ਫਿਰੋਜ਼ਪੁਰ ਰੈਲੀ ‘ਚ ਸ਼ਾਮਲ ਹੋਣ ਜਾ ਰਹੇ ਪੰਜਾਬ ਭਾਜਪਾ ਵਪਾਰ ਮੰਡਲ ਦੇ ਸਕੱਤਰ ਦੇਵਪਿ੍ਰਆ ਤਿਆਗੀ ’ਤੇ ਕਿਸਾਨਾਂ ਨੇ ਕੀਤਾ ਹਮਲਾ
ਮੋਗਾ, 5 ਜਨਵਰੀ (ਜਸ਼ਨ): ਪੰਜਾਬ ਭਾਜਪਾ ਵਪਾਰ ਮੰਡਲ ਦੇ ਸਕੱਤਰ ਦੇਵਪਿ੍ਰਆ ਤਿਆਗੀ ਉਸ ਸਮੇਂ ਗੰਭੀਰ ਜਖਮੀਂ ਹੋ ਗਏ ਜਦੋਂ ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਰੈਲੀ ਲਈ ਜਾਂਦਿਆਂ ਮੋਗਾ ਫਿਰੋਜ਼ਪੁਰ ਰੋਡ ’ਤੇ ਪਿੰਡ ਪਿਆਰੇਆਣਾ ਕੋਲ ਉਹਨਾਂ ’ਤੇ ਕਿਸਾਨਾਂ ਵੱਲੋਂ ਹਮਲਾ ਕੀਤਾ ਗਿਆ । ਇਸ ਘਟਨਾ ਦੌਰਾਨ ਦੇਵ ਪਿ੍ਰਆ ਤਿਆਗੀ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਲਹੂ ਲੁਹਾਨ ਹੋ ਗਏ ਜਦਕਿ ਉਹਨਾਂ ਦੇ ਨਾਲ ਪੰਜਾਬ ਭਾਜਪਾ ਵਪਾਰ ਮੰਡਲ ਦੇ ਪ੍ਰਧਾਨ ਦਿਨੇਸ਼ ਸਰਪਾਲ, ਸਕੱਤਰ ਟਰੇਡ ਚਿਰਾਗ ਬੱਤਰਾ ਅਤੇ ਹੋਰ ਭਾਜਪਾ ਵਰਕਰ ਵੀ ਹਾਜ਼ਰ ਸਨ । ਇਸ ਮੌਕੇ ਹੋਰਨਾਂ ਵਰਕਰਾਂ ਦੇ ਵੀ ਸੱਟਾਂ ਲੱਗੀਆਂ । ਇਸ ਮੌਕੇ ਦੇਵ ਪਿ੍ਰਆ ਤਿਆਗੀ ਨੇ ਦੋਸ਼ ਲਾਇਆ ਕਿ ਉਹ ਫਿਰੋਜ਼ਪੁਰ ਵੱਲ ਨੂੰ ਜਾ ਰਹੇ ਸਨ ਪਰ ਪਿੰਡ ਪਿਆਰੇਆਣਾ ਕੋਲ ਪੁਲਿਸ ਦੇ ਨਾਕੇ ਤੋਂ ਅੱਗੇ ਜਾਂਦਿਆਂ ਕਿਸਾਨਾਂ ਨੇ ਉਹਨਾਂ ਨੂੰ ਰੋਕਿਆ ਅਤੇ ਉਹਨਾਂ ’ਤੇ ਹਮਲਾ ਕੀਤਾ। ਤਿਆਗੀ ਨੇ ਆਖਿਆ ਕਿ ਕਿਸਾਨ ਡਾਗਾਂ ਨਾਲ ਲੈੱਸ ਸਨ ਅਤੇ ਜਦੋਂ ਉਹ ਹਮਲਾ ਕਰ ਰਹੇ ਸਨ ਤਾਂ ਪੁਲਿਸ ਮੂਕ ਦਰਸ਼ਕ ਬਣੀ ਰਹੀ । ਤਿਆਗੀ ਨੇ ਆਖਿਆ ਕਿ ਇਸ ਸਮੇਂ ਦੰਗਿਆਂ ਵਰਗੇ ਹਾਲਾਤ ਬਣ ਸਕਦੇ ਸਨ ਪਰ ਉਹ ਮਹਾਤਮਾ ਗਾਂਧੀ ਦੇ ਪੁਜਾਰੀ ਨੇ ਅਤੇ ਸਮਝਦੇ ਨੇ ਕਿ ਇਹ ਗੁੰਡੇ ਨਾ ਸਿਰਫ਼ ਰੈਲੀ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਲਕਿ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਦੇ ਮਨਸੂਬੇ ਬਣਾ ਰਹੇ ਹਨ। ਉਹਨਾਂ ਆਖਿਆ ਕਿ ਦੇਸ਼ ਵਿਰੋਧੀ ਤਾਕਤਾਂ ਦਾ ਚਿਹਰਾ ਹੁਣ ਲੋਕਾਂ ਸਾਹਮਣੇ ਆ ਗਿਆ ਹੈ ਅਤੇ ਬਿਨਾਂ ਵਜਹ ਆਮ ਲੋਕਾਂ ’ਤੇ ਹਮਲਾ ਕਰਨ ਵਾਲਿਆਂ ਦੇ ਚਿਹਰੇ ਸਾਹਮਣੇ ਆ ਗਏ ਹਨ। ਇਸ ਹਮਲੇ ਨੂੰ ਲੈ ਕੇ ਜਿੱਥੇ ਭਾਜਪਾ ਦੇ ਸੂਬਾਈ ਆਗੂਆਂ ਨੇ ਰੋਸ ਜ਼ਾਹਿਰ ਕੀਤਾ ਹੈ ਉੱਥੇ ਮੋਗਾ ਸ਼ਹਿਰ ਵਿਚ ਵੀ ਲੋਕਾਂ ਵਿਚ ਕਿਸਾਨਾਂ ਦੇ ਇਸ ਵਿਹਾਰ ਖਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ।