ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਨੇ ਰਾਜਿੰਦਰ ਐਸਟੇਟ ਦੀਆਂ ਪਾਈਪਾਂ ਦਾ ਕੁਨੈਕਸ਼ਨ ਨਗਰ ਨਿਗਮ ਦੀ ਪਾਣੀ ਵਾਲੀ ਮੇਨ ਲਾਈਨ ਨਾਲ ਜੋੜਣ ਦਾ ਰਸਮੀ ਉਦਘਾਟਨ ਕੀਤਾ
ਮੋਗਾ,16 ਨਵੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਨੇ ਸ਼ਹਿਰ ਵਿਚ ਸਰਗਰਮੀਆਂ ਤੇਜ਼ ਕਰਦਿਆਂ ਵੱਖ ਵੱਖ ਵਾਰਡਾਂ ਦਾ ਦੌਰਾ ਕੀਤਾ । ਇਸੇ ਲੜੀ ਤਹਿਤ ਉਹਨਾਂ ਅੱਜ ਰਾਜਿੰਦਰ ਐਸਟੇਟ ਪੁੱਜ ਕੇ ਐਸਟੇਟ ਦੇ ਨਗਰ ਨਿਗਮ ਹੇਠ ਆਓਂਦੇ ਖੇਤਰ ਲਈ ਸ਼ੁੱਧ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਐਸਟੇਟ ਦੀਆਂ ਪਾਈਪਾਂ ਦਾ ਕੁਨੈਕਸ਼ਨ ਨਗਰ ਨਿਗਮ ਦੀ ਪਾਣੀ ਵਾਲੀ ਮੇਨ ਲਾਈਨ ਨਾਲ ਜੋੜਨ ਦਾ ਰਸਮੀ ਉਦਘਾਟਨ ਕੀਤਾ । ਇਸ ਮੌਕੇ ਡਾ: ਰਜਿੰਦਰ ਦੇ ਨਾਲ ਚੇਅਰਮੈਨ ਰਾਕੇਸ਼ ਕਿੱਟਾ,ਪ੍ਰੇਮ ਸੀ ਏ,ਰਮਨ ਮੱਕੜ,ਸਾਬਕਾ ਕੌਂਸਲਰ ਗੁਰਮਿੰਦਰਜੀਤ ਸਿੰਘ ਬੱਬਲੂ ਅਤੇ ਨਿਗਮ ਅਧਿਕਾਰੀ ਹਾਜ਼ਰ ਸਨ । ਇਸ ਮੌਕੇ ਡਾ: ਰਜਿੰਦਰ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਨੇ ਵਿਧਾਇਕ ਬਣਨ ਉਪਰੰਤ ਮੋਗਾ ਹਲਕੇ ਦੀ ਨਕਸ਼ ਨੁਹਾਰ ਪੂਰੀ ਤਰਾਂ ਬਦਲ ਦਿੱਤੀ ਹੈ । ਉਹਨਾਂ ਆਖਿਆ ਕਿ ਅੱਜ ਕੁਨੈਕਸ਼ਨ ਹੂ ਜਾਂ ਨਾਲ ਹੁਣ ਸਮੁਚੇ ਇਲਾਕੇ ਨੂੰ ਸ਼ੁੱਧ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ। ਉਹਨਾਂ ਆਖਿਆ ਕਿ ਜਿੱਥੇ ਹਲਕੇ ਵਿਚ ਨਵੇਂ ਪਾਰਕ ਤਾਮੀਰ ਹੋਏ ਹਨ ਉੱਥੇ ਪਾਰਕਾਂ ਵਿਚ ਜਿੰਮ ਵੀ ਸਥਾਪਿਤ ਕਰ ਦਿੱਤੇ ਗਏ ਹਨ। ਡਾ: ਰਜਿੰਦਰ ਨੇ ਆਖਿਆ ਕਿ ਮੇਨ ਬਜ਼ਾਰ, ਵੱਖ ਵੱਖ ਵਾਰਡਾਂ ਦੀਆਂ ਗਲੀਆਂ ਅਤੇ ਲਿੰਕ ਰੋਡ ਪੂਰੀ ਤਰਾਂ ਬਣ ਚੁੱਕੇ ਹਨ ਜਿਹਨਾਂ ਦੇ ਬਣਨ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਉਹਨਾਂ ਆਖਿਆ ਕਿ ਇਸ ਦੇ ਨਾਲ ਹੀ ਮੁੱਖ ਸੜਕਾਂ ਦੇ ਨਾਲ ਨਾਲ ਇੰਟਰਲਾਕ ਟਾਈਲਾਂ ਵੀ ਲਗਾਈਆਂ ਜਾ ਰਹੀਆਂ ਹਨ ਤਾਂ ਕਿ ਪੈਦਲ ਚੱਲਣ ਵਾਲਿਆਂ ਨੂੰ ਵੀ ਰਾਹਤ ਮਿਲ ਸਕੇ। ਉਹਨਾਂ ਸਪੱਸ਼ਟ ਆਖਿਆ ਕਿ ਜੰਗੀ ਪੱਧਰ ’ਤੇ ਚੱਲ ਰਹੇ ਵਿਕਾਸ ਦੌਰਾਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਵਾਰਡ ਦਾ ਵਿਕਾਸ ਮੁਕੰਮਲ ਕੀਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗੇ ਦੀ ਕੀਤੀ ਜਾ ਰਹੀ ਕਾਇਆ ਕਲਪ ਲਈ ਲੋਕ ਉਹਨਾਂ ਨੂੰ ਸਹਿਯੋਗ ਦੇਣ ।
ਕੈਪਸ਼ਨ --ਵਿਧਾਇਕ ਡਾ: ਹਰਜੋਤ ਕਮਲ ਦੀ ਸੁਪਤਨੀ ਡਾ: ਰਜਿੰਦਰ ਰਾਜਿੰਦਰਾ ਐਸਟੇਟ ਦੀਆਂ ਪਾਈਪਾਂ ਦਾ ਕੁਨੈਕਸ਼ਨ ਨਿਗਮ ਦੀ ਪਾਣੀ ਵਾਲੀ ਮੇਨ ਲਾਈਨ ਨਾਲ ਜੋੜਣ ਦਾ ਉਦਘਾਟਨ ਕਰਦੇ ਹੋਏ