ਵੋਟ ਦੇ ਹੱਕ ਪ੍ਰਤੀ ਜਾਗਰੂਕ ਕਰਨ ਲਈ ਪ੍ਰਸਾਸ਼ਨ ਦੀ ਵਿਲੱਖਣ ਪਹਿਲਕਦਮੀ, ਪਿੰਡਾਂ ‘ਚ ਕੱਢੀ ਟਰੈਕਟਰ ਜਾਗਰੂਕਤਾ ਰੈਲੀ,ਐੱਸ ਡੀ ਐੱਮ ਨੇ ਟਰੈਕਟਰ ’ਤੇ ਸਵਾਰ ਹੋ ਕੇ ਕੀਤੀ ਅਗਵਾਈ
ਮੋਗਾ, 4 ਦਸੰਬਰ:(ਜਸ਼ਨ): ਜ਼ਿਲਾ ਪ੍ਰਸ਼ਾਸ਼ਨ ਮੋਗਾ ਵੱਲੋਂ ਅੱਜ ਮੋਗਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿਚਲੇ ਵੋਟਰਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਵਿਲੱਖਣ ਗਤੀਵਿਧੀ ਕੀਤੀ ਗਈ। ਅੱਜ ਉਪ ਮੰਡਲ ਮੈਜਿਸਟ੍ਰੇਟ-ਕਮ-ਜ਼ਿਲਾ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਮੋਗਾ ਸਤਵੰਤ ਸਿੰਘ ਦੀ ਅਗਵਾਈ ਵਿੱਚ ਸਮੂਹ ਬੀ.ਐਲ.ਓ.ਜ਼ ਦੀ ਮੌਜੂਦਗੀ ਵਿੱਚ ਇੱਕ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ।
ਅੱਜ ਦੀ ਰੈਲੀ ਦੀ ਵਿਸ਼ੇਸ਼ਤਾ ਇਹ ਰਹੀ ਕਿ ਐੱਸ ਡੀ ਐੱਮ ਖੁਦ ਟਰੈਕਟਰ ’ਤੇ ਸਵਾਰ ਹੋਏ ਜਦਕਿ ਜ਼ਿਲਾ ਪਲਾਂਟ ਪ੍ਰੌਟੈਕਸ਼ਨ ਅਫਸਰ ਜਸਵਿੰਦਰ ਸਿੰਘ ਬਰਾੜ ਨੇ ਖੁਦ ਟਰੈਕਟਰ ਚਲਾ ਕੇ ਰੈਲੀ ਵਿਚ ਸ਼ਮੂਲੀਅਤ ਕੀਤੀ। ਇਸ ਰੈਲੀ ਨੂੰ ਮਹਿਲਾ ਸਸ਼ਕੱਤੀਕਰਨ ਦੇ ਰੰਗ ਵਿਚ ਰੰਗਦਿਆਂ ਇਲੈਕਸ਼ਨ ਕਾਨੂੰਨਗੋ ਪੂਨਮ ਸਿੱਧੂ ਅਤੇ ਮਹਿਲਾ ਬੀ ਐੱਲ ਓ ਨੇ ਝੰਡੀ ਦਿਖਾ ਕੇ ਪਿੰਡਾਂ ਲਈ ਰਵਾਨਾ ਕੀਤਾ। ਇਹ ਟਰੈਕਟਰ ਜਾਗਰੂਕਤਾ ਰੈਲੀ ਘੱਲ ਕਲਾਂ ਤੋਂ ਸ਼ੁਰੂ ਹੋ ਕੇ ਰੌਲੀ, ਰੱਤੀਆਂ ਅਤੇ ਖੋਸਾ ਪਾਂਡੋ ਪਿੰਡਾਂ ਤੋਂ ਹੁੰਦੇ ਹੋਏ ਵਾਪਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿੱਚ ਪੁੱਜੀ ਜਿੱਥੇ ਡਿਪਟੀ ਕਮਿਸ਼ਨਰ ਮੋਗਾ ਹਰੀਸ਼ ਨਈਅਰ ਨੇ ਸਮੁੱਚੀ ਟੀਮ ਦਾ ਉਤਸ਼ਾਹ ਵਧਾਇਆ। ਇਸ ਟਰੈਕਟਰ ਰੈਲੀ ਜਰੀਏ ਵਿਧਾਨ ਸਭਾ ਹਲਕਾ ਮੋਗਾ ਦੇ ਪਿੰਡਾਂ ਨੂੰ ਕਵਰ ਕੀਤਾ ਗਿਆ।
ਇਸ ਮੌਕੇ ਸ੍ਰੀ ਸਤਵੰਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵੋਟ ਹਰ ਇੱਕ ਨਾਗਰਿਕ ਦਾ ਮੁੱਢਲਾ ਅਧਿਕਾਰ ਹੈ। ਇਸ ਅਧਿਕਾਰ ਦੀ ਸਹੀ ਤਰੀਕੇ ਨਾਲ ਵਰਤੋਂ ਕਰਨ ਪ੍ਰਤੀ ਜਾਗਰੂਕ ਕਰਨ ਅਤੇ ਨਵੀਆਂ ਵੋਟਾਂ ਬਣਾਉਣ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਇਸ ਰੈਲੀ ਵਿੱਚ ਟਰੈਕਟਰ ਨੂੰ ਚੁਣਿਆ ਗਿਆ ਕਿਉਂਕਿ ਟਰੈਕਟਰ ਪਿੰਡਾਂ ਦੇ ਲੋਕਾਂ ਨਾਲ ਜੁੜਿਆ ਇੱਕ ਅਹਿਮ ਖੇਤੀਬਾੜੀ ਉਪਕਰਨ ਮੰਨਿਆ ਜਾਂਦਾ ਹੈ, ਜਿਸ ਜਰੀਏ ਪਿੰਡਾਂ ਦੇ ਕਿਸਾਨ ਆਪਣੀ ਸੱਚੀ ਸੁੱਚੀ ਕਿਰਤ ਕਰਦੇ ਹਨ। ਉਨਾਂ ਕਿਹਾ ਕਿ ਇਸ ਰੈਲੀ ਜਰੀਏ ਪਿੰਡਾਂ ਦੇ ਦਿਵਿਆਂਗਜਨ ਵੋਟਰਾਂ, 80 ਸਾਲ ਤੋਂ ਉਪਰਲੀ ਉਮਰ ਦੇ ਬਜ਼ੁਰਗਾਂ ਨੂੰ ਪੋਸਟ ਬੈਲਟ ਦੀ ਸਹੂਲੀਅਤ ਬਾਰੇ ਵੀ ਜਾਣਕਾਰੀ ਦਿੱਤੀ ਗਈ ਕਿ ਉਹ ਕਿਵੇਂ ਹੁਣ ਘਰ ਬੈਠੇ ਹੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਦੇ ਹਨ। ਉਨਾਂ ਕਿਹਾ ਕਿ ਇਸ ਰੈਲੀ ਜਰੀਏ ਵੋਟ ਬਣਾਉਣ, ਵੋਟ ਕਟਵਾਉਣ, ਵੋਟ ਵਿੱਚ ਸੁਧਾਰ ਕਰਵਾਉਣ, ਵੋਟ ਦੀ ਮਾਈਗਰੇਸ਼ਨ ਦੀਆਂ ਵਿਧੀਆਂ ਬਾਰੇ ਵੀ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਗਈ।