ਨੀਤੀ ਆਯੋਗ ਦੇ ਸਹਿਯੋਗ ਨਾਲ ਪਿਰਾਮਲ ਫਾਊਂਡੇਸ਼ਨ ਵੱਲੋਂ ਵਰਕਸ਼ਾਪ ਦਾ ਆਯੋਜਨ

Tags: 

ਮੋਗਾ,19 ਦਸੰਬਰ (ਜਸ਼ਨ):   ਪਿਰਾਮਲ ਫਾਊਂਡੇਸ਼ਨ ਵੱਲੋਂ ਨੀਤੀ ਆਯੋਗ ਦੇ ਸਹਿਯੋਗ ਨਾਲ ਮੋਗਾ ਦੇ ਚੋਖਾ ਇੰਪਾਇਰ ਹੋਟਲ ਵਿਖੇ ਮੋਗਾ ਅਤੇ ਫਿਰੋਜ਼ਪੁਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ 'ਸੰਯੁਕਤ ਸੰਗਠਨ' ਸਿਰਲੇਖ ਹੇਠ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮੋਗਾ ਦੇ ਐਸ.ਡੀ.ਐਮ ਸ. ਸਤਵੰਤ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਮੋਗਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ 19 ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਇਸ ਮੌਕੇ ਐਸ.ਡੀ.ਐਮ. ਸਤਵੰਤ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਐੱਸ.ਕੇ. ਬਾਂਸਲ ਅਤੇ ਪਿਰਾਮਲ ਫਾਊਂਡੇਸ਼ਨ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਬੋਲਦਿਆਂ ਕਿਹਾ ਕਿ ਮਨੁੱਖ ਦਾ ਫਰਜ਼ ਬਣਦਾ ਹੈ ਕਿ ਉਹ ਸਮੁੱਚੀ ਮਾਨਵਤਾ ਦੀ ਸੇਵਾ ਵਾਸਤੇ ਕਾਰਜ ਕਰਦਾ ਰਹੇ ਅਤੇ ਅਜਿਹੇ ਕਾਰਜ ਕਰਨ ਲਈ ਸਾਨੂੰ ਸਮਾਜਸੇਵੀਆਂ ਨੂੰ ਸੰਗਠਿਤ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੀ ਦੌੜ 'ਚ ਮਨੁੱਖ ਆਪਣੇ ਫਰਜ਼ ਭੁੱਲਦਾ ਜਾ ਰਿਹਾ ਹੈ ਜਿਸ ਨਾਲ ਸਮਾਜ ਦੇ ਬਹੁਤ ਸਾਰੇ ਤਬਕੇ ਦੱਬੇ ਰਹਿ ਜਾਂਦੇ ਹਨ ਜਿਨ੍ਹਾਂ ਦੀ ਬਿਹਤਰੀ ਲਈ ਭਾਵੇਂ ਕਿ ਸਰਕਾਰਾਂ ਬਹੁਤ ਸਾਰੇ ਕਾਰਜ ਕਰਦੀਆਂ ਹਨ ਪਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਬਿਨਾਂ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਲੋੜਵੰਦਾਂ ਤਕ  ਪੁੱਜ ਨਹੀਂ ਪਾਉਂਦੀਆਂ। ਅਜਿਹੇ ਵਿਚ ਸਮਾਜ ਸੇਵੀ ਸੰਸਥਾਵਾਂ ਦਾ ਰੋਲ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਇਸੇ ਕਰਕੇ ਪਿਰਾਮਿਡ ਫਾਊਂਡੇਸ਼ਨ ਵੱਲੋਂ ਜੋ ਭਾਰਤ ਪੱਧਰ 'ਤੇ ਸੰਯੁਕਤ ਸੰਗਠਨ ਦਾ ਉਪਰਾਲਾ ਕੀਤਾ ਗਿਆ ਹੈ ਬਹੁਤ ਹੀ ਸਲਾਹੁਣਯੋਗ ਹੈ। ਇਸ ਮੌਕੇ ਡਾਇਰੈਕਟਰ ਮਨਮੋਹਨ ਸਿੰਘ, ਵਿਨੈ ਬੰਤ, ਮਨੋਜ ਲਮੇ ਤੇ ਰਾਜਿੰਦਰ ਚੌਹਾਨ ਨੇ ਕਿਹਾ ਕਿ ਸੰਸਥਾ ਨੇ ਪੂਰੇ ਦੇਸ਼ 'ਚ 112 ਜਿਲ੍ਹਿਆਂ ਅਤੇ ਪੰਜਾਬ ਦੇ ਦੋ ਜਿਲ੍ਹੇ ਮੋਗਾ ਤੇ ਫਿਰੋਜਪੁਰ ਨੂੰ ਕਾਰਜ ਕਰਨ ਲਈ ਚੁਣਿਆ ਹੈ ਅਤੇ ਸੰਸਥਾ ਨੇ ਸਭ ਤੋਂ ਪਹਿਲਾਂ ਸਿਹਤ, ਸਿੱਖਿਆ ਅਤੇ ਪਾਣੀ ਦੇ ਵਿਸ਼ੇ ਨੂੰ ਲੈ ਕੇ ਪ੍ਰੋਗਰਾਮ ਅਰੰਭੇ ਕੀਤੇ ਹਨ ਜਿਸ ਦੇ ਕਿ ਵਧੀਆ ਨਤੀਜੇ ਸਾਹਮਣੇ ਆਏ ਹਨ। ਇਸ ਵਰਕਸ਼ਾਪ 'ਚ ਅਨਮੋਲ ਸ਼ਰਮਾ, ਮਨਜੀਤ ਕਾਂਸਲ, ਰਾਜੀਵ ਗੁਲਾਟੀ, ਅਮਨ ਸ਼ਰਮਾ, ਗੁਰਸੇਵਕ ਸੰਨਿਆਸੀ, ਰੇਸ਼ਮ ਸਿੰਘ ਚੌਧਰੀਵਾਲਾ, ਜਗਰੂਪ ਸਿੰਘ ਸਰੋਆ, ਲਵਲੀ ਸਿੰਗਲਾ, ਸੋਨੂੰ ਸਚਦੇਵਾ, ਕੁਲਵਿੰਦਰ ਸਿੰਘ, ਬਲਜਿੰਦਰ ਸਿੰਘ ਤੋਂ ਇਲਾਵਾ ਕਈ ਸੰਸਥਾਵਾਂ ਦੇ ਵਰਕਰ ਆਦਿ ਸ਼ਾਮਿਲ ਸਨ।