ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਿਧਾਇਕ ਡਾ: ਹਰਜੋਤ ਕਮਲ ਦੀ ਧੀ ਸੁਰਮੀਤ ਕਮਲ ਨੇ ਵੀ ਪਿਤਾ ਦੇ ਹੱਕ ‘ਚ ਆਰੰਭਿਆ ਚੋਣ ਪ੍ਰਚਾਰ
ਮੋਗਾ, 6 ਫਰਵਰੀ (ਜਸ਼ਨ): ਕਾਂਗਰਸ ਦੇ ਧੋਖੇ ਦਾ ਸ਼ਿਕਾਰ ਹੋਏ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਜਿੱਥੇ ਡਾ: ਹਰਜੋਤ ਕਮਲ ਦੇ ਚਾਹੁਣ ਵਾਲਿਆਂ ਨੇ ਉਹਨਾਂ ਦੀ ਚੋਣ ਮੁਹਿੰਮ ਨੂੰ ਭਖਾਇਆ ਹੋਇਆ ਹੈ ਉੱਥੇ ਸਮੁੱਚੇ ਮੋਗਾ ਜ਼ਿਲ੍ਹੇ ਦੇ ਭਾਜਪਾ ਆਗੂ ਵੀ ਬੂਥ ਪੱਧਰ ਤੱਕ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਡਾ: ਹਰਜੋਤ ਕਮਲ ਦੀ ਜਿੱਤ ਯਕੀਨੀ ਬਣਾਉਣ ਲਈ ਉਹਨਾਂ ਦੀ ਧੀ ਵੀ ਚੋਣ ਮੈਦਾਨ ਵਿਚ ਚੋਣ ਪ੍ਰਚਾਰ ਲਈ ਸਰਗਰਮ ਹੋ ਗਈ ਹੈ। ਉੱਚ ਸਿੱਖਿਆ ਹਾਸਿਲ ਕਰ ਰਹੀ ਸੁਰਮੀਤ ਕਮਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਭਾਜਪਾ ਦੀਆਂ ਮਹਿਲਾ ਵਰਕਰਾਂ ਸੰਗ ਘਰ ਘਰ ਜਾ ਕੇ ਆਪਣੇ ਪਿਤਾ ਡਾ: ਹਰਜੋਤ ਕਮਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਲੋਕਾਂ ਨੂੰ ਡਾ: ਹਰਜੋਤ ਦੇ ਹੱਕ ਵਿਚ ਸਮਰਥਨ ਦੇਣ ਲਈ ਪ੍ਰੇਰਿਤ ਕਰਨ ਵਿਚ ਸਫ਼ਲ ਹੋ ਰਹੀ ਹੈ ੳੱੁਥੇ ਉਹ ਆਪਣੇ ਨਿੱਘੇ ਸੁਭਾਅ ਸਦਕਾ ਹਰ ਘਰ ਦੀਆਂ ਮਹਿਲਾਵਾਂ ਨੂੰ ਵੀ ਆਪਣੀ ਸ਼ਖਸੀਅਤ ਦੇ ਇਸ ਵਿਲੱਖਣ ਪਹਿਲੂ ਸਦਕਾ, ਭਾਜਪਾ ਦੇ ਹੱਕ ਵਿਚ ਤੋਰਨ ਵਿਚ ਸਫ਼ਲ ਹੋ ਰਹੀ ਹੈ। ਆਪਣੇ ਪਿਤਾ ਵਾਂਗ ਜਜ਼ਬਾਤੀ ਸੁਰਮੀਤ ਆਖਦੀ ਹੈ ਕਿ ਬੇਸ਼ੱਕ ਸਿਆਸਤ ਨਾਲ ਉਸ ਦਾ ਕੋਈ ਵਾਹ ਵਾਸਤਾ ਨਹੀਂ ਪਰ ਕਾਂਗਰਸ ਪਾਰਟੀ ਵੱਲੋਂ ਉਸ ਦੇ ਪਿਤਾ ਡਾ: ਹਰਜੋਤ ਕਮਲ ਨਾਲ ਕੀਤੀ ਦਗਾਬਾਜ਼ੀ ਕਾਰਨ ਉਸ ਦੇ ਪਿਤਾ ਦੀਆਂ ਅੱਖਾਂ ਵਿਚ ਆਏ ਅੱਥਰੂਆਂ ਨੂੰ ਉਹ ਬਰਦਾਸ਼ਤ ਨਹੀਂ ਕਰ ਸਕੀ ਅਤੇ ਆਪਣੇ ਪਿਤਾ ਲਈ ਚੋਣ ਪ੍ਰਚਾਰ ਵਰਗੇ ਅਸਲੋਂ ਨਵੇਂ ਖੇਤਰ ਵਿਚ ਪ੍ਰਵੇਸ਼ ਕਰਨ ਦਾ ਫੈਸਲਾ ਲਿਆ। ਸੁਰਮੀਤ ਆਖਦੀ ਹੈ ਕਿ ਉਸ ਨੂੰ ਇਸ ਗੱਲ ਦੀ ਖੁਸ਼ੀ ਅਤੇ ਸੰਤੋਸ਼ ਹੈ ਕਿ ਉਹ ਜਿਸ ਘਰ ਵਿਚ ਵੀ ਜਾਂਦੀ ਹੈ ਉਸ ਘਰ ਦੇ ਪਰਿਵਾਰਕ ਮੈਂਬਰ ਡਾ: ਹਰਜੋਤ ਕਮਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਆਪ ਮੁਹਾਰੇ ਸਿਫ਼ਤ ਕਰਦੇ ਨੇ ਅਤੇ ਉਹਨਾਂ ਦੀ ਜ਼ੁਬਾਨੋਂ ਆਪਣੇ ਪਿਤਾ ਦੇ ਮਿਠਬੋਲੜੇ ਸੁਭਾਅ ਦੀ ਤਾਰੀਫ਼ ਸੁਣ ਕੇ ਉਸ ਨੂੰ ਮਾਣ ਮਹਿਸੂਸ ਹੁੰਦਾ ਹੈ ਕਿ ਉਹ ਨੇਕ ਪਿਤਾ ਦੀ ਧੀ ਹੈ।