ਪੰਚਾਇਤ ਅਫ਼ਸਰ ਐਸੋਸੀਏਸ਼ਨ, ਟੈਕਸ ਕੁਲੈਕਟਰ ਯੂਨੀਅਨ ਅਤੇ ਪੰਚਾਇਤ ਸਕੱਤਰ ਯੂਨੀਅਨ ਨੇ ਤਰੱਕੀ ਦੀਆਂ ਮੰਗਾਂ ਨੂੰ ਲੈ ਕੇ,ਕੀਤੀ ਸਾਂਝੀ ਮੀਟਿੰਗ

*ਮੀਟਿੰਗ ਦੌਰਾਨ ਆਗੂਆਂ ਨੇ ਈ ਓ ਪੀ ਐੱਸ ਦਾ ਕੋਟਾ ਦੇਣ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨਾਂ ਦੀ ਬਹਾਲੀ ਅਤੇ ਤਨਖਾਹ ਖਜ਼ਾਨੇ ਚੋਂ ਕਰਨ ਦੀ ਕੀਤੀ ਮੰਗ 
ਮੋਗਾ, 26 ਨਵੰਬਰ (ਜਸ਼ਨ): ਪੰਚਾਇਤ ਅਫ਼ਸਰ ਐਸੋਸੀਏਸ਼ਨ, ਟੈਕਸ ਕੁਲੈਕਟਰ ਯੂਨੀਅਨ ਅਤੇ ਪੰਚਾਇਤ ਸਕੱਤਰ ਯੂਨੀਅਨ ਜ਼ਿਲ੍ਹਾ ਮੋਗਾ ਨੇ ਤਰੱਕੀ ਦੀਆਂ ਮੰਗਾਂ ਨੂੰ ਲੈ ਕੇ ਇਕ ਸਾਂਝੀ ਮੀਟਿੰਗ ਕੀਤੀ।  ਅੱਜ ਦੀ ਇਹ ਮੀਟਿੰਗ ਸ. ਸੁਰਜੀਤ ਸਿੰਘ ਰਾਓਕੇ ਪੰਚਾਇਤ ਅਫਸਰ ਅਤੇ ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਸ. ਦਵਿੰਦਰ ਸਿੰਘ ਨੰਗਲ ਦੀ ਪ੍ਰਧਾਨਗੀ ਹੇਠ ਬਲਾਕ ਮੋਗਾ-1 ਵਿਖੇ ਹੋਈ। ਮੀਟਿੰਗ ਦੌਰਾਨ ਆਗੂਆਂ ਨੇ ਈ ਓ ਪੀ ਐੱਸ ਦਾ ਕੋਟਾ ਦੇਣ, 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੈਨਸ਼ਨਾਂ ਦੀ ਬਹਾਲੀ ਅਤੇ ਤਨਖਾਹ ਖਜ਼ਾਨੇ ਚੋਂ ਕਰਨ ਦੀ ਤਿੰਨ ਮੰਗਾਂ ਨੂੰ ਲਾਗੂ ਕਰਵਾਉਣ ਲਈ ਵਿਚਾਰ ਚਰਚਾ ਕੀਤੀ । ਇਸ ਮੌਕੇ ਪੰਚਾਇਤ ਸੰਮਤੀ ਅਤੇ ਜਿਲ੍ਹਾ ਪ੍ਰੀਸ਼ਦ ਦੀਆਂ ਸਾਰੀਆਂ ਜਥੇਬੰਦੀਆਂ ਦੀ ਲੰਬੇ ਸਮੇਂ ਤੋਂ ਤਰੱਕੀ ਦੀ ਲਟਕਦੀ ਆ ਰਹੀ ਮੰਗ ਸਬੰਧੀ ਵੀ ਵਿਚਾਰਾਂ ਕੀਤੀਆਂ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਪੰਚਾਇਤ ਸੰਮਤੀ ਵਿੱਚ ਬੀ.ਡੀ.ਪੀ.