‘ਵਿਸ਼ਵ ਜਲਗਾਹ ਦਿਵਸ’ ਮੌਕੇ, ਆਓ ਜਲਗਾਹਾਂ ਨੂੰ ਬਚਾਉਣ ਦਾ, ਪ੍ਰਣ ਲਈਏ-- ਬਲਜਿੰਦਰ ਸਿੰਘ ਆਕਲੀਆ

ਮੋਗਾ, 2 ਫਰਵਰੀ (ਇੰਟਰਨੈਸ਼ਨਲ  ਪੰਜਾਬੀ  ਨਿਊਜ਼ ) :************

ਸਮੁੱਚੇ ਵਿਸ਼ਵ ਵਿੱਚ ਹਰ ਸਾਲ 2 ਫਰਵਰੀ ਦਾ ਦਿਨ ‘ਵਿਸ਼ਵ ਜਲਗਾਹ ਦਿਵਸ’ ਦੇ ਤੌਰ ਤੇ ਮਨਾਇਆ ਜਾਂਦਾ ਹੈ।ਜਲਗਾਹਾਂ ਦਾ ਵਾਤਾਵਰਣ ਵਿੱਚ ਖਾਸ ਮਹੱਤਵ ਹੈ।ਜੀਵ-ਜੰਤੂਆਂ,ਪੌਦਿਆਂ ਦੇ ਵਧਣ-ਫੁੱਲਣ ਲਈ ਜਲਗਾਹਾਂ ਅਹਿਮ ਭੂਮਿਕਾ ਨਿਭਾਉਦੀਆਂ ਹਨ।2 ਫਰਵਰੀ,1971 ਨੂੰ ਇਰਾਨ ਦੇ ਸ਼ਹਿਰ ਰਾਮਸਰ ਵਿਖੇ ਇੱਕ ਕੰਨਵੈਨਸ਼ਨ ਹੋਈ,ਜਿਸ ਨੂੰ ‘ਰਾਮਸਰ ਕੰਨਵੈਨਸ਼ਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਸ ਵਿੱਚ ਜਲਗਾਹਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਤੇ ਸਾਰੇ ਦੇਸ਼ਾਂ ਵਿੱਚ ਮਹੱਤਵਪੂਰਨ ਜਲਗਾਹਾਂ ਦੀ ਪਛਾਣ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਜਲੀ ਜੀਵਾਂ ,ਪੌਦਿਆਂ ,ਪੰਛੀਆਂ ਦੇ ਇਸ ਰਹਿਣ ਬਸੇਰੇ ਨੂੰ ਬਚਾਇਆ ਜਾ ਸਕੇ।

                ਜਲਗਾਹਾਂ ਕੁਦਰਤ ਵਿੱਚ ਗੁਰਦਿਆਂ ਦਾ ਕੰਮ ਕਰਦੀਆਂ ਹਨ।ਪਾਣੀ ਵਿਚਲੀ ਗੰਦਗੀ ਵੱਖ ਹੁੰਦੀ ਰਹਿੰਦੀ ਹੈ ਤੇ ਕੁਦਰਤ ਅੰਦਰ ਸੰਤੁਲਨ ਬਣਾਈ ਰੱਖਣ ਲਈ ਜਲਗਾਹਾਂ ਅਹਿਮ ਭੂਮਿਕਾ ਅਦਾ ਕਰਦੀਆਂ ਹਨ।ਜਲਗਾਹ ਕੀ ਹੈ? ਜਲਗਾਹ ਉਹ ਸਥਾਨ ਹੁੰਦਾ ਹੈ ਜਿੱਥੇ ਮਿੱਟੀ ਦਲਦਲੀ ਹੋਵੇ,ਭੂਮੀ ਉੱਪਰ ਸਦਾ ਪਾਣੀ ਖੜਾ ਰਹੇ, ਭਾਵੇਂ ਕੁਦਰਤੀ ਰੂਪ ਵਿੱਚ ਹੋਵੇ ਜਾਂ ਵਗਦੇ ਪਾਣੀ ਨੂੰ ਸਥਾਈ ਜਾਂ ਅਸਥਾਈ ਰੂਪ ਵਿੱਚ ਬੰਨ ਬਣਾ ਕੇ ਰੋਕਿਆ ਗਿਆ ਹੋਵੇ।ਜਲਗਾਹ ਵਾਲਾ ਸਥਾਨ ਹਮੇਸ਼ਾਂ ਪਾਣੀ ਨਾਲ ਤਰ ਰਹਿੰਦਾ ਹੈ।ਜਲਗਾਹਾਂ ਵਿੱਚ ਜਲ ਦੀ ਮਾਤਰਾ ਵਧਦੀ ਘਟਦੀ ਰਹਿੰਦੀ ਹੈ।
