ,ਕੌਂਸਲਰ ਸਚਿਨ,ਕੌਂਸਲਰ ਮਨਜੀਤ ਸਿੰਘ, ਕੌਂਸਲਰ ਸੁਖਵੀਰ ਸਿੰਘ,ਕੌਂਸਲਰ ਚਮਕੌਰ ਸਿੰਘ,ਸਾਬਕਾ ਕੌਂਸਲਰ ਮੇਅਰ ਸਿੰਘ ਰਾਇ, ਧੀਰਜ ਗਰੋਵਰ ਸ਼ਹਿਰੀ ਪ੍ਰਧਾਨ ,ਸੇਵਕ ਸਿੰਘ ਚਾਹਲ, ਨਿੱਕਾ ਸਿੰਘ, ਰਾਕੀ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ।ਇਸ ਮੌਕੇ ਗੁਰਬੀਰ ਸਿੰਘ ਗੋਗਾ ਸਾਬਕਾ ਚੇਅਰਮੈਨ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਈ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਚੋਣ ਮੁਹਿੰਮ ਦੌਰਾਨ ਪਹਿਲਾਂ ਹੀ ਹਲਕਾ ਵਾਸੀਆਂ ਵਲੋਂ ਬੇਤਹਾਸ਼ਾ ਪਿਆਰ ਤੇ ਸਮਰਥਨ ਦਿੱਤਾ ਜਾ ਰਿਹਾ ਸੀ ਪਰ ਹੁਣ ਬੀਬੀ ਜੀ ਦੇ ਸਹਿਯੋਗ ਨਾਲ, ਬਾਈ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਜਿੱਤ ਇਤਿਹਾਸਿਕ ਹੋ ਨਿਬੜੇਗੀ। ਪਿੰਡ ਜਲਾਲਾਬਾਦ ਦੇ ਮਰਹੂਮ ਸਰਪੰਚ ਸਰਦਾਰ ਨੱਥਾ ਸਿੰਘ ਦੇ ਸਪੁੱਤਰ ਨਿਰਮਲ ਸਿੰਘ ਬਿੱਟੂ (ਮੀਤ ਪ੍ਰਧਾਨ ਕੋਆਪ੍ਰੇਟਿਵ ਸੋਸਾਇਟੀ) ਨੇ ਆਖਿਆ ਕਿ ਬਾਈ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਜਿੱਤ ਤੈਅ ਹੈ, ਬੱਸ ਲੋਕਾਂ ਨੂੰ 20 ਫਰਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਹੈ।