ਸੱਤ ਸਾਲਾਂ ਤੋਂ ਨਿਰਮਾਣ ਨੂੰ ਤਰਸਦੀ ਲਾਲ ਸਿੰਘ ਵਾਲੀ ਬਸਤੀ ਦੀ ਮੇਨ ਸੜਕ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ, ਪ੍ਰੀਮਿਕਸ ਪਾਉਣ ਦੀ ਕਰਵਾਈ ਆਰੰਭਤਾ

* ਮੋਗਾ ਵਾਸੀਆਂ ਵੱਲੋਂ ਬਖਸ਼ੇ ਪਿਆਰ ਅਤੇ ਆਪਣੇ ਕੀਤੇ ਵਾਅਦਿਆਂ ਦੀ ਪੂਰਤੀ ਲਈ ਨਿਭਾਅ ਰਿਹਾਂ ਰਾਜ ਧਰਮ: ਵਿਧਾਇਕ ਡਾ: ਹਰਜੋਤ ਕਮਲ
ਮੋਗਾ, 5 ਦਸੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਸੁਹਿਰਦ ਯਤਨਾਂ ਸਦਕਾ ਮੋਗਾ ਵਿਚ ਨਵੀਆਂ ਨਕੋਰ ਮਲਾਈ ਵਰਗੀਆਂ ਸੜਕਾਂ ਬਣਾਉਣ ਦੀ ਲੜੀ ਤਹਿਤ ਅੱਜ ਵਾਰਡ ਨੰਬਰ 16 ‘ਚ ਲਾਲ ਸਿੰਘ ਬਸਤੀ ਵਾਲੀ ਮੇਨ ਸੜਕ ਨੂੰ ਮੈਟਲ ਰੋਡ ਵਜੋਂ ਤਾਮੀਰ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਪ੍ਰੀਮਿਕਸ ਪਾਉਣ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਕੌਂਸਲਰ ਵਿਜੇ ਭੂਸ਼ਣ ਟੀਟੂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਇਸ ਸੜਕ ਦਾ ਨਿਰਮਾਣ ਪਿਛਲੇ ਸੱਤ ਸਾਲ ਤੋਂ ਰੁਕਿਆ ਹੋਇਆ ਸੀ ਪਰ ਵਿਧਾਇਕ ਦੀ ਚਾਰਾਜੋਈ ਸਦਕਾ ਅੱਜ ਦੁਬਾਰਾ ਕੰਮ ਆਰੰਭ ਹੋਇਆ ਹੈ ਜਿਸ ਨਾਲ ਨਾ ਸਿਰਫ਼ ਲਾਲ ਸਿੰਘ ਬਸਤੀ ਵਾਲੇ ਸਗੋਂ ਲਾਗਲੇ ਇਲਾਕੇ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ ਜਿਹਨਾਂ ਨੂੰ ਇਸ ਟੁੱਟੀ ਸੜਕ ਤੋਂ ਲੰਘਣ ਵੇਲੇ ਬੇਸ਼ੁਮਾਰ ਮੁਸ਼ਕਿਲਾਂ ਦਾ ਸਾਹਮਣਾ  ਕਰਨਾ ਪੈਂਦਾ ਸੀ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਸੜਕਾਂ ਬਣਾ ਕੇ ਉਹ ਮੋਗਾ ਵਾਸੀਆਂ ਵੱਲੋਂ ਬਖਸ਼ੇ ਪਿਆਰ ਅਤੇ ਆਪਣੇ ਕੀਤੇ ਵਾਅਦਿਆਂ ਦੀ ਪੂਰਤੀ ਲਈ ਰਾਜ ਧਰਮ ਨਿਭਾਅ ਰਹੇ ਹਨ । ਉਹਨਾਂ ਆਖਿਆ ਕਿ ਜਦੋਂ ਉਹ ਵਿਧਾਇਕ ਬਣੇ ਸਨ ਤਾਂ ਸਾਰਾ ਮੋਗਾ ਪੱਟਿਆ ਪਿਆ ਸੀ ਅਤੇ ਰਹਿੰਦੀ ਖੂੰਹਦੀ ਕਸਰ ਕਰੋਨਾ ਕਾਲ ਨੇ ਪੂਰੀ ਕਰ ਦਿੱਤੀ ਪਰ ਫੇਰ ਵੀ ਮੋਗਾ ਵਾਸੀਆਂ ਦੇ ਸਹਿਯੋਗ ਸਦਕਾ ਪਿਛਲੇ ਕੁਝ ਮਹੀਨਿਆਂ ਵਿਚ ਹੀ ਉਹ ਮੋਗਾ ਦੀ ਨਕਸ਼ ਨੁਹਾਰ ਬਦਲਣ ਦੇ ਸਮਰੱਥ ਹੋਏ ਹਨ। ਇਸ ਮੌਕੇ ਦਰਸ਼ਨ ਸਿੰਘ ਮਹਿਰੋਂ , ਪੂਰਨ ਨੰਬਰਦਾਰ, ਗੁਰਮਿੰਦਰ ਬਬਲੂ, ਗੋਲੂ ਸੈਨਟਰੀ ਸਟੋਰ ਵਾਲਾ, ਸੁਖਦੇਵ ਮੈਂਬਰ,  ਗੋਰਾ ਗਿੱਲ, ਅਮਰਜੀਤ ਗਿੱਲ, ਇਕਬਾਲ ਸਿੰਘ ਅਤੇ ਇਲਾਕਾ ਵਾਸੀ ਹਾਜ਼ਰ ਸਨ।