                          ਇਨ੍ਹਾਂ ਜਲਗਾਹਾਂ ਤੇ ਸਾਡੇ ਮਹਿਮਾਨ ਪਰਵਾਸੀ ਪੰਛੀ ,ਜੋ ਬਾਹਰਲੇ ਦੇਸ਼ਾਂ ਤੋਂ ਪਰਵਾਸ ਕਰ ਕੇ ਹਰ ਸਾਲ ਬਹੁਤ ਵੱਡੀ ਗਿਣਤੀ ’ਚ ਆੳਂੁਦੇ ਹਨ।ਜਲਗਾਹਾਂ ਬਹੁਤ ਸਾਰੇ ਪੌਦਿਆਂ,ਪੰਛੀਆਂ,ਕੀਟਾਂ,ਘੋਗਿਆ,ਮੱਛੀਆਂ,ਥਣਧਾਰੀ ਜੀਵਾਂ ਆਦਿ ਨੂੰ ਰਹਿਣ ਬਸੇਰਾ ਪ੍ਰਦਾਨ ਕਰਦੀਆਂ ਹਨ।ਜਲਗਾਹਾਂ ਛੋਟੀਆਂ ਵੀ ਨੇ,ਵੱਡੀਆਂ ਵੀ ਨੇ ਤੇ ਸਥਾਨਕ ਜਲਗਾਹਾਂ ਵੀ,ਜਿਵੇਂ ਛੋਟੇ ਛੱਪੜ। ਛੋਟੀਆਂ ਜਲਗਾਹਾਂ ਰਾਸ਼ਟਰੀ ਤੇ ਵੱਡੀਆਂ ਜਲਗਾਹਾਂ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲੀਆਂ ਹਨ।ਜਲਗਾਹਾਂ ਵਿੱਚ ਬਹੁਤ ਜੈਵਿਕ ਵਿਭਿੰਨਤਾ ਪਾਈ ਜਾਂਦੀ ਹੈ।ਕਈ ਤਰ੍ਹਾਂ ਦੀਆਂ ਦੁਰਲੱਭ ਜੜੀਆਂ-ਬੂਟੀਆਂ ਤੇ ਜੀਵ ਸਿਰਫ ਜਲਗਾਹਾਂ ਦੇ ਈਕੋਸਿਸਟਮ ਵਿੱਚ ਹੀ ਮਿਲਦੇ ਹਨ।ਜਲਗਾਹਾਂ ਧਰਤੀ ਹੇਠਲੇ ਪਾਣੀ ਦੇ ਜਲ-ਸਤਰ ਦੀ ਮੁੜ ਭਰਾਈ ਕਰਨ ’ਚ ਵੀ ਸਹਾਇਤਾ ਕਰਦੀਆਂ ਹਨ।
                       ਪੰਜਾਬ ’ਚ ਅੰਤਰ ਰਾਸ਼ਟਰੀ ਪ੍ਰਸਿੱਧੀ ਵਾਲੀਆਂ ਛੇ ਜਲਗਾਹਾਂ ਹਨ,ਜਿੰਨ੍ਹਾਂ ਨੂੰ ਰਾਮਸਰ ਜਲਗਾਹਾਂ ਦਾ ਦਰਜਾ ਪ੍ਰਾਪਤ ਹੈ।ਉਹ ਨੇ ਹਰੀਕੇ ਜਲਗਾਹ,ਰੋਪੜ ਜਲਗਾਹ,ਕਾਂਜਲੀ ਜਲਗਾਹ,ਕੇਸ਼ੋਪੁਰ-ਮਿਆਣੀ ਜਲਗਾਹ,ਬਿਆਸ ਕੰਜਰਵੇਸ਼ਨ ਰਿਜ਼ਰਵ ਜਲਗਾਹ,ਨੰਗਲ ਜਲਗਾਹ।ਰਾਮਸਰ ਜਲਗਾਹ ਕੀ ਹੈ?