ਭਾਰਤੀ ਜਨਤਾ ਪਾਰਟੀ ਵੱਲੋਂ ਐਲਾਨੇ ਸੰਕਲਪ ਪੱਤਰ ਵਿਚ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਕੀਤੇ ਐਲਾਨਾਂ ਸਦਕਾ, ਖੁਦਕੁਸ਼ੀਆਂ ਦਾ ਦੌਰ ਹੋਵੇਗਾ ਖਤਮ: ਲਖਵੀਰ ਸਿੰਘ ਪ੍ਰਿੰਸ ਗੈਦੂ

ਮੋਗਾ, 9 ਫਰਵਰੀ (ਜਸ਼ਨ): ਭਾਜਪਾ ਦੇ ਨੌਜਵਾਨ ਆਗੂ ਲਖਵੀਰ ਸਿੰਘ ਪ੍ਰਿੰਸ  ਗੈਦੂ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਐਲਾਨੇ ਸੰਕਲਪ ਪੱਤਰ ਵਿਚ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਲਈ ਕੀਤੇ ਐਲਾਨਾਂ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੰਜ ਏਕੜ ਤੋਂ ਘੱਟ ਜ਼ਮੀਨ ਵਾਲੇ ਸਾਰੇ ਕਿਸਾਨਾਂ ਦਾ ਖੇਤੀ ਕਰਜ਼ਾ ਮੁਆਫ ਕਰਨ ਨਾਲ ਖੁਦਕੁਸ਼ੀਆਂ ਦਾ ਦੌਰ ਖਤਮ ਹੋਵੇਗਾ। ਪ੍ਰਿੰਸ ਗੈਦੂ ਨੇ ਆਖਿਆ ਕਿ ਸੰਕਲਪ ਪੱਤਰ ਮੁਤਾਬਕ ਬੇਜ਼ਮੀਨੇ ਕਿਸਾਨਾਂ ਨੂੰ ਇੱਕ ਲੱਖ ਏਕੜ ਸ਼ਾਮਲਾਟ ਜਮੀਨ ਅਲਾਟ ਕੀਤੀ ਜਾਵੇਗੀ ਅਤੇ 6000/- ਰੁਪਏ ਦੀ ਸਾਲਾਨਾ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਫਲਾਂ, ਸਬਜੀਆਂ, ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਘੱਟੋ-ਘੱਟ ਸਮਰਥਨ ਮੁੱਲ ਪ੍ਰਣਾਲੀ ਦਾ ਵਿਸਤਾਰ। ਇਸ ਲਈ 5000 ਕਰੋੜ ਰੁਪਏ ਦਾ ਸਾਲਾਨਾ ਬਜ਼ਟ ਮਨਜ਼ੂਰ ਕੀਤਾ ਜਾਵੇਗਾ। ਪ੍ਰਿੰਸ ਗੈਦੂ ਨੇ ਆਖਿਆ ਕਿ ਜੈਵਿਕ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਲਈ ਰਾਜ ਦੇ ਸਾਲਾਨਾ ਖੇਤੀ ਬਜ਼ਟ ਵਿੱਚ 5000 ਕਰੋੜ ਰੁਪਏ ਦਾ ਸਾਲਾਨਾ ਵਾਧਾ ਕੀਤਾ ਜਾਵੇਗਾ। ਕਿਸਾਨਾਂ ਨੂੰ ਟਿਊਬਵੈੱਲ ਲਗਾਉਣ ਲਈ ਸਬਸਿਡੀ ਦਿੱਤੀ ਜਾਵੇਗੀ ਅਤੇ ਨਹਿਰਾਂ ‘ਤੇ ਸੋਲਰ ਪੈਨਲ ਲਗਾਏ ਜਾਣਗੇ। ਖੇਤੀਬਾੜੀ ਦੇ ਵਿਕਾਸ ਲਈ ਨਵੀਆਂ ਖੇਤੀਬਾੜੀ ਯੂਨੀਵਰਸਿਟੀਆਂ ਖੋਲ੍ਹੀਆਂ ਜਾਣਗੀਆਂ ਅਤੇ ਪੰਜਾਬ ਇੰਸਟੀਚਿਊਟ ਆਫ ਐਗਰੀਕਲਚਰਲ ਪ੍ਰਯੋਗਾਂ ਦੀ ਸਥਾਪਨਾ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਪ੍ਰਧਾਨ ਮੰਤਰੀ ਖੇਤਬਾੜੀ ਸਿੰਚਾਈ ਯੋਜਨਾ ਦੇ ਤਹਿਤ ਲੰਬੇ ਸਮੇਂ ਤੋਂ ਲਟਕ ਰਹੀਆਂ ਸਿੰਚਾਈ ਯੋਜਨਾਵਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਨਵੀਆਂ ਸਿੰਚਾਈ ਯੋਜਨਾਵਾਂ ਸੁਰੂ ਕੀਤੀਆਂ ਜਾਣਗੀਆਂ ਜਦਕਿ ਦੁੱਧ ਤੋਂ ਦਹੀ, ਘਿਓ, ਪਨੀਰ ਅਤੇ ਲੱਸੀ ਬਣਾਉਣ ਲਈ ਹਰੇਕ ਪਿੰਡ ਵਿੱਚ 30 ਪਿੰਡਾਂ ਦੇ ਕਲੱਸਟਰਾਂ ਵਿੱਚ ਚਿਲਿੰਗ ਸੈਂਟਰ ਸਥਾਪਿਤ ਕੀਤੇ ਜਾਣਗੇ। ਪ੍ਰਿੰਸ ਗੈਦੂ ਨੇ ਆਖਿਆ ਕਿ ਹਰ ਤਹਿਸੀਲ ਵਿੱਚ ਪਸ਼ੂ ਹਸਪਤਾਲ ਖੋਲ੍ਹੇ ਜਾਣ ਅਤੇ ਮੁਹਾਲੀ, ਬਠਿੰਡਾ, ਅੰਮਿ੍ਰਤਸਰ, ਪਠਾਨਕੋਟ ਵਿਖੇ ਨਵੇਂ ਕੋਲਡ ਸਟੋਰ ਅਤੇ ਗੋਦਾਮ ਬਣਾਏ ਜਾਣ ਅਤੇ ਇਸ ਲਈ ਹਵਾਈ ਆਵਾਜਾਈ ਦਾ ਪ੍ਰਬੰਧ ਕੀਤੇ ਜਾਣ ਨਾਲ ਖੇਤੀ ਦਾ ਮੂੁੰਹ ਮੁਹਾਂਦਰਾ ਬਦਲ ਜਾਵੇਗਾ।