ਵਿਧਾਇਕ ਡਾ: ਹਰਜੋਤ ਕਮਲ ਹੋਣਗੇ ਭਾਜਪਾ ਦੇ ਉਮੀਦਵਾਰ

ਮੋਗਾ, 27 ਜਨਵਰੀ(ਜਸ਼ਨ): ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਦੁਪਹਿਰ ਸਮੇਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੇ ਨਾਵਾਂ ਦੀ ਜਾਰੀ ਕੀਤੀ ਦੂਜੀ ਸੂਚੀ ਮੁਤਾਬਕ ਮੋਗਾ ਦੇ ਵਿਧਾਇਕ ਡਾ: ਹਰਜੋਤਕਮਲ ਮੋਗਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ । ਇਹ ਲਿਸਟ ਜਾਰੀ ਹੁੰਦਿਆਂ ਹੀ ਮੋਗਾ ਇਲਾਕੇ ਵਿਚ ਸਿਆਸੀ ਸਰਗਰਮੀਆਂ ਇਕੋ ਸਮੇਂ ਤੇਜ਼ ਹੋ ਗਈਆਂ ਅਤੇ ਨਾ ਸਿਰਫ਼ ਭਾਜਪਾ ਖੇਮੇਂ ਵਿਚ ਆਗੂ ਸਰਗਰਮ ਦੇਖੇ ਗਏ ਬਲਕਿ ਕਾਂਗਰਸ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਕੈਂਪਾਂ ਵਿਚ ਵੀ ਵਿਧਾਇਕ ਡਾ: ਹਰਜੋਤ ਕਮਲ ਨੂੰ ਲੈ ਕੇ ਵਿਚਾਰ ਚਰਚਾ ਤੇਜ਼ ਹੋ ਗਈ ਹੈ। 
ਸੋਸ਼ਲ ਮੀਡੀਆ ’ਤੇ ਵੀ ਲੋਕਾਂ ਦੀ ਵਧੀ ਹੋਈ ਸਰਗਰਮੀ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵੱਡੇ ਕੱਦ ਦੇ ਆਗੂ ਵਿਧਾਇਕ ਡਾ: ਹਰਜੋਤ ਕਮਲ ਦੇ ਭਾਜਪਾ ਵੱਲੋਂ ਚੋਣ ਲੜਨ ਸਦਕਾ ਮੋਗਾ ਪੰਜਾਬ ਵਿਚ ਸਭ ਤੋਂ ਵੱਧ ਸਰਗਰਮ ਹਲਕੇ ਵਜੋਂ ਦੇਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਅਜੇ ਕੱਲ ਹੀ ਵਿਧਾਇਕ ਡਾ: ਹਰਜੋਤ ਕਮਲ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨਾਲ ਵਿਸ਼ੇਸ਼ ਮੁਲਾਕਾਤ ਕਰਦਿਆਂ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਸੀ। ਜ਼ਿਕਰਯੋਗ ਹੈ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ ਉਪਰੰਤ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਉਹ ਮੋਗਾ ਤੋਂ ਭਾਜਪਾ ਉਮੀਦਵਾਰ ਵਜੋਂ ਚੋਣ ਲੜਨ ਦੇ  ਪ੍ਰਮੁੱਖ ਦਾਅਵੇਦਾਰ ਸਨ।
ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨਾਲ ਮੁਲਾਕਾਤ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਪੰਜਾਬ ਦੇ ਮਸਲਿਆਂ ਦੀ ਚਰਚਾ ਕਰਦਿਆਂ ਆਖਿਆ ਕਿ ਸੂਬੇ ਦੇ ਲੋਕਾਂ ਨੂੰ ਬਰਗਾੜੀ ਦਾ ਇਨਸਾਫ਼ ਮਿਲਣਾ ਹਾਲੇ ਬਾਕੀ ਹੈ ਅਤੇ ਲੋਕ ਕਾਫ਼ੀ ਲੰਬੇ ਸਮੇਂ ਤੋਂ ਇਨਸਾਫ਼ ਦੀ ਆਸ ਲਗਾਈ ਬੈਠੇ ਹਨ। ਉਹਨਾਂ ਆਖਿਆ ਸੀ ਕਿ ਪੰਜਾਬ ਦੀ ਸੁਰੱਖਿਆ ਅਤੇ ਬਾਰਡਰ ਪਾਰ ਤੋਂ ਆ ਰਹੇ ਡਰੋਨ, ਟਿਫੰਨ ਬੰਬ ਅਤੇ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਨੂੰ ਰੋਕਿਆ ਜਾਵੇੇ।  ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਜੇ ਪੀ ਨੱਡਾ ਨੂੰ ਬੰਦੀ ਸਿੰਘਾਂ ਦੀ ਜਲਦ ਰਿਹਾਈ ਦੀ ਮੰਗ ਤੋਂ ਇਲਾਵਾ ਕਾਲੀ ਸੂਚੀ ਖਤਮ ਕਰਨ ਅਤੇ ਓ ਬੀ ਸੀ ਵਰਗ ਲਈ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦੇ ਨਾਲ ਇਸ ਵਰਗ ਦੀ ਭਲਾਈ ਲਈ ਵੱਡੇ ਪੈਕਜ ਦੇ ਐਲਾਨ ਕੀਤੇ ਜਾਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ। 
ਇਸ ਮੀਟਿੰਗ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਨੂੰ ‘ਸਮਾਰਟ ਸਿਟੀ’ ਬਣਾਉਣ ਦੀ ਇੱਛਾ ਜ਼ਾਹਿਰ ਕਰਦਿਆਂ ਮੋਗਾ ਲਈ ਵੱਡੇ ਪ੍ਰੌਜੈਕਟਾਂ ਦੀ ਮੰਗ ਵੀ ਕੀਤੀ ਸੀ । ਉਹਨਾਂ ਕੌਮੀ ਪ੍ਰਧਾਨ ਜੇ ਪੀ ਨੱਡਾ ਦੇ ਧਿਆਨ ਵਿਚ ਮੋਗਾ ਨੂੰ ਇੰਡਸਟਰੀਅਲ ਹੱਬ ਵਜੋਂ ਵਿਕਸਤ ਕਰਨ ਦਾ ਪ੍ਰਸਤਾਵ ਵੀ ਰੱਖਿਆ ਤਾਂ ਜੋ ਖੇਤੀ ਮਸ਼ੀਨਰੀ ਅਤੇ ਖੇਤੀਬਾੜੀ ਸੰਦ ਬਣਾਉਣ ਲਈ ਮਸ਼ਹੂਰ ਮੋਗਾ ‘ਚ ਇਸ ਕਾਰੋਬਾਰ ਦਾ ਮੁੜ ਤੋਂ ਵਿਸਥਾਰ ਹੋ ਸਕੇ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਦਿਆਂ ਬੇਰੋਜ਼ਗਾਰੀ ਨੂੰ ਠਲ੍ਹ ਪਾਈ ਜਾ ਸਕੇ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਸੀ ਕਿ ਖੇਤੀਬਾੜੀ ਮਸ਼ੀਨਰੀ ਅਤੇ ਸੰਦਾਂ ’ਤੇ ਲੱਗਦੇ ਟੈਕਸ ਨੂੰ ਘਟਾਇਆ ਜਾਵੇ ਅਤੇ ਟਰੈਕਟਰਾਂ ਆਦਿ ਲਈ ਘੱਟ ਵਿਆਜ਼ ’ਤੇ ਕਰਜ਼ੇ ਮੁਹਈਆ ਕਰਵਾਏ ਜਾਣ ਤਾਂ ਕਿ ਕਿਸਾਨਾਂ ਨੂੰ ਆਰਥਿਕ ਤੌਰ ’ਤੇ ਮਜਬੂਤ ਕੀਤਾ ਜਾ ਸਕੇ। ਉਹਨਾਂ ਮੰਗ ਰੱਖੀ ਕਿ ਨੈਸਲੇ ਵਰਗੀਆਂ ਹੋਰ ਵੱਡੀਆਂ ਕੰਪਨੀਆਂ ਤੋਂ ਇਲਾਵਾ ਪੀ ਜੀ ਆਈ ਵਰਗੀਆਂ ਸਹੂਲਤਾਂ ਵਾਲੇ ਹਸਪਤਾਲ ਵੀ ਮੋਗਾ ਖੇਤਰ ਵਿਚ ਖੋਲ੍ਹੇ ਜਾਣ ਤਾਂ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਉਪਲਬੱਧ ਹੋ ਸਕਣ।
