ਵਿਧਾਇਕ ਡਾ: ਹਰਜੋਤ ਕਮਲ ਦੇ ਅਣਥੱਕ ਯਤਨਾਂ ਸਦਕਾ ਮੋਗਾ ਵਿਚ ਵਾਟਰ ਸਪਲਾਈ ਅਤੇ ਸੀਵਰੇਜ ਪ੍ਰੌਜੈਕਟਾਂ ਵਾਸਤੇ 58 ਕਰੋੜ ਰੁਪਏ ਮਨਜੂਰ
*ਨਵੀਆਂ ਅਬਾਦ ਹੋਈਆਂ ਕਾਲੋਨੀਆਂ ਅਤੇ ਬਾਹਰੀ ਇਲਾਕਿਆਂ ‘ਚ ਪਾਣੀ ਅਤੇ ਸੀਵਰੇਜ ਦੇ ਪ੍ਰੌਜੈਕਟ ਹੋਣਗੇ ਮੁਕੰਮਲ
ਮੋਗਾ, 8 ਜਨਵਰੀ (ਜਸ਼ਨ): ਮੋਗਾ ਸ਼ਹਿਰ ਲਈ ਉਸ ਸਮੇਂ ਖੁਸ਼ੀ ਦੀ ਖ਼ਬਰ ਆਈ ਜਦੋਂ ਵਿਧਾਇਕ ਡਾ: ਹਰਜੋਤ ਕਮਲ ਦੇ ਅਣਥੱਕ ਯਤਨਾਂ ਨਾਲ ਮੋਗਾ ਵਿਚ ਵਾਟਰ ਸਪਲਾਈ ਅਤੇ ਸੀਵਰੇਜ ਪ੍ਰੌਜੈਕਟਾਂ ਦੇ ਤੀਜੇ ਫੇਜ਼ ਲਈ ਪੰਜਾਬ ਸਰਕਾਰ ਨੇ ਮੋਗਾ ਵਾਸਤੇ 58 ਕਰੋੜ ਰੁਪਏ ਦੇ ਪ੍ਰੌਜੈਕਟ ਨੂੰ ਮਨਜ਼ੂਰੀ ਦੇ ਦਿੱਤੀ। ਵਾਰਡ ਨੰਬਰ 7 ਵਿਚ ਵਿਕਾਸ ਪ੍ਰੌਜੈਕਟਾਂ ਦੀ ਸ਼ੁਰੂਆਤ ਕਰਵਾਉਣ ਪਹੁੰਚੇ ਵਿਧਾਇਕ ਡਾ: ਹਰਜੋਤ ਕਮਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕਰਦਿਆਂ ਆਖਿਆ ਕਿ 58 ਕਰੋੜ ਦੇ ਇਸ ਪ੍ਰੌਜੈਕਟ ਨਾਲ 30 ਕਿਲੋਮੀਟਰ ਵਾਟਰ ਸਪਲਾਈ, ਟਿਊਵੈੱਲ , 17 ਕਿਲੋਮੀਟਰ ਸੀਵਰੇਜ ਲਾਈਨ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਇਆ ਜਾਵੇਗਾ ਜਿਸ ਨਾਲ ਮੋਗੇ ਦਾ ਸਾਰਾ ਖੇਤਰ ਵਾਟਰ ਸਪਲਾਈ ਅਤੇ ਸੀਵਰੇਜ ਪੱਖੋਂ ਕਵਰ ਹੋ ਜਾਵੇਗਾ ਅਤੇ ਭਵਿੱਖ ਵਿਚ ਕੋਈ ਵੀ ਕਾਲੋਨੀ ਜਾਂ ਵਾਰਡ ਅਜਿਹਾ ਨਹੀਂ ਹੋਵੇਗਾ ਜੋ ਇਹਨਾਂ ਬੁਨਿਆਦੀ ਸਹੂਲਤਾਂ ਤੋਂ ਵਿਰਵਾ ਹੋਵੇ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਉਹਨਾਂ ਦਾ ਸੁਫ਼ਨਾ ਸੀ ਕਿ ਮੋਗਾ ਨੂੰ ਪੰਜਾਬ ਦੇ ਅਹਿਮ ਸ਼ਹਿਰਾਂ ਵਿਚ ਸ਼ੁਮਾਰ ਹੋਣ ਵਾਲੇ ਸ਼ਹਿਰ ਵਜੋਂ ਤਾਮੀਰ ਕਰ ਸਕਾਂ ਤੇ ਇਸ 58 ਕਰੋੜ ਦੇ ਪ੍ਰੌਜੈਕਟ ਨਾਲ ਨਵੀਆਂ ਅਬਾਦੀਆਂ ਵਿਚ ਵੀ ਵਾਟਰ ਸਪਲਾਈ ਅਤੇ ਸੀਵਰੇਜ ਪੈਣ ਨਾਲ ਸਮੁੱਚਾ ਮੋਗੇ ਦੀ ਕਾਇਆ ਕਲਪ ਹੋ ਜਾਵੇਗੀ । ਇਸ ਮੌਕੇ ਉਹਨਾਂ ਨਾਲ ਜੱਗਾ ਪੰਡਿਤ, ਗੁਰਮਿੰਦਰਜੀਤ ਬਬਲੂ ਸਿਆਸੀ ਸਕੱਤਰ, ਲਖਵੀਰ ਸਿੰਘ ਪਿ੍ਰੰਸ ਗੈਦੂ ਅਤੇ ਪਤਵੰਤੇ ਹਾਜ਼ਰ ਸਨ।