ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ 2022 ਵਿੱਚ ਪੰਜਾਬ ਦੇ ਵਾਤਾਵਰਨ ਨੂੰ ਮੁੱਖ ਵੋਟ ਮੁੱਦਾ ਬਣਾਉਣ ਦੀ ਮੰਗ

ਮੋਗਾ, 28 ਜਨਵਰੀ (ਜਸ਼ਨ ): ਪੰਜਾਬ ਵਾਤਵਰਨ ਚੇਤਨਾ ਲਹਿਰ ਦੇ ਮੈਂਬਰਾਂ ਨੇ ਪੰਜਾਬ ਦੀਆਂ ਚੋਣਾਂ ਲੜ ਰਹੀਆਂ ਸਿਆਸੀ ਪਾਰਟੀਆਂ ਨੂੰ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਪਾਣੀ, ਹਵਾ ਅਤੇ ਸਵੱਛ ਵਾਤਾਵਰਣ ਨੂੰ ਪ੍ਰਮੁੱਖ ਮੁੱਦਾ ਬਣਾਉਣ ਲਈ ਕਿਹਾ ਹੈ। ਇਸ ਸਬੰਧੀ ਕੌਰ ਇੰਮੀਗਰੇਸ਼ਨ ਦਫਤਰ ਮੋਗਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਗ੍ਰੀਨ ਮੈਨੀਫੈਸਟੋ ਬਾਰੇ ਗੱਲਬਾਤ ਕਰਦਿਆਂ ਜਥੇਬੰਦੀ ਦੇ ਮੈਂਬਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਪੰਜਾਬ ਨੂੰ ਹਵਾ, ਪਾਣੀ ਅਤੇ ਭੋਜਨ ਦੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਕਰਕੇ ਵੱਡਾ  ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਇਸ ਨੂੰ ਸ਼ੁੱਧ ਹਵਾ, ਪਾਣੀ  ਅਤੇ ਭੋਜਨ ਦੀ ਲੋੜ ਇਸ ਸਮੇਂ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਹੈ ਅਤੇ ਇਸ ਲਈ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਮੁਫਤ ਦੀਆਂ ਪੇਸ਼ਕਸ਼ਾਂ ਦੀ ਬਜਾਏ ਇਸ ਮਹੱਤਵਪੂਰਣ ਜ਼ਰੂਰਤ 'ਤੇ ਧਿਆਨ ਦੇਣਾ ਚਾਹੀਦਾ ਹੈ।
 
ਇਸ ਮੌਕੇ ਪੰਜਾਬ ਵਾਤਾਵਰਣ ਚੇਤਨਾ ਲਹਿਰ ਦੇ ਕਨਵੀਨਰ ਕਾਹਨ ਸਿੰਘ ਪੰਨੂ, ਆਈ.ਏ.ਐਸ. ਸਾਬਕਾ ਚੇਅਰਮੈਨ ਪੀ.ਪੀ.ਸੀ.ਬੀ. ਅਤੇ ਸਕੱਤਰ ਖੇਤੀਬਾੜੀ ਪੰਜਾਬ ਨੇ ਕਿਹਾ, "ਪੰਜਾਬ ਦੇ ਧਰਤੀ ਹੇਠਲੇ  ਪਾਣੀ ਦਾ ਪੱਧਰ ਹਰ ਸਾਲ ਡਿੱਗਦਾ ਜਾ ਰਿਹਾ ਹੈ ਅਤੇ ਹੁਣ ਸਾਡੇ ਕੋਲ ਸਿਰਫ਼ 17 ਸਾਲ ਦਾ ਧਰਤੀ ਹੇਠਲਾ ਪਾਣੀ ਬਚਿਆ ਹੈ, ਜੇਕਰ ਸਰਕਾਰ ਨੇ ਇਸ ਨੂੰ ਰੋਕਣ ਲਈ ਕੋਈ ਹੰਗਾਮੀ ਕਦਮ ਨਾ ਚੁੱਕੇ ਤਾਂ ਪੰਜਾਬ ਵਿੱਚ ਪੀਣ ਜੋਗਾ ਪਾਣੀ ਵੀ ਨਹੀਂ ਬਚੇਗਾ। ਇਸ ਲਈ ਮੈਂ ਪੰਜਾਬ ਦੀਆਂ ਸਾਰੀਆਂ  ਸਿਆਸੀ ਧਿਰਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਅਤਿ ਪ੍ਰਸੰਗਿਕ ਮੁੱਦੇ ਨੂੰ ਚੋਣ ਮੁੱਦੇ ਵਜੋਂ ਉਭਾਰਨ। ਸਾਡੇ ਦਰਿਆ ਪ੍ਰਦੂਸ਼ਿਤ ਹੋ ਚੁੱਕੇ ਹਨ ਅਤੇ ਕੋਈ ਵੀ ਸਿਆਸੀ ਪਾਰਟੀ ਇਸ ਨੂੰ ਹੱਲ ਕਰਨ ਵਿੱਚ ਦਿਲਚਸਪੀ ਨਹੀਂ ਲੈ ਰਹੀ। ਸਾਡਾ ਹਰ ਸ਼ਹਿਰ ਪਲਾਸਟਿਕ ਅਤੇ ਕੂੜੇ ਨਾਲ ਭਰਿਆ ਹੋਇਆ ਹੈ ਅਤੇ ਹਵਾ ਰੋਜ਼ ਧੂੰਏਂ ਨਾਲ ਪਲੀਤ ਹੋ ਰਹੀ ਹੈ। ਸਾਡੇ ਖੇਤ ਅਤੇ ਭੋਜਨ ਰਸਾਇਣਾਂ ਨਾਲ ਭਰੇ ਪਏ ਹਨ ਅਤੇ ਇਨ੍ਹਾਂ ਸਭ ਕਾਰਨਾਂ ਕਰਕੇ ਪੰਜਾਬੀਆਂ ਦੀ ਸਿਹਤ ਖਰਾਬ ਹੋ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਮੌਜੂਦਾ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਉਣ ਵਾਲੀ ਸਰਕਾਰ ਇਸ ਵੱਡੇ ਮਸਲੇ ਦਾ ਹੱਲ ਕਰੇ। ਇਸ ਲਈ ਅਸੀਂ ਚੋਣਾਂ ਲੜ ਰਹੀਆਂ  ਸਾਰੀਆਂ  ਸਿਆਸੀ ਧਿਰਾਂ ਨੂੰ ਇਸ ਵਿਸ਼ੇ ਬਾਰੇ ਹੁਣ ਤੋਂ ਹੀ  ਗੱਲ ਕਰਨ ਲਈ ਕਹਿ ਰਹੇ ਹਾਂ। ਅਸੀਂ ਪੰਜਾਬ ਦੇ ਵੋਟਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਸਾਰੀਆਂ ਪਾਰਟੀਆਂ ਨੂੰ ਸਾਡੀ ਪ੍ਰਦੂਸ਼ਿਤ ਹਵਾ, ਪਾਣੀ ਅਤੇ ਭੋਜਨ ਬਾਰੇ ਸਵਾਲ ਪੁੱਛਣ ਤਾਂ ਜੋ ਇਸ ਅਤਿ ਮਹੱਤਵਪੂਰਨ ਮੁੱਦੇ 'ਤੇ ਸਿਆਸੀ ਆਗੂਆਂ ਨੂੰ ਜਵਾਬਦੇਹ ਬਣਾਇਆ ਜਾਵੇ।
 
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਚੰਦ ਬਾਜਾ ਪ੍ਰਧਾਨ ਭਾਈ ਘਨੵੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ , ਕਨਵੀਨਰ  ਨਰੋਆ ਪੰਜਾਬ ਮੰਚ ਅਤੇ ਕੋਆਰਡੀਨੇਟਰ  ਪੰਜਾਬ ਵਾਤਾਵਰਣ ਚੇਤਨਾ ਲਹਿਰ  ਨੇ ਕਿਹਾ ਕਿ ਸਤਲੁਜ ਦੇ ਪ੍ਰਦੂਸ਼ਿਤ ਪਾਣੀ ਕਾਰਨ ਦੱਖਣੀ ਪੰਜਾਬ ਕੈਂਸਰ ਅਤੇ ਬੀਮਾਰੀਆਂ ਨਾਲ ਜੂਝ ਰਿਹਾ ਹੈ ਅਤੇ ਇਸ ਜ਼ਹਿਰੀਲੇ ਪਾਣੀ ਨੂੰ ਪੀਣ ਵਾਲੇ ਕਈ ਪਿੰਡ ਹਨ ਜਿੱਥੇ ਕੈਂਸਰ ਕਾਰਨ 10 ਤੋਂ ਵੱਧ ਮੌਤਾਂ ਇਸੇ ਸਾਲ 2021 ਵਿੱਚ ਹੋ ਚੁੱਕੀਆਂ ਹਨ। ਅਜਿਹੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਦਿਮਾਗੀ ਤੌਰ ’ਤੇ ਕਮਜ਼ੋਰ ਅਤੇ ਮੰਦਬੁੱਧੀ  ਬੱਚੇ ਪੈਦਾ ਹੋ ਰਹੇ ਹਨ। ਜਦੋਂ ਸਾਡੇ ਬੱਚੇ ਇਸ ਤਰ੍ਹਾਂ ਪੀੜਤ ਹਨ ਤਾਂ ਅਸੀਂ ਮੁਫ਼ਤ ਆਟਾ ਦਾਲ  ਦਾ ਕੀ ਕਰਾਂਗੇ। ਐਨਜੀਟੀ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ਦੀ ਨਿਗਰਾਨੀ ਕਰ ਰਹੀ ਹੈ ਪਰ ਸਾਡੇ ਸਿਆਸੀ ਵਰਗ ਕਰਕੇ ਅਸੀਂ ਇਹਨਾਂ ਦਾ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਏ ਹਾਂ ਅਤੇ ਉਨ੍ਹਾਂ ਨੇ ਇਸ ਵੱਡੀ ਸਮੱਸਿਆ ਨੂੰ ਹੱਲ ਕਰਨ ਲਈ ਕੁਝ ਨਹੀਂ ਕੀਤਾ।  ਇਸ ਲਈ ਅਸੀਂ ਇਸ ਇੱਕ ਮੁੱਦੇ 'ਤੇ ਇਸ ਵਾਰ ਜ਼ੋਰਦਾਰ ਪ੍ਰਚਾਰ ਕਰ ਰਹੇ ਹਾਂ ਅਤੇ ਸਾਰੇ ਸਿਆਸੀ ਧੜਿਆਂ ਨੂੰ ਸਿਰਫ ਇੱਕ ਸਵਾਲ ਪੁੱਛ ਰਹੇ ਹਾਂ ਕਿ ਜੇਕਰ ਲੋਕ ਉਹਨਾਂ ਨੂੰ ਚੋਣ ਜਿਤਾਉਂਦੇ ਹਨ ਤਾਂ ਉਹ  ਸਾਡੇ ਵਾਤਾਵਰਣ, ਸਾਡੇ ਜੰਗਲਾਂ ਅਤੇ ਸਾਡੇ ਦਰਿਆਵਾਂ ਨੂੰ ਸੁਧਾਰਨ ਲਈ ਕੀ ਕਰਨਗੇ?"
ਇਸ ਮੌਕੇ ਉਘੇ ਆਰਗੈਨਿਕ ਖੇਤੀ ਮਾਹਿਰ ਗਿਆਨੀ ਗੁਰਮੀਤ ਸਿੰਘ ਖੋਸਾ ਜੀ ਨੇ ਕਿਹਾ ਕਿ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਵਰਗੀਆਂ ਫਸਲਾਂ ਦਾ ਬਦਲ ਅਤੇ ਬਦਲਵੀਆਂ ਫਸਲਾਂ ਤੇ ਐਮ. ਐਸ. ਪੀ. ਦੇਣ ਦੀ ਜਰੂਰਤ ਹੈ ਤਾਂ ਜੋ ਕਿਸਾਨ ਬਦਲਵੀਂ ਫਸਲ ਤੋਂ ਵੀ ਉਨੀ ਹੀ ਕਮਾਈ ਕਰ ਸਕਣ। ਇਸ ਤੋਂ ਇਲਾਵਾ ਸਰਕਾਰ ਨੂੰ ਕਣਕ ਅਤੇ ਝੋਨੇ ਦੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਵੀ ਉਚੇਚੇ ਯਤਨ ਕਰਨ ਦੀ ਜਰੂਰਤ ਹੈ ਤਾਂ ਜੋ ਵਾਤਾਵਰਣ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਆਰਗੈਨਿਕ ਖੇਤੀ ਨੂੰ ਉਤਸਾਹਿਤ ਕਰਨ ਲਈ ਵੀ ਖੇਤੀਬਾੜੀ ਵਿਭਾਗ ਵਿੱਚ ਇੱਕ ਵੱਖਰਾ ਵਿੰਗ ਸਥਾਪਿਤ ਕਰਨ ਦੀ ਜਰੂਰਤ ਹੈ। 
 