ਰਾਮਸਰ ਇਰਾਨ ਦਾ ਇੱਕ ਸ਼ਹਿਰ ਹੈ,ਜਿੱਥੇ 2 ਫਰਵਰੀ,1971 ਨੂੰ ਜਲਗਾਹਾਂ ਤੇ ਜਲੀ ਪੰਛੀਆਂ ਦੇ ਬਚਾਅ ਤੇ ਪਛਾਣ ਲਈ ਇੱਕ ਸਭਾ ਦਾ ਆਯੋਜਨ ਕੀਤਾ ਗਿਆ।ਇਸ ਸਭਾ ’ਚ ਜਲਗਾਹਾਂ ਦੇ ਪਸਾਰ ਤੇ ਮਹੱਤਵ ਬਾਰੇ ਅੰਤਰ ਰਾਸ਼ਟਰੀ ਪੱਧਰ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਸਭਾ ਨੇ ਅੰਤਰ ਰਾਸ਼ਟਰੀ ਪੱਧਰ ਤੇ ਜਲਗਾਹਾਂ ਨੂੰ ਮਾਨਤਾ ਦੇਣ ਲਈ ਕੁੱਝ ਮਾਪ ਦੰਡ ਨਿਰਧਾਰਿਤ ਕੀਤੇ।ਜਿੰਨ੍ਹਾਂ ਵਿੱਚੋਂ ਜੇਕਰ ਕੋਈ ਵੀ ਜਲਗਾਹ ਕਿਸੇ ਇੱਕ ਮਾਪ ਦੰਡ ਤੇ ਵੀ ਪੂਰੀ ਉੱਤਰਦੀ ਹੈ ਤਾਂ ਉਸ ਨੂੰ ਰਾਮਸਰ ਜਲਗਾਹ ਦਾ ਦਰਜਾ ਦਿੱਤਾ ਜਾਂਦਾ ਹੈ।  
                                            ਹਰੀਕੇ ਜਲਗਾਹ ਮਨੁੱਖ ਦੁਆਰਾ ਬਣਾਈ ਗਈ ਜਲਗਾਹ ਹੈ। ਇਹ 1952 ਵਿੱਚ ਹੋਂਦ ਵਿੱਚ ਆਈ ,ਜਦੋਂ ਸਤਲੁਜ ਤੇ ਬਿਆਸ ਨਦੀਆਂ ਦੇ ਸੰਗਮ ਤੇ ਬੰਨ੍ਹ ਬਣਾਇਆ ਗਿਆ।ਇਹ 41ਵਰਗ ਕਿ.ਮੀ. ’ਚ ਫੈਲੀ ਹੋਈ ਹੈ।ਇਸ ਨੂੰ 1990 ’ਚ ਰਾਮਸਰ ਜਲਗਾਹ ਦਾ ਦਰਜਾ ਦਿੱਤਾ ਗਿਆ।ਇੱਥੇ ਪੌਦਿਆਂ ਤੇ ਜੀਵਾਂ ਦੀਆਂ ਕਈ ਦੁਰਲੱਭ ਪ੍ਰਜਾਤੀਆਂ ਮਿਲਦੀਆਂ ਹਨ।ਸਰਦੀਆਂ ਦੇ ਸ਼ੁਰੂ ਹੁੰਦਿਆਂ ਹੀ ਰੂਸ,ਸਾਇਬੇਰੀਆ,ਤਿੱਬਤ ਤੇ ਹੋਰ ਦੇਸ਼ਾਂ ਤੋਂ ਪਰਵਾਸੀ ਪੰਛੀ ਇੱਥੇ ਆਉਣੇ ਸ਼ੁਰੂ ਹੋ ਜਾਂਦੇ ਹਨ।ਪ੍ਰਵਾਸੀ ਪੰਛੀਆਂ ’ਚ ਸਪੂਨ ਬਿਲ,ਗ੍ਰੇਲੈਗ ਗੀਜ,ਸ਼ਾਵਲਰ,ਪਿਨਟੇਲ,ਬਾਰ ਹੈਡਿਡ ਗੀਜ,ਕਾਰਮੋਰੈਂਟ,ਡਾਰਟਰ ਬਰਡ ਸਮੇਤ ਹੋਰ ਬਹੁਤ ਤਰ੍ਹਾਂ ਦੇ ਪ੍ਰਵਾਸੀ ਪੰਛੀ ਇੱਥੇ ਆਉਂਦੇ ਹਨ।ਹਰ ਸਾਲ ਬਹੁਤ ਸਾਰੇ ਪੰਛੀ ਪ੍ਰੇਮੀ ਇੰਨਾਂ ਦੇ ਅਧਿਐਨ ਲਈ ਤੇ ਫੋਟੋਗ੍ਰਾਫੀ ਲਈ ਹਰੀਕੇ ਜਲਗਾਹ  ਵਿਖੇ ਆਉਂਦੇ ਹਨ।