ਲਾਰੈਂਸ ਬਿਸ਼ਨੋਈ ਗੈਂਗ ਅਤੇ ਗੋਲਡੀ ਬਰਾੜ ਗੈਂਗ ਦਾ ਸ਼ਾਰਪ ਸ਼ੂਟਰ ਮੋਗਾ ਪੁਲਿਸ ਅੜਿੱਕੇ
ਮੋਗਾ, 2 ਦਸੰਬਰ (ਜਸ਼ਨ)--ਮੋਗਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਸ਼ਾਰਪ ਸ਼ੂਟਰ ਮੋਨੂੰ ਡਗਰ ਪੁੱਤਰ ਰਾਮ ਕੁਮਾਰ ਵਾਸੀ ਰਵੇਲੀ ਪੁਲਿਸ ਸਟੇਸ਼ਨ ਮੁਰਥਲ ਜ਼ਿਲ੍ਹਾ ਸੋਨੀਪਤ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ, ਜਿਸ ਉਪਰ ਹਰਿਆਣਾ ਪੁਲਿਸ ਵੱਲੋਂ ਇਨਾਮੀ ਰਾਸ਼ੀ ਲਗਾਈ ਹੋਈ ਸੀ।ਜ਼ਿਲ੍ਹਾ ਪੁਲੀਸ ਮੁਖੀ ਸ੍ਰ ਸੁਰਿੰਦਰਜੀਤ ਸਿੰਘ ਮੰਡ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰੇ ਕਰੀਬ 11:22 ਵਜੇ ਮੋਨੂੰ ਅਤੇ ਜੋਧਾ ਵਾਸੀ ਅੰਮ੍ਰਿਤਸਰ ਇਕ ਕਾਲੇ ਰੰਗ ਦੇ ਸਪਲੈਂਡਰ ਮੋਟਰ ਸਾਈਕਲ ਉੱਤੇ ਦੋ ਪਿਸਤੌਲਾਂ ਸਮੇਤ ਆਏ ਅਤੇ ਉਹਨਾਂ ਨੇ ਜਤਿੰਦਰ ਉਰਫ ਨੀਲਾ ਪੁੱਤਰ ਕੁੰਦਨ ਲਾਲ ਵਾਸੀ ਨਾਨਕ ਨਗਰੀ ਮੋਗਾ ਦੇ ਭੁਲੇਖੇ ਉਸਦੇ ਭਰਾ ਸੁਨੀਲ ਧਮੀਜਾ ਅਤੇ ਉਸਦੇ ਪੁੱਤਰ ਪ੍ਰਥਮ ਧਮੀਜਾ ਉੱਤੇ ਹਮਲਾ ਕਰ ਦਿੱਤਾ।ਮੋਨੂੰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦਕਿ ਜੋਧਾ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਇਸ ਸਬੰਧੀ ਪੁਲਿਸ ਸਿਟੀ ਮੋਗਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਕੋਲੋਂ ਇਕ ਜ਼ਿਗਾਨਾ ਈਗਲ 9 ਐੱਮ ਐੱਮ, 1000 ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਹਨ।ਮੋਨੂੰ ਨੇ ਦੱਸਿਆ ਕਿ ਉਸਨੂੰ ਜਤਿੰਦਰ ਨੀਲਾ ਨੂੰ ਮਾਰਨ ਲਈ ਮੁਕਤਸਰ ਵਾਸੀ ਗੈਂਗਸਟਰ ਗੋਲਡੀ ਬਰਾੜ ਨੇ ਜਿੰਮਾ ਸੌਂਪਿਆ ਸੀ। ਮੋਨੂੰ ਲਖਨਊ ਤੋਂ ਆਇਆ ਸੀ ਅਤੇ ਅੱਜ ਸਵੇਰੇ 5 ਵਜੇ ਫਿਰੋਜ਼ਪੁਰ ਰੋਡ ਉੱਤੇ ਜੋਧੇ ਨੂੰ ਮਿਲਿਆ ਸੀ। ਦੋਵਾਂ ਕੋਲ ਪਿਸਤੌਲ ਸਨ। ਰੇਕੀ ਕਰਨ ਉਪਰੰਤ ਉਹ ਜਤਿੰਦਰ ਨੀਲਾ ਦੇ ਨਾਨਕ ਨਗਰੀ ਮੋਗਾ ਸਥਿਤ ਘਰ ਦੇ ਬਾਹਰ ਚਲੇ ਗਏ, ਜਿੱਥੇ ਉਹਨਾਂ ਨੇ ਭੁਲੇਖੇ ਨਾਲ ਸੁਨੀਲ ਅਤੇ ਪ੍ਰਥਮ ਉੱਤੇ ਹਮਲਾ ਕੇ ਦਿੱਤਾ। ਜੋਧੇ ਵੱਲੋਂ ਚਲਾਈ ਗੋਲੀ ਪ੍ਰਥਮ ਦੀ ਲੱਤ ਵਿੱਚ ਲੱਗੀ।ਸ੍ਰ ਮੰਡ ਨੇ ਦੱਸਿਆ ਕਿ ਮੋਨੂੰ ਲੰਘੀ 4 ਅਗਸਤ, 2021 ਨੂੰ ਅੰਮ੍ਰਿਤਸਰ ਵਿਚ ਹੋਏ ਰਾਣਾ ਕੰਦੋਵਾਲੀਆ ਦੇ ਕਤਲ ਦਾ ਵੀ ਦੋਸ਼ੀ ਹੈ। ਇਹ ਲੜਾਈ ਬਿਸ਼ਨੋਈ ਅਤੇ ਬੰਬੀਹਾ ਗੈਂਗਾਂ ਵਿਚਕਾਰ ਹੋਈ ਸੀ।ਉਸ ਖਿਲਾਫ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਡਕੈਤੀ ਦੇ ਕਈ ਮਾਮਲੇ ਦਰਜ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਫਰਾਰ ਜੋਧੇ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।