ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੋਗਾ ਆਮਦ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਸਥਿਤੀ ਕੀਤੀ ਮਜਬੂਤ, ਚੰਨੀ ਨੇ ਮਹਾਰਾਜਾ ਅਗਰਸੈਨ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀਆਂ ਪ੍ਰਤਿਮਾਵਾਂ ਦੀ ਸਥਾਪਨਾ ਕਰਕੇ ਭਾਈਚਾਰਕ ਸਾਂਝ ਦਾ ਦਿੱਤਾ ਸੁਨੇਹਾ
* ਸਮਾਜ ਵਿਚ ਬਰਾਬਰਤਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਯਕੀਨੀ ਬਣਾਇਆ ਜਾਵੇਗਾ: ਚਰਨਜੀਤ ਸਿੰਘ ਚੰਨੀ
ਮੋਗਾ,25 ਨਵੰਬਰ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਅੱਜ ਮੋਗਾ ਦੀ ਅਨਾਜ ਮੰਡੀ ‘ਚ ਮਹਾਰਾਜਾ ਅਗਰਸੈਨ ਅਤੇ ਕੋਟਕਪੁਰਾ ਬਾਈਪਾਸ ’ਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਪ੍ਰਤਿਮਾ ਦੀ ਸਥਾਪਨਾ ਮੌਕੇ ਹੋਏ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਪ੍ਰਤਿਮਾਵਾਂ ਦਾ ਅਨਾਵਰਣ ਕੀਤਾ।
ਇਹਨਾਂ ਦੋਹਾਂ ਸਮਾਗਮਾਂ ਵਿਚ ਜਿੱਥੇ ਅਗਰਵਾਲ ਸਮਾਜ ਦੀ ਸੂਬਾਈ ਲੀਡਰਸ਼ਿਪ ਹਾਜ਼ਰ ਸੀ ਉੱਥੇ ਰਾਮਗ੍ਹੜੀਆ ਭਾਈਚਾਰਾ ਅਤੇ ਆਮ ਲੋਕ ਵੀ ਵੱਡੀ ਗਿਣਤੀ ਵਿਚ ਹਾਜ਼ਰ ਹੋਏ। ਮੋਗਾ ਦੇ ਦੋਨਾਂ ਸਮਾਗਮਾਂ ਦੌਰਾਨ ਸੰਸਦ ਮੈਂਬਰ ਸ੍ਰੀ ਮੁਹੰਮਦ ਸਦੀਕ, ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ , ਸਾਬਕਾ ਵਿਧਾਇਕ ਬੀਬ ਰਾਜਵਿੰਦਰ ਕੌਰ ਭਾਗੀਕੇ, ਮੇਅਰ ਨੀਤਿਕਾ ਭੱਲਾ, ਕਾਂਗਰਸ ਦੇ ਸੂਬਾ ਸਕੱਤਰ ਰਵੀ ਗਰੇਵਾਲ , ਸਾਬਕਾ ਮੰਤਰੀ ਡਾ: ਮਾਲਤੀ ਥਾਪਰ , ਅਗਰਵਾਲ ਸਭਾ ਦੇ ਪ੍ਰਧਾਨ ਮਨਜੀਤ ਕਾਂਸਲ, ਚੇਅਰਮੈਨ ਡਾ: ਸੀਮਾਂਤ ਗਰਗ, ਨਵੀਨ ਸਿੰਗਲਾ ਵੀ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸ. ਚੰਨੀ ਨੇ ਆਖਿਆ ਕਿ ਕਈ ਸਦੀਆਂ ਤੋਂ ਇਤਿਹਾਸ ਗਵਾਹ ਹੈ ਕਿ ਅਗਰਵਾਲ ਸਮਾਜ ਨੇ ਜਿੱਥੇ ਆਪਣੇ ਧਰਮ ਵਿਚ ਪਰਪੱਕਤਾ ਦਿਖਾਈ ਉੱਥੇ ਦੇਸ਼ ਭਗਤੀ ‘ਚ ਵੀ ਉਹ ਮੂਹਰਲੀਆਂ ਕਤਾਰਾਂ ਵਿਚ ਖੜ੍ਹੇ ਦਿਖਾਈ ਦਿੰਦੇ ਰਹੇ।
ਚੰਨੀ ਨੇ ਆਮ ਆਦਮੀ ਪਾਰਟੀ ਦੇ ਮੁਖੀ ਨੂੰ ਲੰਮੇ ਹੱਥੀਂ ਲੈਂਦਿਆਂ ਆਖਿਆ ਕਿ ਉਹਨਾਂ ਦੀਆਂ ਗਰੰਟੀਆਂ ਆਧਾਰਹੀਣ ਹੋ ਚੁੱਕੀਆਂ ਨੇ ਕਿਉਂਕਿ ਪੰਜਾਬ ਵਿਚ ਸਭ ਕੁਝ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਲਾਗੂ ਕਰ ਦਿੱਤਾ ਹੈ। ਉਹਨਾਂ ਆਖਿਆ ਕਿ 52 ਲੱਖ ਪਰਿਵਾਰਾਂ ਦੇ ਦੋ ਕਿਲੋਵਾਟ ਤੋਂ ਘੱਟ ਬਿਜਲੀ ਦੇ ਬਕਾਏ ਜੋ ਕਿ 1500 ਕਰੋੜ ਰੁਪਏ ਬਣਦੇ ਨੇ ਮੁਆਫ ਕੀਤੇ ਗਏ ਹਨ ਜਦਕਿ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 3 ਰੁਪਏ ਪ੍ਰਤੀ ਯੂਨਿਟ ਘਟਾਈਆਂ ਗਈਆਂ ਹਨ ਜਿਸ ਨਾਲ ਲੋਕਾਂ ਦੇ ਬਿਜਲੀ ਦੇ ਬਿੱਲ ਅੱਧੇ ਰਹਿ ਗਏ ਹਨ। ਉਹਨਾਂ ਆਖਿਆ ਕਿ ਗਰੀਬ ਲੋਕ ਉਹਨਾਂ ਨੂੰ ਦਿਨ ਰਾਤ ਅਸੀਸਾਂ ਦੇ ਰਹੇ ਹਨ । ਉਹਨਾਂ ਐਲਾਨ ਕੀਤਾ ਕਿ ਜਿਹਨਾਂ ਦੇ ਬਿਜਲੀ ਮੀਟਰ ਕੱਟੇ ਗਏ ਹਨ ਉਹ ਬਿਨਾਂ ਬਕਾਏ ਦੇ ਦੁਬਾਰਾ ਲਗਾਏ ਜਾ ਰਹੇ ਹਨ ਪਰ ਫੇਰ ਵੀ ਜੇ ਕਿਸੇ ਦੇ ਮੀਟਰ ਨਹੀਂ ਲੱਗਦਾ ਤਾਂ ਉਹ ਵਿਧਾਇਕ ਡਾ: ਹਰਜੋਤ ਕਮਲ ਦੇ ਧਿਆਨ ਵਿਚ ਲਿਆਉਣ। ਉਹਨਾਂ ਆਖਿਆ ਕਿ ਲੋਕਾਂ ਦੇ ਮਨਾਂ ਤੋ ਬੋਝ ਹਟਾਉਣ ਲਈ ਪੰਜਾਬ ਸਰਕਾਰ ਨੇ ਹਿੰਦੋਸਤਾਨ ਚੋਂ ਸਭ ਤੋਂ ਸਸਤੀ ਬਿਜਲੀ ਦੇਣੀ ਸ਼ੁਰੂ ਵੀ ਕਰ ਦਿੱਤੀ ਹੈ। ਉਹਨਾਂ ਆਖਿਆ ਕਿ ਇੰਸਪੈਕਟਰੀ ਰਾਜ ਖਤਮ ਹੋਣ ਕਰਕੇ ਹੀ ਦੁਕਾਨਾਂ ਅਤੇ ਮਡੀਆਂ ਵਿਚ ਚਹਿਲ ਪਹਿਲ ਨਜ਼ਰ ਆ ਰਹੀ ਹੈ। ਉਹਨਾਂ ਆਖਿਆ ਕਿ ਪਾਣੀ ਦੇ ਖਰਚੇ ਘਟਾ ਕੇ 50 ਰੁਪਏ ਮਹੀਨਾ ਕੀਤੇ ਗਏ ਹਨ। ਰੇਤ ਦੇ ਰੇਟ ਘਟਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਕਰ ਦਿੱਤੇ ਗਏ ਹਨ ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਪੰਜਾਬ ਨੂੰ ਲੁੱਟਣ ਲਈ ਬਾਦਲਾਂ ਦੀ ਰਜਵਾੜਾਸ਼ਾਹੀ ਖਤਮ ਹੋ ਗਈ ਹੈ ਅਤੇ ਹੁਣ ਆਮ ਲੋਕਾਂ ਦਾ ਰਾਜ ਸਥਾਪਿਤ ਹੋ ਗਿਆ ਹੈ ਕਿਉਂਕਿ ਜਿਹਦੀ ਕੋਈ ਸਿਫ਼ਾਰਿਸ਼ ਨਹੀਂ ਚਰਨਜੀਤ ਚੰਨੀ ਉਸ ਦੀ ਸਿਫ਼ਾਰਿਸ਼ ਹੈ। ਉਹਨਾਂ ਆਖਿਆ ਕਿ ਬਾਦਲਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਹਨ ਕਿਉਂਕਿ ਉਹਨਾਂ ਨੇ ਬੱਸ ਮਾਫੀਆ , ਰੇਤ ਮਾਫੀਆ ਅਤੇ ਕੇਬਲ ਮਾਫੀਆ ’ਤੇ ਨੱਥ ਪਾਈ ਹੈ। ਉਹਲਾਂ ਆਖਿਆ ਕਿ ਵਪਾਰੀਆਂ ਨੂੰ ਰਾਹਤ ਦੇਣ ਲਈ ਸੂਬੇ ਵਿਚ 48 ਹਜ਼ਾਰ ਵੈਟ ਦੇ ਕੇਸ ਖਤਮ ਕੀਤੇ ਗਏ ਹਨ। ਚੰਨੀ ਨੇ ਆਖਿਆ ਕਿ ਇਸ ਵਾਰ ਦੀਵਾਲੀ ਮੌਕੇ ਲੋਕਾਂ ਦੇ ਚਿਹਰਿਆਂ ’ਤੇ ਰੌਣਕ ਇਸ ਕਰਕੇ ਸੀ ਕਿ ਉਹਨਾਂ ਨੇ ਪੁਲਿਸ ਦੀ ਨਜਾਇਜ਼ ਲੁੱਟ ਖਤਮ ਕਰਕੇ ਆਮ ਲੋਕਾਂ ਨੂੰ ਦਿਲ ਖੋਲ੍ਹ ਕੇ ਸਮਾਨ ਵੇਚਣ ਦੀ ਆਗਿਆ ਦਿੱਤੀ।
ਚੰਨੀ ਨੇ ਗੰਭੀਰ ਹੁੰਦਿਆਂ ਆਖਿਆ ਕਿ ਸਮਾਜ ਵਿਚ ਬਰਾਬਰਤਾ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਾਰਦਰਸ਼ੀ ਪ੍ਰਸ਼ਾਸਨ ਸਭ ਨੂੰ ਮਿਲੇਗਾ । ਉਹਨਾਂ ਕਿਹਾ ਕਿ ਉਹ ਚੰਨੀ ਮਾਡਲ ਦੇ ਹਿਸਾਬ ਨਾਲ ਮਸਲੇ ਹੱਲ ਕਰ ਰਹੇ ਹਨ ਅਤੇ ਇੰਜ ਗਰੀਬਾਂ ਦੇ ਘਰ ਪੈਸੇ ਜਾਣ ਲੱਗੇ ਹਨ ਪਰ ਕੇਜਰੀਵਾਲ ਐਂਡ ਪਾਰਟੀ ਦੇ ਢਿੱਡੀ ਪਿੜ ਪੈ ਰਹੀ ਹੈ।
ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਖੁਸਕਿਸਮਤ ਹਨ ਕਿ ਕਾਂਗਰਸ ਲੀਡਰਸ਼ਿਪ ਨੇ ਉਨ੍ਹਾਂ ਨੂੰ ਸੂਬੇ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਸੂਬੇ ਦੇ ਲੋਕਾਂ ਨੂੰ ਦਰਪੇਸ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹਾਂ।
ਉਹਨਾਂ ਆਖਿਆ ਕਿ ਉਹਨਾਂ ਨੇ ਵਿਦਿਆਰਥੀਆਂ ਲਈ ਸਿੱਖਿਆ ਯਕੀਨੀ ਬਣਾਉਣ ਵਾਸਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ 150 ਕਰੋੜ ਕਰਜ਼ਾ ਮਾਫ਼ ਕਰ ਦਿੱਤਾ ਹੈ ਜਦਕਿ ਹਰ ਮਹੀਨੇ 20 ਕਰੋੜ ਦੇਣ ਦੀ ਪਰਿਕਿਰਿਆ ਆਰੰਭ ਦਿੱਤੀ ਹੈ। ਉਹਨਾਂ ਆਖਿਆ ਕਿ ਯੂਨੀਵਰਸਿਟੀ ਵਿਚ ਮੌਜੂਦ ਮਹਾਰਾਜਾ ਅਗਰਸੈਨ ਦੀ ਚੇਅਰ ਤਹਿਤ ਖੋਜ ਕਾਰਜਾਂ ਲਈ 2 ਕਰੋੜ ਰੁਪਏ ਦਿੱਤੇ ਗਏ ਹਨ।
ਉਹਨਾਂ ਆਖਿਆ ਕਿ ਰਾਹੁਲ ਗਾਂਧੀ ਵਰਗੇ ਸਮਰੱਥ ਆਗੂਆਂ ਨੇ ਕਾਂਗਰਸ ਵਿਚ ਕ੍ਰਾਂਤੀ ਲਿਆਦੀ ਅਤੇ ਇਹ ਯੁੱਗ ਦਾ ਪਰਿਵਰਤਨ ਹੀ ਹੈ ਕਿ ਉਹਨਾਂ ਵਰਗੇ ਸਧਾਰਨ ਪਰਿਵਾਰ ਦੇ ਵਿਅਕਤੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਉਹਨਾਂ ਰਿਸ਼ਵਤਖੋਰੀ ’ਤੇ ਪੂਰੀ ਤਰਾਂ ਲਗਾਮ ਕੱਸਣ ਦਾ ਜ਼ਿਕਰ ਕਰਦਿਆਂ ਆਖਿਆ ਕਿ ਭਿ੍ਰਸ਼ਟ ਕਰਮਚਾਰੀਆਂ ਨੂੰ ਜਾਂ ਤਾਂ ਰਿਸ਼ਵਤ ਛੱਡਣੀ ਪਊ ਜਾਂ ਫਿਰ ਸਲਾਖਾਂ ਪਿੱਛੇ ਜਾਣਾ ਪਵੇਗਾ । ਉਹਨਾਂ ਆਖਿਆ ਕਿ ਰਜਵਾੜਿਆਂ ਦੇ ਘਰ ਨੂੰ ਜਾਂਦੇ ਪੈਸੇ ਬੰਦ ਹੋ ਗਏ ਹਨ ਇਸੇ ਕਰਕੇ ਲੋਕ ਹਿਤੈਸ਼ੀ ਫੈਸਲੇ ਲਏ ਜਾ ਰਹੇ ਹਨ।
ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸੰਬੋਧਨ ਕਰਦਿਆਂ ਆਖਿਆ ਕਿ ਉਹ ਮੋਗਾ ਵਾਸੀਆਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ । ਉਹਨਾਂ ਕਿਹਾ ਕਿ ਉਹਨਾਂ ਦੇ ਮਨ ਨੂੰ ਸਕੂਨ ਮਿਲਿਆ ਹੈ ਕਿ ਅਗਰਵਾਲ ਸਭਾ ਦੀ 40 ਸਾਲ ਪੁਰਾਣੀ ਮੰਗ ਪੂਰੀ ਹੋਈ ਹੈ ਅਤੇ ਮਹਾਰਾਜਾ ਅਗਰਸੈਨ ਜੀ ਦੀ ਮੂਰਤੀ ਦੀ ਸਥਾਪਨਾ ਹੋ ਸਕੀ ਹੈ। ਉਹਨਾਂ ਆਖਿਆ ਕਿ ਧੱਲੇਕੇ ਵਿਖੇ ਛਠਪੂਜਾ ਲਈ ਪੌੜੀਆਂ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਉਹਨਾਂ ਆਖਿਆ ਕਿ ਪੌਣੇ 2 ਕਰੋੜ ਦੀ ਲਾਗਤ ਨਾਲ ਫ਼ਨ ਪਾਰਕ, ਕਾਰਪੋਰੇਸ਼ਨ ਵਿਚ ਕਮਿਊਨਟੀ ਹਾਲ, ਖੋਖੇ ਵਾਲਿਆਂ ਲਈ ਜਗਹ , ਸਾਢੇ 6 ਕਰੋੜ ਦੀ ਲਾਗਤ ਨਾਲ ਆਯੂਸ਼ ਹਸਪਤਾਲ ਅਤੇ ਜੱਚਾ ਬੱਚਾ ਵਾਰਡ ਦਾ ਨਿਰਮਾਣ ਕਰਨ ਦੇ ਨਾਲ ਨਾਲ ਹਸਪਤਾਲ ਵਿਚ ਆਕਸੀਜ਼ਨ ਪਲਾਂਟ, ਮੰਡੀ ਵਿਚ ਫਲੱਡ ਲਾਈਟਾਂ , 25 ਸਾਲਾਂ ਬਾਅਦ ਫੋਕਲ ਪੁਆਇੰਟ ਦੀ 9 ਕਰੋੜ 65 ਲੱਖ ਰੁਪਏ ਦੇ ਪ੍ਰੌਜੈਕਟਾਂ ਨਾਲ ਬਦਲੀ ਨਕਸ਼ ਨੁਹਾਰ, 13 ਕਰੋੜ ਦੀ ਲਾਗਤ ਨਾਲ ਨੈਸ਼ਨਲ ਹਾਈਵੇਅ ਦੀ ਮੁਕੰਮਤਾ ਅਤੇ ਮੋਗਾ ਹਲਕੇ ਦੀਆਂ 11 ਫੁੱਟੀਆਂ ਪੁਲੀਆਂ ਨੂੰ 25 ਫੁੱਟ ਚੌੜਾ ਕਰਕੇ ਉਹਨਾਂ ਨੇ ਪੰਜਾਬ ਸਰਕਾਰ ਦੀ ਸਹਾਇਤਾ ਨਾਲ ਮੋਗਾ ਹਲਕੇ ਦੀ ਨਕਸ਼ ਨੁਹਾਰ ਬਦਲੀ ਹੈ।
ਉਹਨਾਂ ਮੰਗ ਕੀਤੀ ਕਿ ਮੋਗਾ ਮੰਡੀ ਦੇ ਵਾਟਨਗੰਜ ਏਰੀਏ ਦੀ ਕਾਗਜ਼ਾਂ ਵਿਚ ਹੋਈ ਗਲਤੀ ਨੂੰ ਸੁਧਾਰ ਕੇ ਕਾਰਪੋਰੇਸ਼ਨ ਦੀ ਮਲਕੀਅਤ ਖਤਮ ਕੀਤੀ ਜਾਵੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਉਹਨਾਂ 104 ਏਕੜ ਗਊਆਂ ਦੀ ਚਰਾਂਦ ਖਾਲ੍ਹੀ ਕਰਾਉਣ ਦੀ ਅਪੀਲ ਕੀਤੀ ।
