ਵਿਧਾਇਕ ਡਾ: ਹਰਜੋਤ ਕਮਲ ਨੇ ਸਕੂਲ ਦੇ ਨਵੇਂ ਕਮਰਿਆਂ ਦਾ ਕੀਤਾ ਉਦਘਾਟਨ, ਝੰਡੇਵਾਲਾ ਸਕੂਲ ਹੋਇਆ ਪੂਰੀ ਤਰਾਂ ਸਮਾਰਟ
ਮੋਗਾ, 28 ਨਵੰਬਰ (ਜਸ਼ਨ): ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਸੂਬੇ ਦੇ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਤਬਦੀਲ ਕਰਨ ਦੀ ਪਰਿਕਿਰਿਆ ਤਹਿਤ ਮੋਗਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਡੇਵਾਲਾ ਵਿਖੇ ਵਿਧਾਇਕ ਡਾ: ਹਰਜੋਤ ਕਮਲ ਦੇ ਉਚੇਚੇ ਯਤਨਾਂ ਸਦਕਾ ਪ੍ਰਾਪਤ ਹੋਈ ਗਰਾਂਟ ਨਾਲ ਦੋ ਨਵੇਂ ਕਮਰਿਆਂ ਦੀ ਉਸਾਰੀ ਅਤੇ ਪਿ੍ਰੰਸੀਪਲ ਦਫਤਰ ਦੇ ਨਾਲ ਨਾਲ ਕਲਰਕ ਦੇ ਦਫਤਰ ਦੀ ਰੈਨੋਵੇਸ਼ਨ ਕਰਵਾਉਣ ਉਪਰੰਤ ਹੋਏ ਉਦਘਾਟਨੀਂ ਸਮਾਗਮ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਨਵ ਨਿਰਮਾਣਿਤ ਕਮਰਿਆਂ ਨੂੰ ਵਿਦਿਆਰਥੀਆਂ ਨੂੰ ਸੌਂਪਣ ਦੌਰਾਨ ਸਕੂਲ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਉੱਦਮਾਂ ਸਦਕਾ ਅੱਜ ਦੀ ਤਾਰੀਕ ਵਿਚ ਸਰਕਾਰੀ ਸਕੂਲਾਂ ਦੀ ਬਿਲਡਿੰਗਾਂ ਨਿੱਜੀ ਸਕੂਲਾਂ ਨੂੰ ਮਾਤ ਪਾ ਰਹੀਆਂ ਹਨ । ਉਹਨਾਂ ਆਖਿਆ ਕਿ ਹੁਣ ਲੋਕ ਆਪਣੀ ਸੋਚ ਨੂੰ ਬਦਲਣ ਅਤੇ ਉਹ ਨਿੱਜੀ ਸਕੂਲਾਂ ਦੀ ਬਜਾਏ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲਾ ਦਿਵਾਉਣ ਤਾਂ ਕਿ ਉਹਨਾਂ ਨੂੰ ਘੱਟ ਖਰਚੇ ਵਿਚ ਵਧੀਆ ਸਿੱਖਿਆ ਪ੍ਰਾਪਤ ਹੋ ਸਕੇ। ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਪੰਜਾਬ ਦੇ ਵਿਦਿਆਰਥੀ ਕਿਸੇ ਪੱਖੋਂ ਵੀ ਘੱਟ ਨਹੀਂ ਹਨ ਅਤੇ ਪੰਜਾਬ ਦੇ ਨੌਜਵਾਨਾਂ ਵਿਚ ਅਪਾਰ ਸੰਭਾਵਨਾਵਾਂ ਹਨ ਸਿਰਫ਼ ਮੌਕਿਆਂ ਦੀ ਤਲਾਸ਼ ਕਰਨ ਦੀ ਲੋੜ ਹੈ। ਉਹਨਾਂ ਆਖਿਆ ਕਿ ਸਿੱਖਿਆ, ਖੇਡਾਂ ਅਤੇ ਹੁਨਰ ਵਿਚ ਪੰਜਾਬੀਆਂ ਨੇ ਖੂਬ ਨਾਮ ਕਮਾਇਆ ਹੈ ਅਤੇ ਉਹ ਆਸ ਕਰਦੇ ਹਨ ਸੂਬੇ ਦੇ ਸਮਾਰਟ ਸਕੂਲਾਂ ਵਿਚ ਪੜ੍ਹਨ ਵਾਲੇ ਇਹ ਵਿਦਿਆਰਥੀ ਭਵਿੱਖ ਵਿਚ ਦੇਸ਼ ਦਾ ਨਾਮ ਜ਼ਰੂਰ ਰੁਸ਼ਨਾਉਣਗੇ।
ਇਸ ਮੌਕੇ ਸਰਪੰਚ ਸਤਨਾਮ ਸਿੰਘ ਅਤੇ ਪਿੰ੍ਰਸੀਪਲ ਦੀਪਕ ਕਾਲੀਆ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਹਨਾਂ ਦੇ ਉੱਦਮਾਂ ਸਦਕਾ ਵਿਦਿਆਰਥੀਆਂ ਦੀ ਸਹੂਲਤ ਲਈ ਸਕੂਲ ਦੀ ਬਿਲਡਿੰਗ ਵਿਚ ਵਾਧਾ ਕੀਤਾ ਗਿਆ ਹੈ। ਉਹਨਾਂ ਵਿਧਾਇਕ ਡਾ: ਹਰਜੋਤ ਕਮਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਮੌਕੇ ਹਰਜੀਤ ਸਿੰਘ ਡਾਇਰੈਕਟਰ, ਸੂਬੇਦਾਰ ਸਵਰਨ ਸਿੰਘ ਜੀ ਓ ਜੀ, ਰਣਧੀਰ ਸਿੰਘ ਗਿੱਲ ਪੰਚ, ਜਗਰੂਪ ਸਿੰਘ ਪੰਚ, ਅਜੈਬ ਸਿੰਘ ਪੰਚ, ਚੰਦ ਸਿੰਘ ਪੰਚ, ਕੁਲਦੀਪ ਕੌਰ ਪੰਚ, ਕੁਲਵਿੰਦਰ ਕੌਰ ਪੰਚ ਆਦਿ ਤੋਂ ਇਲਾਵਾ ਪਿੰਡ ਵਾਸੀ ਅਤੇ ਸਕੂਲ ਸਟਾਫ਼ ਹਾਜ਼ਰ ਸੀ।