ਰੂਰਲ ਐਨਜੀਓ ਮੋਗਾ ਦੇ ਚੇਅਰਮੈਨ ਮਹਿੰਦਰਪਾਲ ਲੂੰਬਾ ਨੇ ਕਿਹਾ, "ਮੋਗਾ ਦਾ ਭੂਮੀਗਤ ਪਾਣੀ ਪ੍ਰਦੂਸ਼ਿਤ ਸਤਲੁਜ ਕਾਰਨ ਦੂਸ਼ਿਤ ਹੋ ਗਿਆ ਹੈ। ਬੁੱਢੇ ਨਾਲੇ, ਕਾਲਾ ਸੰਘਿਆ ਡਰੇਨ ਅਤੇ ਹੋਰ ਸੀਵਰੇਜ ਅਤੇ ਉਦਯੋਗਿਕ ਗੰਦੇ ਨਾਲਿਆਂ ਰਾਹੀਂ ਸਤਲੁਜ ਵਰਗੀਆਂ ਪਵਿੱਤਰ ਨਦੀਆਂ ਨੂੰ ਪ੍ਰਦੂਸ਼ਿਤ ਕਰਨਾ ਮਨੁੱਖਤਾ ਵਿਰੁੱਧ ਘੋਰ ਅਪਰਾਧ ਹੈ। ਵਾਟਰ (ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਪੋਲਿਊਸ਼ਨ) ਐਕਟ, 1974 ਵਿਰੁੱਧ ਵੀ ਇਹ ਵੱਡਾ ਅਪਰਾਧ ਹੈ।  ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸਿਆਸੀ ਧਿਰਾਂ ਸਾਨੂੰ ਦੱਸਣ ਕਿ ਜੇਕਰ ਉਹ ਸੱਤਾ ਵਿੱਚ ਆਏ ਤਾਂ ਉਹ ਪੰਜਾਬ ਦੇ ਦਰਿਆਵਾਂ ਨੂੰ ਬਚਾਉਣ ਲਈ ਇਸ ਐਕਟ ਨੂੰ ਕਿਵੇਂ ਲਾਗੂ ਕਰਨਗੇ।" ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣਾਂ ਲੜ ਰਹੇ ਉਮੀਦਵਾਰਾਂ ਨੂੰ ਗ੍ਰੀਨ ਮੈਨੀਫੈਸਟੋ ਦੀਆਂ ਕਾਪੀਆਂ ਸੌਂਪ ਕੇ ਚੋਣਾਂ ਵਿੱਚ ਵਾਤਾਵਰਣ ਨੂੰ ਮੁੱਖ ਮੁੱਦਾ ਬਨਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਉਕਤ ਤੋਂ ਇਲਾਵਾ ਸਰਬੱਤ ਦਾ ਭਲਾ ਮੋਗਾ ਦੇ ਚੇਅਰਮੈਨ ਹਰਜਿੰਦਰ ਸਿੰਘ ਚੁਗਾਵਾਂ, ਜਸਵੰਤ ਸਿੰਘ ਪੁਰਾਣੇਵਾਲਾ, ਭਵਨਦੀਪ ਸਿੰਘ ਪੁਰਬਾ, ਨਰਜੀਤ ਕੌਰ, ਜਸਵੀਰ ਕੌਰ, ਗੁਰਪ੍ਰੀਤ ਸਿੰਘ ਪੰਜਗਰਾਈਂ, ਲਖਵੀਰ ਸਿੰਘ ਖੋਸਾ, ਨਿਰਮਲ ਸਿੰਘ ਖੋਸਾ ਕੋਟਲਾ, ਕੌਰ ਇੰਮੀਗਰੇਸ਼ਨ ਦੇ ਮੈਨੇਜਰ ਗੁਰਪ੍ਰੀਤ ਸਿੰਘ ਸਿੱਧੂ ਅਤੇ ਪਰਮਜੀਤ ਸਿੰਘ ਜੰਡੂ ਆਦਿ ਵੀ ਹਾਜ਼ਰ ਸਨ।