ਤਕਰੀਬਨ ਇਕ ਘੰਟਾ ਚੱਲੀ ਗੱਲਬਾਤ ਦੌਰਾਨ ਕੌਮੀ ਪ੍ਰਧਾਨ ਜੇ ਪੀ ਨੱਡਾ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਹਰ ਗੱਲ ਨੂੰ ਗਹੁ ਨਾਲ ਸੁਣਨ ਉਪਰੰਤ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ ਮੋਗਾ ਹਲਕੇ ਦੇ ਵਿਕਾਸ ਲਈ ਸੰਭਵ ਯਤਨ ਕਰੇਗੀ ਅਤੇ ਉਹਨਾਂ ਵਿਧਾਇਕ ਡਾ: ਹਰਜੋਤ ਕਮਲ ਨੂੰ ਭਵਿੱਖ ‘ਚ ਚੜ੍ਹਦੀ ਕਲਾ ਲਈ ਆਸ਼ੀਰਵਾਦ ਵੀ ਦਿੱਤਾ ਸੀ ਜਿਸ ਤੋਂ ਇਹ ਗੱਲ ਸਾਫ਼ ਹੋ ਗਈ ਸੀ ਕਿ ਮੋਗਾ ਤੋਂ ਡਾ: ਹਰਜੋਤ ਵੀ ਭਾਜਪਾ ਦੇ ਉਮੀਦਵਾਰ ਹੋਣਗੇ। 
ਸਿਆਸੀ ਮਾਹਰਾਂ ਵੱਲੋਂ ਵਿਧਾਇਕ ਡਾ: ਹਰਜੋਤ ਕਮਲ ਦੀ ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਨਾਲ ਇਸ ਮੁਲਾਕਾਤ ਨੂੰ ਵਿਸ਼ਾਲ ਕੈਨਵਸ ’ਤੇ ਰੋਡ ਮੈਪ ਵਜੋਂ ਦੇਖਿਆ ਜਾ ਰਿਹੈ। ਇਹ ਸਮਝਿਆ ਜਾ ਰਿਹੈ ਕਿ ਕਾਂਗਰਸ ਦੇ ਵਿਧਾਇਕ ਵਜੋਂ ਜਿੱਥੇ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਹਲਕੇ ਦੇ ਚਹੁ ਮੁਖੀ ਵਿਕਾਸ ਨੂੰ ਸੰਭਵ ਕਰ ਦਿਖਾਇਆ ਉੱਥੇ ਹੁਣ ਉਹ ਭਾਜਪਾ ਵਰਗੀ ਵਿਸ਼ਾਲ ਪਲੈਟਫਾਰਮ ਵਾਲੀ ਪਾਰਟੀ ਵਿਚ ਜਾ ਕੇ ਮੋਗੇ ਨੂੰ ਸੱਚਮੁੱਚ ਸਮਾਰਟ ਸਿਟੀ ਬਣਾਉਣ ਦੇ ਰੋਡ ਮੈਪ ’ਤੇ ਤੁਰੇ ਹਨ ਅਤੇ ਇਸ ਤੋਂ ਇਲਾਵਾ ਸੂਬੇ ਦੇ ਲੋਕਾਂ ਦੀਆਂ ਸਾਂਝੀਆਂ ਸਮਸਿਆਵਾਂ ਹੱਲ ਕਰਵਾਉਣ ਦੀ ਸਕਰਿਪਟ ਲਿਖਦਿਆਂ ਭਵਿੱਖ ਦੇ ਸਮਰੱਥ ਅਤੇ ਸੂਝਵਾਨ ਆਗੂ ਵਜੋਂ ਵੀ ਉੱਭਰਦੇ ਦਿਖਾਈ ਦੇ ਰਹੇ ਹਨ ‘ਤੇ ਅੱਜ ਭਾਜਪਾ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਏ ਜਾਣ ’ਤੇ ਜਿਸ ਕਦਰ ਮੋਗਾ ਵਿਚ ਖੁਸ਼ੀ ਦੀ ਲਹਿਰ ਹੈ ਉਸ ਤੋਂ ਸਪੱਸ਼ਟ ਹੈ ਕਿ ਮੋਗਾ ਵਿਚ ਭਾਜਪਾ ਨਵਾਂ ਇਤਿਹਾਸ ਸਿਰਜੇਗੀ।