ਕਾਂਗਰਸ ਨੂੰ ਜਬਰਦਸਤ ਝਟਕਾ , ਮੋਗਾ ਜ਼ਿਲ੍ਹੇ ਦਾ ਕਾਰਜਕਾਰੀ ਪ੍ਰਧਾਨ ‘ਆਪ‘ ‘ਚ ਸ਼ਾਮਲ

ਮੋਗਾ, 10 ਫਰਵਰੀ (ਜਸ਼ਨ): ਵਿਧਾਨ ਸਭਾ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਮੋਗਾ ਵਿੱਚ ਕਾਂਗਰਸ ਪਾਰਟੀ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਗੁਰਮੀਤ ਮੁਖੀਜਾ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ । ਉਹਨਾਂ ਦੇ ਨਾਲ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਦੋ ਹੋਰ ਕੌਂਸਲਰ  ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।  ਮੁਖੀਜਾ ਦੇ ‘ਆਪ‘ ‘ਚ ਸ਼ਾਮਲ ਹੋਣ ਨਾਲ ਸੱਤਾਧਾਰੀ ਕਾਂਗਰਸ ਪਾਰਟੀ ਦੀਆਂ ਚੋਣ ਸੰਭਾਵਨਾਵਾਂ ‘ਤੇ ਨਕਾਰਾਤਮਕ ਅਸਰ ਪਵੇਗਾ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਉਪਰੰਤ ਮੋਗਾ ਤੋਂ ਮੁਖੀਜਾ ਨੂੰ ਸਹਿ ਜ਼ਿਲ੍ਹਾ ਪ੍ਰਧਾਨ ਥਾਪਿਆ ਗਿਆ ਸੀ ਅਤੇ ਮਹਿਜ਼ 24 ਘੰਟੇ ਪਹਿਲਾਂ ਮੋਗਾ ਜ਼ਿਲ੍ਹੇ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਘਾਪੁਰਾਣਾ ਵਿਚ ਦਰਸ਼ਨ ਬਰਾੜ ਅਤੇ ਮੋਗਾ ਵਿਚ ਮਾਲਵਿਕਾ ਸੂਦ ਦੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ ਤਾਂ ਕਿ ਵਿਧਾਨ ਸਭਾ ਚੋਣਾਂ ਲਈ ਇਹਨਾਂ ਉਮੀਦਵਾਰਾਂ ਦੇ ਹੱਕ ਵਿਚ ਲਹਿਰ ਬਣਾਈ ਜਾ ਸਕੇ ਪਰ ਮੁਖੀਜਾ ਦੇ ਅਸਤੀਫ਼ੇ ਨਾਲ ਉਲਟਾ ਹੁਣ ਕਾਂਗਰਸ ਨੂੰ ਇਹ ਵੱਡਾ ਧੱਕਾ ਲੱਗਾ ਹੈ।