ਸਟੇਡੀਅਮ ਨੂੰ ਢਾਹ ਕੇ ਪ੍ਰਬੰਧਕੀ ਕੰਪਲੈਕਸ ਬਣਾਉਣ ਦੇ ਫੈਸਲੇ ਖਿਲਾਫ਼ ਵਿਧਾਇਕ ਡਾ: ਹਰਜੋਤ ਕਮਲ ਵੀ ਆਏ ਅੱਗੇ

* ਵਿਧਾਇਕ ਡਾ: ਹਰਜੋਤ ਕਮਲ ਨੇ, ਨਿਗਮ ਅਧਿਕਾਰੀਆਂ ਨੂੰ ਸਟੇਡੀਅਮ ਵਾਲੀ ਜਗਹ ’ਤੇ ਪ੍ਰਬੰਧਕੀ ਕੰਪਲੈਕਸ ਬਣਾਉਣ ਤੋਂ ਰੋਕਣ ਦੇ ਦਿੱਤੇ ਹੁਕਮ 
ਮੋਗਾ, 18 ਦਸੰਬਰ (ਜਸ਼ਨ): ਮੋਗਾ ਨਗਰ ਨਿਗਮ ਵੱਲੋਂ ਖੇਡ ਸਟੇਡੀਅਮ ਨੂੰ ਢਾਹ ਕੇ ਪ੍ਰਬੰਧਕੀ ਕੰਪਲੈਕਸ ਬਣਾਉਣ ਦੇ ਫੈਸਲੇ ਖਿਲਾਫ਼ ਖੜ੍ਹੇ ਹੋਣ ਨਾਲ ਸਮੁੱਚੇ ਘਟਨਾਕ੍ਰਮ ਵਿਚ ਵੱਡੀ ਤਬਦੀਲੀ ਆਈ ਹੈ। 
ਜ਼ਿਕਰਯੋਗ ਹੈ ਕਿ ਪਹਿਲਾਂ ਇਹ ਪ੍ਰਬੰਧਕੀ ਕੰਪਲੈਕਸ ਨਗਰ ਨਿਗਮ ਦੇ ਨੇਚਰ ਪਾਰਕ ਵਾਲੀ ਥਾਂ ’ਤੇ ਬਣਾਉਣ ਦਾ ਫੈਸਲਾ ਹੋਇਆ ਸੀ ਪਰ ਵਾਤਾਵਰਨ ਦੇ ਮੁੱਦੇ ਨੂੰ ਧਿਆਨ ਵਿਚ ਰੱਖਦਿਆਂ ਨਿਗਮ ਅਧਿਕਾਰੀਆਂ ਨੇ ਇਹ ਕੰਪਲੈਕਸ ਨਗਰ ਨਿਗਮ ਵਿਚ ਬਣੇ ਸਟੇਡੀਅਮ ਨੂੰ ਢਾਹ ਕੇ ਉਸ ਜਗਹ ’ਤੇ ਬਣਾਉਣ ਦਾ ਫੈਸਲਾ ਲਿਆ। ਨਿਗਮ ਅਧਿਕਾਰੀਆਂ ਦੇ ਇਸ ਫੈਸਲੇ ਖਿਲਾਫ਼ ਜਿੱਥੇ ਆਮ ਲੋਕਾਂ ਵਿਚ ਰੋਹ ਪੈਦਾ ਹੋਇਆ ਉੱਥੇ ਕੁਝ ਸਿਆਸੀ ਆਗੂਆਂ ਨੇ ਵੀ ਇਸ ਮਸਲੇ ’ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ। 
ਅੱਜ ਜਦੋਂ ਵਿਧਾਇਕ ਡਾ: ਹਰਜੋਤ ਕਮਲ ਦੇ ਧਿਆਨ ਵਿਚ ਇਹ ਮਸਲਾ ਆਇਆ ਤਾਂ ਉਹਨਾਂ ਤੁਰੰਤ ਇਸ ਫੈਸਲੇ ਦਾ ਵਿਰੋਧ ਕਰਦਿਆਂ ਨਿਗਮ ਅਧਿਕਾਰੀਆਂ ਨੂੰ ਸਟੇਡੀਅਮ ਵਾਲੀ ਜਗਹ ’ਤੇ ਪ੍ਰਬੰਧਕੀ ਕੰਪਲੈਕਸ ਬਣਾਉਣ ਤੋਂ ਰੋਕਣ ਦੇ ਹੁਕਮ ਵੀ ਕੀਤੇ। 
ਉਹਨਾਂ ਆਖਿਆ ਕਿ ਜਿੱਥੇ ਇਹ ਫੈਸਲਾ ਲੋਕ ਵਿਰੋਧੀ ਹੈ ਉੱਥੇ ਕਈ ਦਹਾਕਿਆਂ ਤੋਂ ਬਣੇ ਸਟੇਡੀਅਮ ਦੀ ਵਿਰਾਸਤ ਨੂੰ ਸੰਭਾਲਣ ਦਾ ਵੀ ਹੈ । ਉਹਨਾਂ ਆਖਿਆ ਕਿ ਇਸ ਸਟੇਡੀਅਮ ਵਿਚ ਰੋਜ਼ਾਨਾ ਬੱਚੇ ਖੇਡਦੇ ਹਨ ਅਤੇ ਸਮੇਂ ਸਮੇਂ ’ਤੇ ਧਾਰਮਿਕ ਅਤੇ ਸਮਾਜਿਕ ਸਮਾਗਮ ਵੀ ਇਸ ਸਟੇਡੀਅਮ ਵਿਚ ਕੀਤੇ ਜਾਂਦੇ ਹਨ। ਉੁਹਨਾਂ ਆਖਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਖੇਡ ਮੰਤਰੀ ਪ੍ਰਗਟ ਸਿੰਘ ਵੱਲੋਂ ਸੂਬੇ ਵਿਚ ਨਵੇਂ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ ਅਤੇ ਅਜਿਹੀ ਸਰਕਾਰ ਦੇ ਹੁੰਦਿਆਂ ਕਿਸੇ ਖੇਡ ਸਟੇਡੀਅਮ ਨੂੰ ਉਜਾੜਨ ਦਾ ਸਵਾਲ ਹੀ ਪੈਦਾ ਨਹੀਂ ਹੰੁਦਾ । ਉਹਨਾਂ ਆਖਿਆ ਕਿ ਉਹਨਾਂ ਨੇ ਅਧਿਕਾਰੀਆਂ ਨੂੰ ਕੋਈ ਹੋਰ ਢੁੱਕਵੀਂ ਥਾਂ ਤਲਾਸ਼ਣ ਲਈ ਆਖਿਆ ਹੈ ਤਾਂ ਕਿ ਨਿਗਮ ਦੇ ਕੰਪਲੈਕਸ ਵਿਚ ਹੀ ਤਜ਼ਵੀਜਯੋਗ ਇਮਾਰਤ ਉਸਾਰੀ ਜਾ ਸਕੇ। 
ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਬੇਸ਼ੱਕ ਲੋੜ ਮੁਤਾਬਕ ਕਈ ਵਾਰ ਨਵੀਂਆਂ ਇਮਾਰਤਾਂ ਉਸਾਰਨ ਦੀ ਜ਼ਰੂਰਤ ਹੁੰਦੀ ਹੈ ਪਰ ਲੋਕ ਹਿਤਾਂ ਵਿਚ ਖੇਡ ਸਟੇਡੀਅਮ ਵਰਗੀਆਂ ਵਰਤੋਂ ਵਿਚ ਆ ਰਹੀਆਂ ਇਮਾਰਤਾਂ ਨੂੰ ਢਾਹੁਣਾ ਕਿਸੇ ਤਰਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ , ਇਸ ਕਰਕੇ ਉਹ ਖੁਦ ਇਸ ਖੇਡ ਸਟੇਡੀਅਮ ਨੂੰ ਢਾਹੁਣ ਦੇ ਖਿਲਾਫ਼ ਹਨ ਅਤੇ ਸ਼ਹਿਰਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਸਟੇਡੀਅਮ ਨੂੰ ਕਿਸੇ ਵੀ ਕੀਮਤ ’ਤੇ ਢਾਹਿਆ ਨਹੀਂ ਜਾਵੇਗਾ । ਵਿਧਾਇਕ ਨੇ ਆਖਿਆ ਕਿ ਉਹ ਖੁਦ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੋਗਾ ਆਮਦ ਨੂੰ ਲੈ ਕੇ ਜ਼ਰੂਰੀ ਕੰਮਾਂ ਵਿਚ ਰੁਝੇ ਹੋਏ ਸਨ ਇਸ ਕਰਕੇ ਉਹ ਨਿਗਮ ਹਾਊਸ ਦੀ ਮੀਟਿੰਗ ਵਿਚ ਕਾਫ਼ੀ ਦੇਰ ਨਾਲ ਪਹੁੰਚੇ ਸਨ ਅਤੇ ਇਸੇ ਸਮੇਂ ਦੌਰਾਨ ਉਹਨਾਂ ਦੇ ਪਹੰੁਚਣ ਤੋਂ ਪਹਿਲਾਂ ਹਾਊਸ ਨੇ ਸਟੇਡੀਅਮ ਵਾਲੀ ਥਾਂ ’ਤੇ ਕੰਪਲੈਕਸ ਬਣਾਉਣ ਦਾ ਫੈਸਲਾ ਲਿਆ, ਪਰ ਕੁਝ ਵੀ ਹੋਵੇ ਸਟੇਡੀਅਮ ਨੂੰ ਕਿਸੇ ਵੀ ਕੀਮਤ ’ਤੇ ਢਾਹਿਆ ਨਹੀਂ ਜਾਵੇਗਾ।