ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਮਸੀਹਾ ਬਣ ਕੇ ਆਏ ਚੰਨੀ,ਬਿਜਲੀ, ਪਾਣੀ, ਤੇਲ ਦੀਆਂ ਕੀਮਤਾਂ ਘਟਣ ਨਾਲ ਆਮ ਲੋਕਾਂ ਦੇ ਚਿਹਰਿਆਂ 'ਤੇ ਆਈ ਰੌਣਕ-ਡਾ. ਹਰਜੋਤ ਕਮਲ
ਮੋਗਾ, 15 ਨਵੰਬਰ,(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਸਰਕਾਰ ਦੇ ਲੋਕ ਹਿਤ ਅਤੇ ਲੋਕ ਭਲਾਈ ਵਿਚ ਲਗਾਤਾਰ ਇਕ ਤੋਂ ਬਾਅਦ ਇਕ ਲਏ ਜਾ ਰਹੇ ਇਤਿਹਾਸਕ ਫ਼ੈਸਲਿਆਂ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ ਅਤੇ ਕਰੋਨਾ -19 ਕਾਲ ਦੌਰਾਨ ਆਰਥਿਕ ਮੰਦਹਾਲੀ ਦੀ ਮਾਰ ਝੇਲ ਰਹੇ ਲੋਕਾਂ ਦੇ ਚਿਹਰਿਆਂ 'ਤੇ ਮੁੜ ਰੌਣਕ ਪਰਤ ਆਈ ਹੈ। ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਲਈ ਨਵੇਂ ਮੁੱਖ ਮੰਤਰੀ ਸ੍ਰ. ਚਰਨਜੀਤ ਸਿੰਘ ਚੰਨੀ ਮਸੀਹਾ ਬਣ ਕੇ ਆਏ ਹਨ।ਇਹ ਪ੍ਰਗਟਾਵਾ ਕਰਦਿਆਂ ਵਿਧਾਇਕ ਮੋਗਾ ਡ. ਹਰਜੋਤ ਕਮਲ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਜਿੱਥੇ ਰੋਜ਼ ਮਰਾ ਦੀਆਂ ਵਸਤਾਂ ਜਿਵੇਂ ਕਿ ਬਿਜਲੀ, ਪਾਣੀ ਅਤੇ ਤੇਲ ਦੀਆਂ ਕੀਮਤਾਂ ਘਟਾ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਉੱਥੇ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਐਲਾਨ ਨਾਲ ਉਨ੍ਹਾਂ 'ਤੇ ਨਿਰਭਰ ਪਰਿਵਾਰਾਂ ਨੂੰ ਆਪਣੇ ਰੌਸ਼ਨ ਭਵਿੱਖ ਦੀ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਸਮੇਂ ਡਿਪਟੀ ਕਮਿਸ਼ਨਰ (ਡੀ.ਸੀ) ਰੇਟਾਂ ਵਿਚ 415.89 ਰੁਪਏ ਦੇ ਇਜ਼ਾਫ਼ੇ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਅਸਲ ਵਿਚ ਆਮ ਲੋਕਾਂ ਦੀ ਸਰਕਾਰ ਹੈ, ਜਿਸ ਨੇ ਆਮ ਲੋਕਾਂ ਦੇ ਦਰਦ ਨੂੰ ਸਮਝਦਿਆਂ ਉਨ੍ਹਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਸਮੁੱਚੀ ਕੈਬਨਿਟ ਵਲੋਂ ਪੰਜਾਬ ਵਿੱਚ ਉਦਯੋਗਿਕ ਵਿਕਾਸ ਕਰਨ ਲਈ ਲਿਆ ਗਿਆ ਫੈਸਲਾ ਇੱਕ ਇਤਿਹਾਸਕ ਫੈਸਲਾ ਹੈ, ਜਿਸ ਤਹਿਤ ਸਰਕਾਰ ਵਲੋਂ ਪ੍ਰਵਾਨਿਤ ਜ਼ੋਨਾਂ ਵਿੱਚ ਹਰੀ, ਸੰਤਰੀ ਅਤੇ ਲਾਲ ਸ਼੍ਰੇਣੀ ਦੀਆਂ ਇਕੱਲੀਆਂ ਉਦਯੋਗਿਕ ਇਕਾਈਆਂ (ਸਟੈਂਡਅਲੋਨ ਉਦਯੋਗਾਂ) ਸਥਾਪਤ ਕਰਨ ਲਈ ਚੇਂਜ ਆਫ਼ ਲੈਂਡ ਯੂਜ਼ (ਸੀਐਲਯੂ) ਦੀ ਪ੍ਰਵਾਨਗੀ ਲੈਣ ਸਬੰਧੀ ਸ਼ਰਤਾਂ ਵਿੱਚ ਛੋਟ ਦਿੱਤੀ ਹੈ। ਸੀ.ਐਲ.ਯੂ. ਪ੍ਰਾਪਤ ਕਰਨ ਵਿੱਚ ਛੋਟ ਨਾਲ ਹੁਣ ਉਦਯੋਗ ਸਥਾਪਿਤ ਕਰਨ ਵਿੱਚ ਉਤਸ਼ਾਹ ਮਿਲੇਗਾ। ਡਾ. ਹਰਜੋਤ ਕਮਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲੋਕ ਭਲਾਈ ਅਤੇ ਸਰਵਪੱਖੀ ਵਿਕਾਸ ਦੇ ਇਤਿਹਾਸਿਕ ਫ਼ੈਸਲੇ ਮੀਲ ਦਾ ਪੱਥਰ ਸਾਬਤ ਹੋਣਗੇ। ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਅਤੇ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਹਰ ਰੋਜ਼ ਸ਼ਲਾਘਾਯੋਗ ਫ਼ੈਸਲੇ ਲਏ ਜਾ ਰਹੇ ਹਨ। ਸਰਕਾਰ ਵੱਲੋਂ ਹਰ ਵਰਗ ਨੂੰ ਬਿਨ੍ਹਾਂ ਪੱਖਪਾਤ ਦੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਸੂਬੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ ।ਸਰਕਾਰ ਦੇ ਲੋਕ ਭਲਾਈ ਲਈ ਲਏ ਜਾ ਰਹੇ ਫ਼ੈਸਲਿਆਂ ਨੇ ਵਿਕਾਸ ਨੂੰ ਵੀ ਤਰਜੀਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੇਤ ਮਾਫ਼ੀਏ 'ਤੇ ਲਗਾਮ ਕਸਦਿਆਂ ਰੇਤੇ ਦਾ ਰੇਟ 5.50 ਰੁਪਏ ਪ੍ਰਤੀ ਕਿਉਬਿਕ ਫੁੱਟ ਫਿਕਸ ਕਰਨਾ ਇਕ ਮਿਸਾਲ ਫ਼ੈਸਲਾ ਹੈ, ਜਿਸ ਨਾਲ ਰੇਤੇ ਦੀ ਕਾਲਾਬਾਜ਼ਾਰੀ ਬਿਲਕੁਲ ਖ਼ਤਮ ਹੋ ਜਾਵੇਗੀ ਅਤੇ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਵੀ ਸੱਚ ਹੋਵੇਗਾ। ਉਨ੍ਹਾਂ ਹੋਰ ਕਿਹਾ ਕਿ ਝੁੱਗੀ-ਝੌਂਪੜੀ ਵਾਲੇ, ਥਾਂ ਦੇ ਮਾਲਕਾਨਾ ਹੱਕ ਮਿਲਣ ਨਾਲ ਸਨਮਾਨ ਦੀ ਜ਼ਿੰਦਗੀ ਬਸਰ ਕਰ ਸਕਣਗੇ। ਇੱਟਾਂ ਦੇ ਭੱਠਿਆਂ ਨੂੰ ਮਾਈਨਿੰਗ ਪਾਲਿਸੀ ਤੋਂ ਬਾਹਰ ਕੱਢਣਾ ਅਤੇ ਜ਼ਮੀਨ ਦੇ ਮਾਲਕ ਨੂੰ ਤਿੰਨ ਫੁੱਟ ਤੱਕ ਮਿੱਟੀ ਕੱਢਣ ਦੀ ਛੋਟ ਦੇਣ ਵਰਗੇ ਕ੍ਰਾਂਤੀਕਾਰੀ ਕਦਮਾਂ ਨੇ ਸਰਕਾਰ ਦੀ ਲੋਕਪ੍ਰਿਅਤਾ ਵਿਚ ਵੱਡਾ ਵਾਧਾ ਕੀਤਾ ਹੈ।ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬੀਆਂ ਨੂੰ ਅਜਿਹੇ ਹੋਰ ਇਤਿਹਾਸਕ ਫ਼ੈਸਲੇ ਸੁਣਨ ਨੂੰ ਮਿਲਣਗੇ ਜਿਨ੍ਹਾਂ ਬਾਰੇ ਕਦੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੋਵੇਗਾ। ਅਸਲ ਵਿੱਚ ਕਾਂਗਰਸ ਪਾਰਟੀ ਕੇਵਲ ਅਜਿਹੀ ਪਾਰਟੀ ਹੈ ਜੋ ਕਿ ਲੋਕਪੱਖੀ ਸੋਚ ਨਾਲ ਲੋਕਾਂ ਦੀਆਂ ਦੁਖ ਤਕਲੀਫ਼ਾਂ ਸਮਝ ਕੇ ਫ਼ੈਸਲੇ ਲੈ ਰਹੀ ਹੈ ਅਤੇ ਲੋਕਾਂ ਦੀ ਬੇਹਤਰੀ ਲਈ ਉਪਰਾਲੇ ਕਰ ਰਹੀ ਹੈ।
ਉਨ੍ਹਾਂ ਅਖੀਰ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲਏ ਆਮ ਲੋਕਾਂ ਦੀ ਭਲਾਈ ਦੇ ਫ਼ੈਸਲਿਆਂ ਦੀ ਦੇਸ਼ ,ਵਿਦੇਸ਼ ਹਰ ਤਰਫ਼ੋਂ ਤਾਰੀਫ਼ ਕੀਤੀ ਜਾ ਰਹੀ ਹੈ। ਆਉਣ ਵਾਲਾ ਸਮਾਂ ਪੰਜਾਬ ਦੇ ਰੌਸ਼ਨ ਭਵਿੱਖ ਦੇ ਸਮੇਂ ਵਜੋਂ ਉੱਭਰ ਕੇ ਆਵੇਗਾ ।