ਵਿਧਾਇਕ ਡਾ: ਹਰਜੋਤ ਕਮਲ ਨੇ, ਵਾਰਡ 34 ‘ਚ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਬੋਰਵੈੱਲ ਦੇ ਕੰਮ ਦੀ ਕਰਵਾਈ ਸ਼ੁਰੂਆਤ

*ਬੋਰਵੈੱਲ ਬਣਨ ਨਾਲ ਲਾਗਲੇ 5 ਵਾਰਡਾਂ ਨੂੰ ਮਿਲੇਗਾ ਸਾਫ਼ ਪੀਣ ਵਾਲਾ ਪਾਣੀ: ਵਿਧਾਇਕ ਡਾ: ਹਰਜੋਤ ਕਮਲ 
ਮੋਗਾ, 3 ਦਸੰਬਰ (ਜਸ਼ਨ): ਮੋਗਾ ਹਲਕੇ ‘ਚ ਪਿਛਲੇ 5 ਸਾਲਾਂ ਤੋਂ ਲਗਾਤਾਰ ਚੱਲ ਰਹੇ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਬੁਨਿਆਦੀ ਸਹੂਲਤਾਂ ਦੀ ਲੜੀ ਤਹਿਤ ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 34 ‘ਚ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਟੱਕ ਲਗਾ ਕੇ ਬੋਰਵੈੱਲ ਦੇ ਕੰਮ ਦੀ ਸ਼ੁਰੂਆਤ ਕਰਵਾਈ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਵਾਸੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਉਹ ਪੂਰੀ ਦਿ੍ਰੜਤਾ ਨਾਲ ਸ਼ਹਿਰ ਦੇ ਹਰ ਕੋਨੇ ਵਿਚ ਵਿਕਾਸ ਕਾਰਜਾਂ ਦੀ ਲੜੀ ਚਲਾ ਰਹੇ ਹਨ ਅਤੇ ਜਲਦ ਹੀ ਮੋਗਾ ‘ਸੋਹਣਾ ਮੋਗਾ ’ ‘ਚ ਤਬਦੀਲ ਹੋਣ ਜਾ ਰਿਹਾ ਹੈ ਪਰ ਇਹ ਸਭ ਕੁਝ ਲੋਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ। ਉਹਨਾਂ ਆਖਿਆ ਕਿ ਬੋਰਵੈੱਲ ਕੁਝ ਦਿਨਾਂ ਵਿਚ ਮੁਕੰਮਲ ਹੋ ਜਾਵੇਗਾ ਅਤੇ ਇਸ ਦੇ ਬਣਨ ਨਾਲ ਵਾਰਡ ਨੰਬਰ 32, 42 , 43, ਰਜਿੰਦਰਾ ਅਸਟੇਟ, ਬੱਗੇਆਣਾ ਬਸਤੀ, ਹਾਕਮ ਕਾ ਅਗਵਾੜ ਅਤੇ ਬੁੱਕਣਵਾਲਾ ਰੋਡ ਦੇ ਵਾਸੀਆਂ ਨੂੰ ਸ਼ੁੱਧ ਪੀਣ ਵਾਲਾ ਪਾਣੀ ਮੁਹਈਆ ਹੋਵੇਗਾ। 
ਇਸ ਮੌਕੇ ਰਾਜ ਵਰਮਾ, ਵਾਰਡ ਇੰਚਾਰਜ ਦੀਪੂ ਸਹੋਤਾ, ਵਿਕਰਮਜੀਤ ਪੱਤੋ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ, ਸਾਬਕਾ ਕੌਂਸਲਰ ਗੁਰਮਿੰਦਰਜੀਤ ਬਬਲੂ, ਸਾਬਕਾ ਕੌਂਸਲਰ ਗੀਤਾ ਰਾਣੀ,ਰਾਜੂ ਸਹੋਤਾ ਚੇਅਰਮੈਨ ਐੱਸ ਸੀ ਡਿਪਾਰਟਮੈਂਟ ਜ਼ਿਲ੍ਹਾ ਮੋਗਾ, ਮਨੂੰ, ਰੋਹਨ, ਸੂਰਜ, ਮੋਨੂੰ ਗੁਲਾਟੀ, ਬੱਬੂ ਹਾਕਮ ਕਾ ਅਗਵਾੜ ਆਦਿ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਜਿਹਨਾਂ ਦੇ ਉੱਦਮ ਸਦਕਾ ਬੋਰਵੈੱਲ ਦਾ ਕੰਮ ਆਰੰਭ ਹੋਇਆ ਹੈ। ਉਹਨਾਂ ਆਖਿਆ ਕਿ ਵਿਧਾਇਕ ਡਾ: ਹਰਜੋਤ ਦੇ ਯਤਨਾਂ ਸਦਕਾ ਪਹਿਲਾਂ ਪੀ ਡਬਲਿਊ ਡੀ ਅਧੀਨ ਉਹਨਾਂ ਦੀਆਂ ਤਿੰਨ ਸੜਕਾਂ ਬੁੱਕਣ ਵਾਲਾ ਰੋਡ, ਬੱਗੇਆਣਾ ਬਸਤੀ ਅਤੇ ਘੱਲਕਲਾਂ ਰੋਡ ’ਤੇ ਪ੍ਰੀਮਿਕਸ ਪਾਉਣ ਦੇ ਕੰਮ ਦੀ ਮੁਕੰਮਲਤਾ ਹੋਈ ਸੀ ਜਿਸ ਨਾਲ ਇਲਾਕਾ ਨਿਵਾਸੀਆਂ ਨੂੰ ਬੜੀ ਵੱਡੀ ਰਾਹਤ ਮਿਲੀ ਹੈ। ਉਹਨਾਂ ਦੱਸਿਆ ਕਿ ਅੱਜ ਵਾਰਡ ਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਅੱਗੇ ਵਾਰਡ ‘ਚ ਪਾਰਕ ਤਾਮੀਰ ਕਰਵਾਉਣ ਦੀ ਮੰਗ ਵੀ ਰੱਖੀ ਜਿਸ ’ਤੇ ਵਿਧਾਇਕ ਡਾ: ਹਰਜੋਤ ਕਮਲ ਨੇ ਹਾਮੀ ਭਰਦਿਆਂ ਛੇਤੀ ਹੀ ਪਾਰਕ ਵਾਲੀ ਮੰਗ ਨੂੰ ਵੀ ਪੂਰਾ ਕਰਨ ਦਾ ਵਿਸ਼ਵਾਸ਼ ਦਿਵਾਇਆ।