ਓ, ਦੋ ਸੀਟਾਂ ਤੇ ਕੰਮ ਕਰਦੇ ਹਨ ਅਤੇ ਵਾਧੂ ਮਿਹਨਤਾਨਾ ਲੈਂਦੇ ਹਨ, ਜਦੋਂ ਕਿ ਕਾਰਜ ਸਾਧਕ ਅਫਸਰ (ਸੰਮਤੀ) ਦੀ ਆਸਾਮੀ ਪੰਚਾਇਤ ਸੰਮਤੀ ਦੇ ਮੁਲਾਜ਼ਮਾਂ ਵਿੱਚੋਂ ਤਰੱਕੀ ਹੋ ਕੇ ਭਰੀ ਜਾਣੀ ਬਣਦੀ ਹੈ। ਉਹਨਾਂ ਦੱਸਿਆ ਦਿ ਹਰੇਕ ਮੁਲਾਜ਼ਮ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੋ ਤਰੱਕੀਆਂ ਹੋਣੀਆਂ ਲਾਜ਼ਮੀ ਹਨ ਪ੍ਰੰਤੂ ਪੰਚਾਇਤ ਵਿਭਾਗ ਵਿੱਚ ਸੰਮਤੀ ਮੁਲਾਜ਼ਮਾਂ ਦੇ ਕੇਡਰ ਨੂੰ ਅੱਖੋਂ ਪਰੋਖੇ ਕਰਕੇ ਉਨ੍ਹਾਂ ਦੀ ਤਰੱਕੀ ਰੋਕ ਦਿੱਤੀ ਗਈ ਅਤੇ ਉਨ੍ਹਾਂ ਦੀ ਤਰੱਕੀ ਨਾਲ ਭਰੀ ਜਾਣ ਵਾਲੀ ਆਸਾਮੀ ਬੀ.ਡੀ.ਪੀ.ਓ ਨੂੰ ਦੇ ਕੇ ਬੀ.ਡੀ.ਪੀ.ਓ ਨੂੰ ਦੋ ਆਸਾਮੀਆਂ ਤੇ ਕੰਮ ਕਰਨ ਦੇ ਅਧਿਕਾਰ ਦੇ ਦਿੱਤੇ ਗਏ ਸਨ। 
ਜ਼ਿਕਰਯੋਗ ਹੈ ਕਿ ਗਜ਼ਟਿਡ ਅਫਸਰਾਂ ਦੀ ਪੰਜਾਬ ਪੱਧਰ ਦੀ ਜਥੇਬੰਦੀ ਪ੍ਰੈਸ ਵਿੱਚ ਝੂਠ ਬੋਲ ਰਹੀ ਹੈ ਕਿ ਸਰਕਾਰ ਇੱਕ ਕਾਰਜ ਸਾਧਕ ਅਫਸਰ ਪੰਚਾਇਤ ਸੰਮਤੀ ਦੀ ਨਵੀਂ ਆਸਾਮੀ ਸਿਰਜ ਰਹੀ ਹੈ ਜਦ ਕਿ ਸਹੀ ਇਹ ਹੈ ਕਿ ਇਹ ਆਸਾਮੀ ਪਹਿਲਾਂ ਤੋਂ ਹੀ ਸਿਰਜੀ ਹੋਈ ਹੈ ਅਤੇ ਬੀ.ਡੀ.ਪੀ.ਓ ਆਪਣੀ ਆਸਾਮੀ ਤੋਂ ਬਿਨ੍ਹਾਂ ਇਸ ਤੇ ਵਾਧੂ ਕੰਮ ਕਰ ਰਹੇ ਹਨ ਅਤੇ ਇਸ ਆਸਾਮੀ ਦਾ ਵਾਧੂ ਭੱਤਾ ਵੀ ਲੈ ਰਹੇ ਹਨ। 
ਹੁਣ ਜਥੇਬੰਦੀਆਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀਂ ਤਰੱਕੀ ਦੀ ਮੰਗ ਤੇ ਕਾਰਵਾਈ ਕਰਦਿਆਂ ਸਰਕਾਰ ਤੇ ਵਿਭਾਗ ਦੇ ਉੱਚ ਅਫਸਰਾਂ ਨੇ ਮਹਿਸੂਸ ਕੀਤਾ ਕਿ ਉਕਤ ਜਥੇਬੰਦੀਆਂ ਦੀ ਮੰਗ ਬਿਲਕੁੱਲ ਜਾਇਜ਼ ਹੈ ਅਤੇ ਸਾਰੇ ਮੁਲਾਜ਼ਮਾਂ ਨੂੰ ਤਰੱਕੀ ਦੇ ਮੌਕੇ ਮਿਲਣੇ ਚਾਹੀਦੇ ਹਨ। ਜੇੇਕਰ ਬੀ.ਡੀ.ਪੀ.