ਸਿੱਧੂ ਅਤੇ ਚੰਨੀ ‘ਚੋਂ ਕੌਣ ਹੋਵੇਗਾ ਮੁੱਖ ਮੰਤਰੀ ਚਿਹਰਾ ? ਕਾਂਗਰਸ 'ਚ ਸਿਆਸੀ ਤੂਫ਼ਾਨ ਨੂੰ ਟਾਲਣ ਲਈ ਯਤਨ ਜਾਰੀ

ਮੋਗਾ, 5 ਫਰਵਰੀ (ਜਸ਼ਨ ): ਸਿੱਧੂ ਅਤੇ ਚੰਨੀ ‘ਚੋਂ ਕੌਣ ਹੋਵੇਗਾ ਮੁੱਖ ਮੰਤਰੀ ? ਬੇਸ਼ੱਕ ਇਹ ਸਵਾਲ ਸਿਰਫ਼ ਕਾਂਗਰਸੀ ਖੇਮਿਆਂ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਦੀ ਜ਼ੁਬਾਨ ’ਤੇ ਹੈ ਅਤੇ ਇਹ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਦੇ ਕਿਸੇ ਵੀ ਫੈਸਲੇ ਨਾਲ ਇਕੱਲਿਆਂ ਕਾਂਗਰਸ ਦੇ  ਪ੍ਰਦਰਸ਼ਨ ਤੇ ਹੀ ਅਸਰ ਨਹੀਂ ਪਵੇਗਾ ਸਗੋਂ ਪੰਜਾਬ ਦੇ ਸਾਰੇ ਸਿਆਸੀ ਦ੍ਰਿਸ਼  ’ਤੇ ਇਹ ਫੈਸਲਾ ਅਸਰਅੰਦਾਜ਼ ਹੋਵੇਗਾ। ਹੋਰ ਤਾਂ ਹੋਰ ਚੋਣ ਲੜ ਰਹੀਆਂ ਸਾਰੀਆਂ ਪਾਰਟੀਆਂ ਦੇ ਸਿਆਸੀ ਸਮੀਕਰਣਾਂ ਵਿਚ ਵੀ ਇਸ ਫੈਸਲੇ ਨਾਲ ਉੱਥਲ ਪੁੱਥਲ ਹੋਣੀ ਤੈਅ ਹੈ । ਕਾਂਗਰਸ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਪੰਜਾਬ ਦੇ ਭਵਿੱਖ ਨੂੰ ਵੀ ਪ੍ਰਭਾਵਿਤ ਕਰੇਗਾ , ਉਹ ਵੱਖਰੀ ਗੱਲ ਹੈ ਕਿ ਸੂਬੇ ਵਿਚ ਕਾਂਗਰਸ ਆਪਣੀ ਸਰਕਾਰ ਬਣਾਉਣ ਵਿਚ ਸਫ਼ਲ ਹੁੰਦੀ  ਹੈ ਜਾਂ ਨਹੀਂ । ਇਹ ਵੀ ਭਵਿੱਖ ਦੇ ਗਰਭ ਵਿਚ ਲੁਕਿਆ ਹੈ ਕਿ ਅਮਿ੍ਰਤਸਰ ਤੋਂ ਸਿੱਧੂ ਅਤੇ ਮਜੀਠਿਆ ਵਿਚੋਂ ਕੌਣ ਬਾਜ਼ੀ ਮਾਰਦਾ ਹੈ। ਹੁਣ ਤੋਂ 24 ਘੰਟੇ ਬਾਅਦ ਜੇ ਰਾਹੁਲ ਗਾਂਧੀ ਪੰਜਾਬ ਆਓਂਦੇ  ਨੇ ਅਤੇ ਮੁੱਖਮੰਤਰੀ ਦਾ ਚਿਹਰਾ ਐਲਾਨਦੇ ਨੇ ਜਾਂ ਫਿਰ ਤੀਜੇ ਬਦਲ ਵਜੋਂ ਕਾਂਗਰਸ ਬਿਨਾਂ ਮੁੱਖ ਮੰਤਰੀ ਐਲਾਨੇ ਚੋਣ ਪਰਿਕਿਰਿਆ ਵਿਚ ਅੱਗੇ ਵੱਧਦੀ ਹੈ ਤਾਂ ਦੇਖਣਾ ਇਹ ਹੋਵੇਗਾ ਕਿ ਇਸ ਐਲਾਨ ’ਤੇ ਨਵਜੋਤ ਸਿੱਧੂ ਦਾ ਕੀ ਪ੍ਰਤੀਕਰਮ ਹੁੰਦਾ ਹੈ। ਹਾਲ ਦੀ ਘੜੀ ਸਿੱਧੂ ਦੇ ਤੇਵਰ ਉਸ ਦੇ ਸੁਭਾਅ ਮੁਤਾਬਕ ਹਮਲਾਵਰ ਹਨ ਪਰ ਬੋਚ ਬੋਚ ਕੇ ਪੈਰ ਰੱਖ ਰਹੇ ਸਿੱਧੂ, 24 ਘੰਟੇ ਜ਼ਰੂਰ ਇੰਤਜ਼ਾਰ ਕਰਨਗੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ 111 ਦਿਨਾਂ ਦੀ ਕਾਰਗੁਜ਼ਾਰੀ ਅਤੇ 'ਆਮ ਆਦਮੀ' ਵਰਗੀ ਛਬੀ ’ਤੇ ਹੀ ਮੁਨਸਰ ਕਰਦਿਆਂ ਹਾਈ ਕਮਾਂਡ ਦੇ ਆਲ੍ਹਾ ਹੁਕਮਾਂ ਦੇ ਇੰਤਜ਼ਾਰ ਵਿਚ ਹਨ । ਜਿੱਥੋਂ ਤੱਕ ਆਮ ਲੋਕਾਂ ਦਾ ਸਵਾਲ ਹੈ ਉਹਨਾਂ ਵਿਚੋਂ ਕਈ ਨਵਜੋਤ ਸਿੱਧੂ ਦੇ ਇਮਾਨਦਾਰੀ ਵਾਲੇ ਅਕਸ ਅਤੇ ਉਸ ਦੇ ਪੰਜਾਬ ਮਾਡਲ ’ਤੇ ਭਰੋਸਾ ਕਰਨ ਦੇ ਨਾਲ ਨਾਲ ਰੇਤ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਖਿਲਾਫ਼ ਵਿੱਢੀ ਜੰਗ ਲਈ ਉਸ ਨੂੰ ਪੰਜਾਬ ਦੀ ਕਮਾਂਡ ਸੌਂਪੇ ਜਾਣ ਦੇ ਹੱਕ ਵਿਚ ਹਨ ਜਦਕਿ ਪੰਜਾਬ ਦਾ ਇਕ ਵਰਗ ਚੰਨੀ ਵੱਲੋਂ ਆਰਥਿਕ ਰਾਹਤ ਦੇਣ  ਵਾਲੀਆਂ ਯੋਜਨਾਵਾਂ ਕਾਰਨ ਚੰਨੀ ਨਾਲ ਜੁੜਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ  ਕਾਂਗਰਸ ਨੇ ਪੰਜਾਬ ‘ਚ ਕੀਤੇ ਫੋਨਾਂ ਉਪਰੰਤ ਜੋ ਡਾਟਾ ਇਕੱਤਰ ਕੀਤਾ ਹੈ ਉਸ ਵਿਚ ਕਿਸ ਦੇ ਨਾਮ ਦੀ ਕਿਸਮਤ ਪੁੜੀ ਖੁਲ੍ਹਦੀ ਹੈ, ਪਰ ਇਹ ਤੈਅ ਹੈ ਕਿ ਇਹ ਕਿਸਮਤ ਪੁੜੀ ਸਿੱਧੂ ਜਾਂ ਚੰਨੀ ਦੀ ਨਹੀਂ, ਸਗੋਂ ਇਹ ਕਿਸਮਤ ਪੁੜੀ ਪੰਜਾਬ ਲਈ ਰੋਡ ਮੈਪ ਬਣੇਗੀ ਪਰ ਹਾਲ ਦੀ ਘੜੀ ਕਾਂਗਰਸ ਸਿਆਸੀ ਤੂਫ਼ਾਨ ਨੂੰ ਟਾਲਣ ਲਈ ਯਤਨਾਂ ‘ਚ ਰੁੱਝੀ ਹੋਈ ਹੈ।