ਯੂਥ ਕਾਂਗਰਸੀ ਆਗੂਆਂ ਨੇ ਟਰੈਫਿਕ ਜਾਗਰੂਕਤਾ ਅਭਿਆਨ ਤਹਿਤ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਕੀਤਾ ਪ੍ਰੇਰਿਤ, ਵੰਡੇ ਜਾਗਰੂਕਤਾ ਪਰਚੇ

ਮੋਗਾ, 14 ਨਵੰਬਰ (ਜਸ਼ਨ): ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਅੱਜ ਪੰਜਾਬ ਭਰ ਵਿਚ ‘ਚਲਾਣ ਮੁਕਤ ਦਿਨ’ ਮਨਾਇਆ ਗਿਆ । ਮੋਗਾ ਦੇ  ਮੇਨ ਚੌਂਕ ਵਿਖੇ ਟਰੈਫਿਕ ਇੰਚਾਰਜ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਵਿਚ ਹੋਏ ਟਰੈਫਿਕ ਜਾਗਰੂਕਤਾ ਅਭਿਆਨ ਦੌਰਾਨ ਸਮਾਜਸੇਵੀਆਂ ਅਤੇ ਯੂਥ ਕਾਂਗਰਸ ਦੇ ਆਗੂਆਂ ਨੇ ਲੋਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਹਨਾਂ ਜਾਗਰੂਕਤਾ ਪਰਚੇ ਲੋਕਾਂ ਲਈ ਜਾਰੀ ਕੀਤੇ। ਇਸ ਮੌਕੇ ਗੁਰਦੀਪ ਸਿੰਘ ਐੱਸ ਪੀ ਹੈਡਕੁਆਟਰ, ਚੇਅਰਮੈਨ ਸੁਰਿੰਦਰ ਬਾਵਾ, ਮਨਪ੍ਰੀਤ ਭੱਟੀ ਜ਼ਿਲ੍ਹਾ ਪ੍ਰਧਾਨ ਇੰਟਕ ਯੂਥ ਕਾਂਗਰਸ ਪਰਮਿੰਦਰ ਸਿੰਘ ਡਿੰਪਲ, ਪ੍ਰਧਾਨ ਨਵੀ ਤੂਰ,ਚਮਕੌਰ ਪੱਤੋ, ਰਜਿੰਦਰ ਪੱਤੋ ਆਦਿ ਹਾਜ਼ਰ ਸਨ। 
ਇਸ ਮੌਕੇ ਟਰੈਫਿਕ ਇੰਚਾਰਜ ਇੰਸਪੈਕਟਰ ਹਰਜੀਤ ਸਿੰਘ  ਨੇ ਆਖਿਆ ਕਿ ਮਾਣਯੋਗ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਕੋਈ ਚਲਾਣ ਨਹੀਂ ਕੱਟਿਆ ਜਾਵੇਗਾ ਸਗੋਂ ਲੋਕਾਂ ਨੂੰੂ ਪਿਆਰ, ਸਤਿਕਾਰ ਅਤੇ ਪ੍ਰੇਰਨਾ ਨਾਲ ਸੜਕੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਉਹਨਾਂ ਆਖਿਆ ਕਿ ਸੜਕਾਂ ’ਤੇ ਹਾਦਸਿਆਂ ਦੀ ਗਿਣਤੀ ਘਟਾਉਣ ਅਤੇ ਕੀਮਤੀ ਜਾਨਾਂ ਬਚਾਉਣ ਦੇ ਮਕਸਦ ਨਾਲ ਸੜਕ ਸੁਰੱਖਿਆ ਅਭਿਆਨ ਆਰੰਭਿਆ ਗਿਆ ਹੈ।