ਓ ਦੀ ਆਸਾਮੀ ਨਾ ਛੇੜਦੇ ਹੋਏ ਕਾਰਜ ਸਾਧਕ ਅਫਸਰ ਸੰਮਤੀ ਮੁਲਾਜ਼ਮਾਂ ਵਿੱਚੋਂ ਤਰੱਕੀ ਦੇ ਕੇ ਭਰੀ ਜਾਂਦੀ ਹੈ ਤਾਂ ਇਸ ਨਾਲ 3000 ਦੇ ਕਰੀਬ ਸੰਮਤੀ ਮੁਲਾਜ਼ਮ ਦਾ ਉਤਸ਼ਾਹ ਵੀ ਵਧੇਗਾ ਅਤੇ ਮੁਲਾਜ਼ਮ ਸੰਮਤੀਆਂ ਦੀ ਆਮਦਨ ਦੇ ਵਸੀਲੇ ਵਧਾ ਕੇ ਆਪਣੀਆਂ ਤਨਖਾਹਾਂ ਸਮੇਂ ਸਿਰ ਲੈਣ ਲਈ ਵੀ ਪ੍ਰਬੰਧ ਅਤੇ ਚਾਰਾਜੋਈ ਕਰ ਸਕਦੇ ਹਨ।
ਅੱਜ ਦੇ ਮੀਟਿੰਗ ਵਿੱਚ ਇਸ ਗੱਲ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਕਿ ਲੰਘੀ 23 ਨਵੰਬਰ ਨੂੰ ਬੀ.ਡੀ.ਪੀ.ਓ ਐਸੋਸੀਏਸਨ ਨੇ ਆਪਣੀਆਂ ਮੰਗਾਂ ਛੱਡ ਕੇ ਸੰਮਤੀ ਦੇ 3000 ਦੇ ਕਰੀਬ ਮੁਲਾਜ਼ਮਾਂ ਨੂੰ ਮਿਲਣ ਵਾਲੀ ਤਰੱਕੀ ਦੇ ਖਿਲਾਫ ਸਰਕਾਰ ਨੂੰ ਸੰਘਰਸ਼ ਕਰਨ ਦੀਆਂ ਧਮਕੀਆਂ ਦਿੱਤੀਆਂ ਸਨ। ਉਹਨਾਂ ਆਖਿਆ ਕਿ ਮੁਲਾਜ਼ਮ ਜਥੇਬੰਦੀਆਂ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰੀ ਹੋਵੇਗਾ ਜਦੋਂ ਕੋਈ ਅਫਸਰ ਆਪ ਤਾਂ ਪੰਜ ਤਰੱਕੀਆਂ ਲੈ ਕੇ ਆਈ.ਏ.ਐਸ ਤੱਕ ਨੋਮੀਨੇਟ ਹੋਣ ਦੀ ਇੱਛਾ ਪਾਲਦੇ ਹਨ ਪ੍ਰੰਤੂ ਆਪਣੇ ਥੱਲੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਦੋ ਤਰੱਕੀਆਂ ਵੀ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਆਖਿਆ ਕਿ ਇਸੇ ਸੋੜੀ ਸੋਚ ਰੱਖਣ ਵਾਲੇ ਅਫਸਰਾਂ ਦੀ ਪੰਚਾਇਤ ਵਿਭਾਗ ਦੀਆਂ ਸੰਮਤੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ ਅਤੇ ਬੀ.ਡੀ.ਪੀ.ਓ ਐਸੋਸੀਏਸਨ ਪੰਜਾਬ ਨੂੰ ਬੇਨਤੀ ਵੀ ਕੀਤੀ ਗਈ ਕਿ ਆਪ ਖੁਲਦਿਲੀ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਫੈਸਲੇ ਤੇ ਮੁੜ ਗੌਰ ਕਰਕੇ ਵਿਭਾਗ ਦੇ ਸੰਮਤੀ ਮੁਲਾਜ਼ਮਾਂ ਨੂੰ ਮਿਲਣ ਵਾਲੀ ਤਰੱਕੀ ਵਿੱਚ ਸਹਾਇਤਾ ਕਰਨ। ਉਹਨਾਂ ਆਖਿਆ ਕਿ ਜਰਨੈਲ ਤਾਂ ਫੌਜਾਂ ਨਾਲ ਹੀ ਹੁੰਦਾ ਹੈ ਇਹ ਨਾ ਹੋਵੇ ਕਿ ਫੌਜਾਂ ਨਾ ਮਿਲਵਰਤਨ ਲਹਿਰ ਚਲਾ ਕੇ ਕੋਈ ਹੋਰ ਸਖਤ ਫੈਸਲੇ ਲੈਣ ਲਈ ਮਜ਼ਬੂਰ ਹੋ ਜਾਣ। 