ਕਾਂਜਲੀ ਜਲਗਾਹ 183 ਹੈਕਟੇਅਰ ’ਚ ਫੈਲੀ ਹੋਈ ਹੈ।ਇਸ ਨੂੰ 1988 ’ਚ ਰਾਸ਼ਟਰੀ ਜਲਗਾਹ ਦਾ ਦਰਜਾ ਤੇ 2002 ’ਚ ਰਾਮਸਰ ਜਲਗਾਹ ਦਾ ਦਰਜਾ ਦਿੱਤਾ ਗਿਆ।ਇੱਥੇ ਬਹੁਤ ਸਾਰੇ ਪੰਛੀਆਂ ਤੇ ਮੱਛੀਆਂ ਦੀਆਂ ਕਿਸਮਾਂ ਮਿਲਦੀਆਂ ਹਨ।ਪ੍ਰਵਾਸੀ ਪੰਛੀਆਂ ਦੀਆਂ ਕੁੱਝ ਕਿਸਮਾਂ ਵੀ ਇੱਥੇ ਮਿਲਦੀਆਂ ਹਨ।ਰੋਪੜ ਜਲਗਾਹ ਦਾ ਖੇਤਰਫਲ 1365 ਹੈਕਟੇਅਰ ਹੈ।ਇਹ ਜਲਗਾਹ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਘਿਰੀ ਹੋਈ ਹੈ।ਇੱਥੇ ਪੰਛੀਆਂ ਦੀਆਂ 318 ਕਿਸਮਾਂ ਤੇ ਮੱਛੀਆਂ ਦੀਆਂ 55 ਕਿਸਮਾਂ ਮਿਲਦੀਆਂ ਹਨ।ਇੱਥੇ ਪੈਂਗੋਲਿਨ ਤੇ ਸਰਾਲ ਵਰਗੇ ਦੁਰਲੱਭ ਜੀਵ ਵੀ ਪਾਏ ਜਾਂਦੇ ਹਨ।ਇਸ ਜਲਗਾਹ ਨੂੰ 1992 ’ਚ ਰਾਸ਼ਟਰੀ ਪੱਧਰ ਤੇ 2002 ’ਚ ਅੰਤਰ ਰਾਸ਼ਟਰੀ ਪੱਧਰ ਤੇ ਰਾਮਸਰ ਜਲਗਾਹ ਦਾ ਦਰਜਾ ਦਿੱਤਾ ਗਿਆ।
                                       ਕੇਸ਼ੋਪੁਰ-ਮਿਆਣੀ ਜਲਗਾਹ 850ਏਕੜ ’ਚ ਫੈਲੀ ਹੋਈ ਹੈ।ਇਹ ਗੁਰਦਾਸਪੁਰ ਸ਼ਹਿਰ ਤੋਂ ਪੰਜ ਕਿਲੋਮੀਟਰ ਦੀ ਦੂਰੀ ਤੇ ਹੈ।ਇਸ ਨੂੰ 2019 ’ਚ ਰਾਮਸਰ ਜਲਗਾਹ ਦਾ ਦਰਜਾ ਦਿੱਤਾ ਗਿਆ।ਹਰ ਸਾਲ ਪ੍ਰਵਾਸੀ ਪੰਛੀ ਇੱਥੇ ਵੱਡੀ ਗਿਣਤੀ ’ਚ ਰੂਸ,ਚੀਨ,ਤਿੱਬਤ,ਸਾਇਬੇਰੀਆ,ਅਫਗਾਨਿਸਤਾਨ ਤੋਂ ਹਜਾਰਾਂ ਕਿਲੋਮੀਟਰ ਦਾ ਸਫਰ ਤਹਿ ਕਰਕੇ ਆਉਂਦੇ ਹਨ।ਇੱਥੇ ਪੰਛੀਆਂ ਦੀਆਂ 72 ਤੋਂ ਵੱਧ ਕਿਸਮਾਂ ਮਿਲਦੀਆਂ ਹਨ।ਪੰਛੀ ਪ੍ਰੇਮੀਆਂ ਲਈ ਇੱਥੇ ਵਿਆਖਿਆ ਕੇਂਦਰ ਵੀ ਬਣਾਇਆ ਗਿਆ ਹੈ। ਬਿਆਸ ਕੰਜ਼ਰਵੇਸ਼ਨ ਰਿਜ਼ਰਵ ਜਲਗਾਹ 65 ਵਰਗ ਕਿਲੋਮੀਟਰ ’ਚ ਫੈਲੀ ਹੋਈ ਹੈ।