*ਸਫ਼ਾਈ ਸੇਵਕਾਂ ਦੀ ਹੜਤਾਲ ਸਿਆਸਤ ਤੋਂ ਪ੍ਰੇਰਿਤ ਅਤੇ ਤਰਕ ਤੋਂ ਕੋਹਾਂ ਦੂਰ: ਵਿਧਾਇਕ ਡਾ: ਹਰਜੋਤ ਕਮਲ

ਮੋਗਾ, 16 ਨਵੰਬਰ (ਜਸ਼ਨ):: ਸਮੁੱਚੇ ਪੰਜਾਬ ਵਿਚ ਸਫ਼ਾਈ ਸੇਵਕਾਂ ਦੀ ਚੱਲ ਰਹੀ ਹੜਤਾਲ ਦੇ ਚੱਲਦਿਆਂ ਮੋਗਾ ਵਿਚ ਨਗਰ ਨਿਗਮ ਵੱਲੋਂ ਵੱਖ ਵੱਖ ਥਾਵਾਂ ’ਤੇ ਕੂੜੇ ਦੇ ਢੇਰ ਚੁੱਕਵਾਉਣ ਦੌਰਾਨ ਸਫ਼ਾਈ ਸੇਵਕਾਂ ਵੱਲੋਂ ਵਿਰੋਧ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਮੀਡੀਆ ਲਈ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪਿਛਲੇ ਦਿਨੀਂ ਇਹਨਾਂ ਯੂਨੀਅਨਾਂ ਨਾਲ ਕਮਿਸ਼ਨਰ ਸੁਰਿੰਦਰ ਸਿੰਘ, ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਪੀਨਾ ਅਤੇ ਡਿਪਟੀ ਮੇਅਰ ਅਸ਼ੋਕ ਧਮੀਜਾ ਆਦਿ ਨਾਲ ਮੀਟਿੰਗ ਦੌਰਾਨ ਇਹ ਮਸਲਾ ਹੱਲ ਕਰ ਲਿਆ ਗਿਆ ਸੀ ਅਤੇ ਪੰਜਾਬ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਰਾਹ ਪੱਧਰਾ ਹੋ ਗਿਆ ਸੀ ਤੇ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਵਿਚ ਇਸ਼ਤਿਹਾਰ ਦੇ ਕੇ ਭਰਤੀ ਪਰਿਕਿਰਿਆ ਵੀ ਆਰੰਭ ਦਿੱਤੀ ਗਈ ਸੀ, ਪਰ ਹੁਣ ਯੂਨੀਅਨਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਤਰਕਸੰਗਤ ਨਹੀਂ ਹਨ ਅਤੇ ਅਕਾਲੀ ਆਗੂਆਂ ਅਤੇ ਕੌਂਸਲਰਾਂ ਦੀ ਸ਼ਹਿ ’ਤੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਧਾਇਕ ਨੇ ਆਖਿਆ ਕਿ ਜਥੇਬੰਦੀ ਨਵੇਂ ਭਰਤੀ ਹੋਣ ਵਾਲੇ ਕਰਮੀਆਂ ਦੀ ਲਿਸਟ ਆਪਣੇ ਵੱਲੋਂ ਦੇਣ ’ਤੇ ਬਜ਼ਿੱਦ ਹੈ ਜਦਕਿ ਦੁਨੀਆਂ ਜਾਣਦੀ ਹੈ ਕਿ ਕਿਸੇ ਵੀ ਨਵੀਂ ਭਰਤੀ ਲਈ ਸਰਕਾਰੀ ਹਦਾਇਤਾਂ ਅਤੇ ਸ਼ਰਤਾਂ ’ਤੇ ਹੀ ਸਰਕਾਰੀ ਕਰਮਚਾਰੀਆਂ ਦੀ ਭਰਤੀ ਕੀਤੀ ਜਾ ਸਕਦੀ ਹੈ। ਡਾ: ਹਰਜੋਤ ਕਮਲ ਨੇ ਆਖਿਆ ਕਿ ਇਸੇ ਤਰਾਂ ਸਫ਼ਾਈ ਸੇਵਕ ਜਥੇਬੰਦੀਆਂ ਸ਼ਹਿਰ ਦੇ 50 ਵਾਰਡਾਂ ਵਿਚ 50 ਡੰਪ ਬਣਾ ਕੇ ਦੇਣ ਦੀ ਗੱਲ ਕਰ ਰਹੀਆਂ ਹਨ ਜੋ ਕਿ ਸ਼ਹਿਰ ਵਾਸੀਆਂ ਦੀ ਸਿਹਤ ਦੇ ਮੱਦੇਨਜ਼ਰ ਬਿਲਕੁੱਲ ਹੀ ਨਜਾਇਜ਼ ਮੰਗ ਹੈ । ਉਹਨਾਂ ਆਖਿਆ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੋਗੇ ਦੀ ਸੰੁਦਰਤਾ ਅਤੇ ਸਵੱਛਤਾ ਲਈ ਯਤਨ ਕਰਦਿਆਂ ਉਹਨਾਂ ਨੇ ਸ਼ਹਿਰ ਦੇ 166 ਡੰਪਾਂ ਵਿਚੋਂ 149 ਡੰਪ ਬਿਲਕੁੱਲ ਖਤਮ ਕਰਵਾ ਦਿੱਤੇ ਹਨ ਅਤੇ ਬਾਕੀ 17 ਵੀ ਕੁਝ ਦਿਨਾਂ ਵਿਚ ਖਤਮ ਕਰ ਦਿੱਤੇ ਜਾਣਗੇ ਤਾਂ ਕਿ ਸ਼ਹਿਰ ਵਿਚ ਕਿਧਰੇ ਵੀ ਕੂੜਾ ਨਾ ਰਹੇ ਅਤੇ ਸ਼ਹਿਰਵਾਸੀ ਸੁੰਦਰ ਸ਼ਹਿਰ ਮੋਗੇ ’ਤੇ ਮਾਣ ਕਰ ਸਕਣ। ਉਹਨਾਂ ਕਿਹਾ ਕਿ ਹਰ ਘਰ ਦਾ ਕੂੜਾ ਸਿੱਧਾ ਪ੍ਰਾਇਮਰੀ ਡੰਪ ’ਤੇ ਭੇਜਣਾ ਯਕੀਨੀ ਬਣਾਇਆ ਜਾ ਰਿਹਾ ਹੈ ਪਰ ਵਿਰੋਧ ’ਤੇ ਉੱਤਰੀਆਂ ਜਥੇਬੰਦੀਆਂ ਸ਼ਹਿਰ ਵਿਚ ਕੂੜਾ ਸੁੱਟ ਕੇ ਜਿਥੇ ਸ਼ਹਿਰ ਨੂੰ ਕੁਰੂਪ ਕਰ ਰਹੀਆਂ ਹਨ ਉੱਥੇ ਡੇਂਗੂ ਨਾਲ ਜੂਝ ਰਹੇ ਸ਼ਹਿਰਵਾਸੀਆਂ ਲਈ ਨਵੀਂ ਮੁਸੀਬਤ ਪੈਦਾ ਕਰ ਰਹੀਆਂ ਹਨ। ਵਿਧਾਇਕ ਨੇ ਆਖਿਆ ਕਿ ਜ਼ਰੂਰੀ ਮੀਟਿੰਗ ਕਰਕੇ ਬੇਸ਼ੱਕ ਉਹ ਖੁਦ ਦਿਨ ਸਮੇਂ ਚੰਡੀਗੜ੍ਹ ਮਸਰੂਫ਼ ਸਨ ਪਰ ਸ਼ਹਿਰਵਾਸੀਆਂ ਨੂੰ ਭਿਆਨਕ ਬੀਮਾਰੀਆਂ ਤੋਂ ਬਚਾਉਣ ਲਈ ਅੱਜ ਜਦੋਂ ਕਮਿਸ਼ਨਰ, ਡਾ: ਰਜਿੰਦਰ, ਮੇਅਰ, ਸੀਨੀਅਰ ਡਿਪਟੀ ਮੇਅਰ , ਡਿਪਟੀ ਮੇਅਰ ਅਤੇ ਕੌਂਸਲਰਾਂ ਨੇ ਖੁਦ ਕੂੜਾ ਚੁੱਕਵਾਉਣ ਦਾ ਫੈਸਲਾ ਲਿਆ ਅਤੇ ਸਾਈਟ ’ਤੇ ਜਾ ਕੇ ਕੂੜਾ ਚੁੱਕਵਾਉਣਾ ਆਰੰਭ ਕੀਤਾ ਤਾਂ ਇਹਨਾਂ ਜਥੇਬੰਦੀਆਂ ਦੇ ਕੁਝ ਆਗੂਆਂ ਨੇ ਕੂੜਾ ਚੁੱਕਣ ਦਾ ਵੀ ਵਿਰੋਧ ਕੀਤਾ। ਇਸੇ ਤਰਾਂ ਇਹਨਾਂ ਆਗੂਆਂ ਨਾਲ ਅਕਾਲੀ ਕੌਂਸਲਰਾਂ ਅਤੇ ਆਗੂਆਂ ਨੂੰ ਘਿਓ ਖਿਚੜੀ ਹੁੰਦਿਆਂ ਦੇਖਿਆ ਗਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਦਰਅਸਲ ਇਹ ਜਥੇਬੰਦੀਆਂ ਅਕਾਲੀ ਦਲ ਦੇ ਆਗੂਆਂ ਨਾਲ ਬਗਲਗੀਰ ਹੋ ਕੇ ਸਿਆਸਤ ਕਰ ਰਹੀਆਂ ਹਨ ਅਤੇ ਇਹਨਾਂ ਨੂੰ ਲੋਕਾਂ ਦੇ ਹਿਤਾਂ ਦਾ ਭੋਰਾ ਭਰ ਵੀ ਇਲਮ ਨਹੀਂ ।  ਵਿਧਾਇਕ ਨੇ ਆਖਿਆ ਕਿ ਉਹ ਕਿਸੇ ਵੀ ਵਿਰੋਧ ਦੀ ਪ੍ਰਵਾਹ ਕੀਤੇ ਬਗੈਰ ਆਪ ਲੋਕਾਂ ਦੇ ਹਿਤਾਂ ਲਈ ਪਹਿਲਾਂ ਵਾਂਗ ਸੇਵਾ ਨਿਭਾਉਂਦੇ ਰਹਿਣਗੇ। ਜ਼ਿਕਰਯੋਗ ਹੈ ਕਿ ਅੱਜ ਕੂੜਾ ਚੁਕਵਾਉਣ ਦੀ ਮੁਹਿੰਮ ਦੇਰ ਰਾਤ ਤੱਕ ਜਾਰੀ ਰਹੀ ਅਤੇ ਇਸ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਤੋਂ ਇਲਾਵਾ ਚੇਅਰਮੈਨ ਰਾਕੇਸ਼ ਕਿੱਟਾ,ਪੀ ਏ ਗੁਰਮਿੰਦਰਜੀਤ ਸਿੰਘ ਬੱਬਲੂ ,  ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਰਿੰਦਰ ਬਾਵਾ,ਚੇਅਰਮੈਨ ਸੁਰਿੰਦਰ ਸਿੰਘ ਗੋਗੀ ਦੌਧਰੀਆ, ਦੀਪਕ ਭੱਲਾ, ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ,  ਕੌਂਸਲਰ ਪਾਇਲ ਗਰਗ, ਕੌਂਸਲਰ ਲਖਵੀਰ ਸਿੰਘ ਲੱਖਾ ਦੁੱਨੇਕੇ, ਕੌਂਸਲਰ ਜਸਵਿੰਦਰ ਸਿੰਘ ਛਿੰਦਾ ਬਰਾੜ, ਕੌਂਸਲਰ ਅਰਵਿੰਦਰ ਸਿੰਘ ਹੈਪੀ ਕਾਹਨਪੁਰੀਆ, ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਖੁਰਾਣਾ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਨਰਿੰਦਰ ਬਾਲੀ, ਕੌਂਸਲਰ ਕੁਸਮ ਬਾਲੀ, ਕੌਂਸਲਰ ਗੌਰਵ ਗਰਗ ਚੇਅਰਮੈਨ ਸੋਸ਼ਲ ਮੀਡੀਆ ਸੈੱਲ ਮੋਗਾ ਸ਼ਹਿਰੀ, ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਮੀਨੀਆ, ਡਾ: ਨਵੀਨ ਸੂਦ, ਕੌਂਸਲਰ ਡਾ: ਰੀਮਾ ਸੂਦ, ਕੌਂਸਲਰ ਕਸ਼ਮੀਰ ਸਿੰਘ ਲਾਲਾ, ਗੁਰਸੇਵਕ ਸਿੰਘ ਸਮਰਾਟ, ਵਾਰਡ ਇੰਚਾਰਜ ਅਜੇ ਕੁਮਾਰ ਅਤੇ ਟੀਮ ਹਰਜੋਤ ਦੇ ਮੈਂਬਰ ਹਾਜ਼ਰ ਸਨ।