ਐਡਵੋਕੇਟ ਰਵਿੰਦਰ ਸਿੰਘ 'ਰਵੀ ਗਰੇਵਾਲ' ਧਰਮਕੋਟ ਤੋਂ ਲੜਨਗੇ ਚੋਣ,ਪੰਜਾਬ ਲੋਕ ਕਾਂਗਰਸ ਨੇ ਐਲਾਨੇ 22 ਉਮੀਦਵਾਰ

ਚੰਡੀਗੜ੍ਹ, 23 ਜਨਵਰੀ, (ਜਸ਼ਨ)- ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਲੋਕ ਕਾਂਗਰਸ ਦੇ 22 ਹਲਕਿਆਂ ਤੋਂ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਹੈ।ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਗਠਜੋੜ  ਦੇ ਹਿੱਸੇ ਵਜੋਂ ਪੰਜਾਬ ਲੋਕ ਕਾਂਗਰਸ ਨੇ  ਰਾਜ ਦੀਆਂ 117 ਵਿੱਚੋਂ ਆਪਣੇ ਹਿੱਸੇ ਆਈਆਂ 37 ਸੀਟਾਂ ਵਿਚੋਂ 22  ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ।ਇਸ ਐਲਾਨ ਮੁਤਾਬਕ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਧਰਮਕੋਟ ਤੋਂ ਉਮੀਦਵਾਰ ਹੋਣਗੇ। ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ਭਾਜਪਾ ਦੇ ਪੰਜਾਬ ਪ੍ਰਭਾਰੀ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖ਼ਾਵਤ ਦੀ ਮੌਜੂਦਗੀ ਵਿਚ ਭਾਜਪਾ ਦਾ ਹੱਥ ਫੜ੍ਹ ਲਿਆ ਸੀ । ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਮੌਕੇ ਉਹਨਾਂ ਨਾਲ ਸਾਬਕਾ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਰਾਣਾ ਸੋਢੀ  ਅਤੇ ਰਵਿੰਦਰ ਗਰੇਵਾਲ ਕੈਪਟਨ ਅਮਰਿੰਦਰ ਸਿੰਘ ਦੇ ਖੇਮੇਂ ਵਿਚ ਗਿਣੇ ਜਾਂਦੇ ਸਨ ।  ਰਵੀ ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੌਮ’ ਨਿਉਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਸੇਵਾ ਦਾ ਜਜ਼ਬਾ ਉਹਨਾਂ ਨੂੰ ਵਿਰਸੇ ਵਿਚ ਮਿਲਿਆ ਹੈ ਤੇ ਹੁਣ ਗਠਜੋੜ ਵਲੋਂ ਉਹਨਾਂ ਨੂੰ ਦਿੱਤੀ ਵੱਡੀ ਜਿੰਮੇਵਾਰੀ ਨੂੰ ਵੀ ਉਹ ਦ੍ਰਿੜ ਸੰਕਲਪ ਹੋ ਕੇ ਨਿਭਾਉਣਗੇ ।

ਸਿਆਸੀ ਮਾਹਿਰਾਂ ਵੱਲੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ  ਕਿ ਰਵੀ ਗਰੇਵਾਲ ਧਰਮਕੋਟ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ ਪਰ ਅੱਜ ਭਾਜਪਾ ਦੇ ਸਹਿਯੋਗ ਨਾਲ ਬਣੇ ਗਠਜੋੜ ਦੇ ਹਿੱਸੇ ਵਜੋਂ, ਕੈਪਟਨ ਦੇ ਖਾਤੇ ਵਿਚੋਂ ਰਵੀ ਗਰੇਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ ਤੇ ਇੰਜ ਹੁਣ ਰਵੀ ਗਰੇਵਾਲ 'ਕਮਲ ਦੇ ਫੁੱਲ' ਦੀ ਬਜਾਏ 'ਖਿੱਦੋ- ਖੂੰਡੀ' ਚੋਣ ਨਿਸ਼ਾਨ 'ਤੇ ਸਿਆਸਤ ਦੇ ਖੇਡ ਮੈਦਾਨ ਵਿਚ ਉਤਰਨਗੇ।ਇਹ ਵੀ ਵਰਨਣਯੋਗ ਹੈ ਕਿ 2017  ਵਿਚ ਉਹ ਮੋਗਾ ਤੋਂ ਕਾਂਗਰਸ ਦੀ ਟਿਕਟ ਤੇ ਚੋਣ ਲੜਨ ਦੇ ਇਛੁੱਕ ਸਨ ਪਰ ਕਾਂਗਰਸ ਨੇ ਡਾਕਟਰ ਹਰਜੋਤ ਨੂੰ ਉਮੀਦਵਾਰ ਬਣਾਇਆ ਸੀ ਜੋ ਹੁਣ ਮੋਗਾ ਤੋਂ ਵਿਧਾਇਕ ਨੇ ਤੇ ਉਹ ਵੀ ਭਾਜਪਾ ਵਿਚ ਸ਼ਾਮਿਲ ਹੋ ਚੁੱਕੇ ਨੇ