ਇਸ ਜਲਗਾਹ ਨੂੰ 2019 ’ਚ ਰਾਮਸਰ ਜਲਗਾਹ ਦਾ ਦਰਜਾ ਦਿੱਤਾ ਗਿਆ। ਇੱਥੇ 500 ਤੋਂ ਵੱਧ ਕਿਸਮਾਂ ਦੇ ਪੰਛੀ , 90 ਤੋਂ ਵੱਧ ਮੱਛੀਆਂ ਦੀਆਂ ਕਿਸਮਾਂ ਮਿਲਦੀਆਂ ਹਨ।ਇੱਥੇ ਡਾਲਫਿਨ ਦੀ ਦੁਰਲੱਭ ਕਿਸਮ ਵੀ ਮਿਲਦੀ ਹੈ।ਇਸ ਜਲਗਾਹ ’ਚ 47 ਘੜਿਆਲ ਵੀ ਛੱਡੇ ਗਏ ਹਨ। ਨੰਗਲ ਜਲਗਾਹ 1.16ਵਰਗ ਕਿਲੋਮੀਟਰ ’ਚ ਫੈਲੀ ਹੋਈ ਹੈ।ਇਹ ਨੰਗਲ ਸ਼ਹਿਰ ਦੇ ਨੇੜੇ ਸਥਿਤ ਹੈ।ਇੱਥੇ ਪੌਦਿਆਂ ਤੇ ਜੀਵਾਂ ਦੀਆਂ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ।ਇੱਥੇ 9 ਕਿਸਮਾਂ ਦੇ ਥਣਧਾਰੀ ਜੀਵ,35 ਕਿਸਮਾਂ ਦੀਆਂ ਮੱਛੀਆਂ ਤੇ 154 ਪੰਛੀਆਂ ਦੀਆਂ ਕਿਸਮਾਂ ਮਿਲਦੀਆਂ ਹਨ। 
                   ਸ਼ਹਿਰੀਕਰਨ ਤੇ ੳੱਦਯੋਗੀਕਰਨ ਤੇ ਮਨੁੱਖ ਦੇ ਲਾਲਚੀ ਵਤੀਰੇ ਕਾਰਨ ਜਲਗਾਹਾਂ ਖਤਰੇ ’ਚ ਹਨ।ਵਰਖਾ ਦੇ ਪਾਣੀ ਨਾਲ ਵਹਾਅ ਕੇ ਲਿਆਦੀ ਗਾਰ ਕਾਰਨ ਜਲਗਾਹਾਂ ਦੀ ਡੂੰਘਾਈ ਘੱਟ ਰਹੀ ਹੈ।ਜਲਗਾਹਾਂ ਨੂੰ ਕਾਸ਼ਤਕਾਰਾਂ ਵੱਲੋਂ ਭੂਮੀ ਵਜੋਂ ਵਰਤਿਆ ਜਾ ਰਿਹਾ ਹੈ,ਨਤੀਜੇ ਵਜੋਂ ਜਲਗਾਹਾਂ ਦਾ ਖੇਤਰਫਲ ਘੱਟ ਰਿਹਾ ਹੈ।ਜਲ-ਕੁੰਭੀ ਜਾਂ ਕਲਾਲੀ (ਾਂੳਟੲਰ ੍ਹੇੳਚਨਿਟਹ) ਇੱਕ ਅਜਿਹਾ ਜਲੀ ਪੌਦਾ ਹੈ,ਜੋ ਬਹੁਤ ਤੇਜੀ ਨਾਲ ਫੈਲਦਾ ਹੈ ਤੇ ਜਲ ਭੰਡਾਰਾਂ ਲਈ ਖਤਰਾ ਹੈ।ਉਦਯੋਗਿਕ ਵਿਕਾਸ ਕਾਰਨ ਪ੍ਰਦੂਸ਼ਿਤ ਪਾਣੀ ਜਲਗਾਹਾਂ ਨੂੰ ਨੁਕਸਾਨ ਪੁਹੰਚਾ ਰਿਹਾ ਹੈ।ਆਓ ਜਲਗਾਹਾਂ ਨੂੰ ਬਚਾਈਏ! ਆਮ ਲੋਕਾਂ,ਵਿਦਿਆਰਥੀਆਂ ਨੂੰ ਇੰਨਾਂ ਦੀ ਸਾਂਭ ਸੰਭਾਲ ਲਈ ਜਾਗਰੂਕ ਕਰੀਏ ਤਾਂ ਜੋ ਜੀਵ-ਜੰਤੂਆਂ,ਪਰਵਾਸੀ ਪੰਛੀਆਂ ਦੇ ਇਸ ਰਹਿਣ-ਬਸੇਰੇ ਤੇ ਪ੍ਰਕਿਰਤੀ ਦੇ ਗੁਰਦਿਆਂ ਨੂੰ ਬਚਾਇਆ ਜਾ ਸਕੇ।