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਵੀ ਜਦੋਂ ਸੰਮਤੀ ਕਰਮਚਾਰੀਆਂ ਅਤੇ ਪੰਚਾਇਤ ਅਫਸਰਾਂ ਵਿੱਚੋਂ ਤਰੱਕੀ ਦੀ ਗੱਲ ਚੱਲਦੀ ਹੈ ਤਾਂ ਬੀ.ਡੀ.ਪੀ.ਓ ਅਤੇ ਉਨ੍ਹਾਂ ਦੇ ਨਾਲ ਗਰਾਮ ਸੇਵਕਾਂ ਤੋਂ ਲੈ ਕੇ ਉੱਪਰ ਤੱਕ ਦੇ ਅਧਿਕਾਰੀ ਬੀ.ਡੀ.ਪੀ.ਓ., ਡੀ.ਡੀ.ਪੀ.ਓ., ਡਵੀਜ਼ਨਲ ਡਿਪਟੀ ਡਾਇਰੈਕਟਰ, ਵਧੀਕ ਡਿਪਟੀ ਕਮਿਸ਼ਨਰ (ਵਿ) ਆਦਿ ਸਾਰੇ ਅਧਿਕਾਰੀ ਹੜਤਾਲ ਤੇ ਚਲੇ ਜਾਂਦੇ ਹਨ। 
ਪੰਚਾਇਤ ਅਫਸਰ ਸ੍ਰੀ ਸੁਰਜੀਤ ਸਿੰਘ ਰਾਓਕੇ ਨੇ ਕਿਹਾ ਕਿ ਜੇਕਰ ਸਾਡੇ ਪ੍ਰਮੋਸ਼ਨ ਦੇ ਚੱਕਰ ਵਿੱਚ ਕੋਈ ਅੜਚਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ। ਵਿਭਾਗ ਵਿੱਚ ਉੱਪਰ ਤੋਂ ਲੈ ਕੇ ਥੱਲੇ ਤੱਕ ਜੋ ਕੁਝ ਹੋ ਰਿਹਾ ਹੈ ਉਸ ਨੂੰ ਨੰਗਾ ਕੀਤਾ ਜਾਵੇਗਾ ਅਤੇ ਜਿਹੜੇ ਅਫਸਰ ਬਗੈਰ ਹੱਕ ਲਏ ਤਰੱਕੀਆਂ ਲਈ ਬੈਠੇ ਹਨ, ਉਨ੍ਹਾਂ ਦੇ ਖਿਲਾਫ ਅਦਾਲਤਾਂ ਅਤੇ ਵਿਭਾਗ ਵਿੱਚ ਐਕਸ਼ਨ ਲਿਆ ਜਾਵੇਗਾ। ਉਹਨਾਂ ਆਖਿਆ ਕਿ ਜੇਕਰ ਲੋੜ ਪਈ ਤਾਂ ਪੰਚਾਇਤ ਸੰਮਤੀ ਦੇ ਵਸੀਲੇ ਅਤੇ ਗੱਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ ਭਾਵੇਂ ਉਸ ਦਾ ਸਾਨੂੰ ਕੋਈ ਵੀ ਖਮਿਆਜ਼ਾ ਭੁਗਤਣਾ ਪਵੇ।