ਸਮਾਗਮ ਦੌਰਾਨ ਟਰੱਕ ਯੂਨੀਅਨ ਦੇ ਪ੍ਰਧਾਨ ਦਵਿੰਦਰ ਸਿੰਘ ਰਣੀਆ, ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ, ਦਵਿੰਦਰਪਾਲ ਸਿੰਘ ਰਿੰਪੀ,ਰਵਿੰਦਰ ਗੋਇਲ ਸੀ ਏ, ਰਿਸ਼ੂ ਅਗਰਵਾਲ, ਰਮੇਸ਼ ਕੁੱਕੂ, ਗੌਰਵ ਗਰਗ, ਹਰਸ਼ ਬਾਂਸਲ, ਅਮਿੱਤ ਗਰਗ, ਿਪੰਸ ਜਿੰਦਲ, ਪ੍ਰਦੀਪ ਗੋਇਲ, ਪ੍ਰਦੀਪ ਬਾਂਸਲ, ਵਿਨੀਤ ਬਾਂਸਲ, ਹਰੀਸ਼ ਕਾਂਸਲ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ, ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਹਨੀ ਸੋਢੀ, ਜੱਗਾ ਪੰਡਿਤ, ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ,ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਸ਼ਹਿਰੀ ਕਾਂਗਰਸ ਦੇ ਪ੍ਰਧਾਨ ਜਤਿੰਦਰ ਅਰੋੜਾ, ਯੂਥ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਕਰਮਜੀਤ ਪੱਤੋ, ਅਰਜੁਨ ਕੁਮਾਰ ਜ਼ਿਲ੍ਹਾ ਪ੍ਰਧਾਨ ਐੱਸ ਸੀ ਵਿੰਗ, ਕਾਂਗਰਸ ਦੇ ਸੋਸ਼ਲ ਮੀਡੀਆ ਸੈੱਲ ਦੇ ਚੇਅਰਮੈਨ ਦੀਸ਼ਾ ਬਰਾੜ, ਵਾਈਸ ਚੇਅਰਮੈਨ ਸੀਰਾ ਲੰਢੇਕੇ, ਮਨਜੀਤ ਮਾਨ ਸੀਨੀਅਰ ਕਾਂਗਰਸੀ ਆਗੂ ,ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਕੁਲਦੀਪ ਸਿੰਘ ਬੱਸੀਆਂ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਡਾ: ਨਵੀਨ ਸੂਦ, ਕੌਂਸਲਰ ਕਸ਼ਮੀਰ ਸਿੰਘ ਲਾਲਾ, ਸਿਆਸੀ ਸਕੱਤਰ ਗੁਰਮਿੰਦਰਜੀਤ ਬਬਲੂ, ਗੁਰਸੇਵਕ ਸਿੰਘ ਸਮਰਾਟ, ਵਾਰਡ ਇੰਚਾਰਜ ਅਜੇ ਕੁਮਾਰ, ਜਗਦੀਪ ਜੱਗੂ, ਗੋਲੂ ਵਾਲੀਆ, ਕੌਂਸਲਰ ਜਸਪ੍ਰੀਤ ਸਿੰਘ, ਕੌਂਸਲਰ ਬੂਟਾ ਸਿੰਘ, ਨਿਰਮਲ ਮੀਨੀਆ, ਦੀਪੂ ਸਹੋਤਾ,ਪ੍ਰਧਾਨ ਗੁਰਜੰਟ ਸਿੰਘ ਮਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਮ ਲੋਕ ਹਾਜ਼ਰ ਸਨ।