ਅੱਜ ਦੀ ਮੀਟਿੰਗ ਵਿੱਚ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਉੱਪ ਮੁੱਖ ਮੰਤਰੀ ਪੰਜਾਬ, ਸ੍ਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਪੰਚਾਇਤਾਂ ਮੰਤਰੀ ਪੰਜਾਬ, ਸ੍ਰੀ ਕੁਲਬੀਰ ਸਿੰਘ ਜੀਰਾ ਐਮ.ਐਲ.ਏ, ਸ੍ਰੀ ਬਰਿੰਦਰਜੀਤ ਸਿੰਘ ਪਾੜਾ ਐਮ.ਐਲ.ਏ, ਸ੍ਰੀ ਪ੍ਰੀਤਮ ਸਿੰਘ ਕੋਟਭਾਈ ਐਮ.ਐਲ.ਏ, ਸ੍ਰੀ ਦਵਿੰਦਰ ਸਿੰਘ ਘੁਬਾਇਆ ਐਮ.ਐਸ.ਏ ਅਤੇ ਵਿਭਾਗਾਂ ਦੇ ਉੱਚ ਅਫਸਰਾਂ ਦਾ ਧੰਨਵਾਦ ਕੀਤਾ ਜਿੰਨਾ ਨੇ ਮੁਲਾਜ਼ਮਾਂ ਨੂੰ ਹੱਕੀ ਮੰਗਾਂ ਪੂਰੀਆਂ ਕਰਵਾਉਣ ਅਤੇ ਇਨਸਾਫ ਦਿਵਾਉਣ ਵਿੱਚ ਆਵਾਜ਼ ਬੁਲੰਦ ਕੀਤੀ।
ਅੱਜ ਦੀ ਮੀਟਿੰਗ ਵਿੱਚ ਪੰਚਾਇਤ ਅਫਸਰ ਐਸੋਸੀਏਸਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਕੁੱਸਾ, ਸ੍ਰੀ ਪਰਮਜੀਤ ਸਿੰਘ ਪੰਚਾਇਤ ਅਫਸਰ, ਸ੍ਰੀ ਸੁਰਤੇਜ ਸਿੰਘ ਪੰਚਾਇਤ ਅਫਸਰ, ਸ੍ਰੀ ਗੁਰਦੌਰ ਸਿੰਘ ਪੰਚਾਇਤ ਅਫਸਰ, ਸ੍ਰੀ ਸੁਖਜੀਵਨ ਸਿੰਘ ਰੋਤਾ ਜਿਲ੍ਹਾ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਸ੍ਰੀ ਸੁਖਵਿੰਦਰ ਸਿੰਘ ਸੰਧੂ, ਸ੍ਰੀ ਜ਼ਸਵੰਤ ਸਿੰਘ, ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਮਨਜਿੰਦਰ ਸਿੰਘ, ਸ੍ਰੀ ਅੰਗਰੇਜ਼ ਸਿੰਘ, ਸ੍ਰੀ ਸੁਖਵੀਰ ਸਿੰਘ, ਸ੍ਰੀ ਸੁਖਮੰਦਰ ਸਿੰਘ, ਸ੍ਰੀ ਤੇਜਪਾਲ ਸਿੰਘ ਜੌੜਾ, ਸ੍ਰੀ ਗੁਰਸੇਵਕ ਸਿੰਘ, ਸ੍ਰੀ ਸੰਜੀਵਨ ਕੁਮਾਰ, ਸ੍ਰੀ ਗੁਰਦੀਪ ਸਿੰਘ ਧਾਲੀਵਾਲ, ਸ੍ਰੀ ਜ਼ਸਵਿੰਦਰ ਸਿੰਘ, ਸ੍ਰੀ ਭੁਪਿੰਦਰ ਸਿੰਘ, ਸ੍ਰੀ ਗੁਰਜਿੰਦਰ ਸਿੰਘ, ਸ੍ਰੀ ਦਲਜੀਤ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਹਰਦੀਪ ਸਿੰਘ, ਸ੍ਰੀ ਗੁਰਚਰਨ ਸਿੰਘ, ਸ੍ਰੀ ਗੁਰਪ੍ਰੀਤ ਸਿੰਘ ਪੰਚਾਇਤ ਸਕੱਤਰ ਮੌਜੂਦ ਸਨ।