ਬਾਬਾ ਵਿਸ਼ਵਕਰਮਾ ਦਿਵਸ ਮੌਕੇ ਮਜ਼ਦੂਰ ਯੂਨੀਅਨ ਦਫਤਰ ਵਿਖੇ ਕਰਵਾਏ ਵਿਸ਼ੇਸ਼ ਧਾਰਮਿਕ ਸਮਾਗਮ ’ਚ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤੀ ਸ਼ਮੂਲੀਅਤ
![](https://sadamoga.com/sites/default/files/styles/front_news_slider_500x300/public/2021/11/05/mazdoor_union_1.jpg?itok=GE5Pcf-D)
ਮੋਗਾ, 5 ਨਵੰਬਰ (ਜਸ਼ਨ): ਅੱਜ ਨੀਵੇਂ ਪੁਲ ਨਜ਼ਦੀਕ ਮਜ਼ਦੂਰ ਯੂਨੀਅਨ ਦਫਤਰ ਵਿਖੇ ਬਾਬਾ ਵਿਸ਼ਵਕਰਮਾ ਦਿਵਸ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ ਜਿੱਥੇ ਵਿਧਾਇਕ ਡਾ: ਹਰਜੋਤ ਕਮਲ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਹਵਨ ਯੱਗ ਅਤੇ ਪੂਜਾ ਵਿਚ ਭਾਗ ਲਿਆ ਉੱਥੇ ਉਹਨਾਂ ਬਾਬਾ ਵਿਸ਼ਵਕਰਮਾਂ ਜੀ ਦੀ ਜੀਵਨੀ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਭਾਰਤੀ ਸੰਸਿਤੀ ਦੇ ਅੰਤਰਗਤ ਸ਼ਿਲਪਕਾਰਾਂ, ਕਾਰਖਾਨੇਦਾਰਾਂ, ਉਦਯੋਗਾਂ ‘ਚ ਭਗਵਾਨ ਵਿਸ਼ਵਕਰਮਾ ਨੂੰ ਖਾਸ ਮਹੱਤਤਾ ਦਿੱਤੀ ਜਾਂਦੀ ਹੈ ਕਿਉਂਕਿ ਚਾਰ ਯੁੱਗਾਂ ਵਿਚ ਬਾਬਾ ਵਿਸ਼ਵਕਰਮਾ ਨੇ ਕਈ ਨਗਰਾਂ ਅਤੇ ਭਵਨਾਂ ਦਾ ਨਿਰਮਾਣ ਕੀਤਾ। ਉਹਨਾਂ ਆਖਿਆ ਕਿ ਤਕਨੀਕੀ ਤੌਰ ’ਤੇ ਸਸ਼ੱਕਤ ਬਾਬਾ ਵਿਸ਼ਵਕਰਮਾ ਜੀ ਅੱਜ ਵੀ ਕਿਰਤੀਆਂ ਲਈ ਰਾਹ ਦਸੇਰਾ ਬਣੇ ਹੋਏ ਹਨ। ਉਹਨਾਂ ਆਖਿਆ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਇਸੇ ਕਿਰਤੀ ਸਮਾਜ ਦੇ ਪਰਿਵਾਰ ਵਿਚੋਂ ਹਨ ਅਤੇ ਉਹਨਾਂ ਨੂੰ ਅਹਿਸਾਸ ਹੈ ਕਿ ਕਿਰਤੀ ਵਰਗ ਨੂੰ ਬੇਹੱਦ ਮਿਹਨਤ ਮੁਸ਼ੱਕਤ ਦੇ ਦੌਰ ਵਿਚੋਂ ਗੁਜ਼ਰਨਾ ਪੈਂਦਾ ਹੈ ਪਰ ਫੇਰ ਵੀ ਉਹ ਬਾਬਾ ਵਿਸ਼ਵਕਰਮਾ ਜੀ ਅੱਗੇ ਅਰਦਾਸ ਕਰਦੇ ਨੇ ਕਿਰਤੀਆਂ ਦੇ ਕੰਮ ਧੰਦੇ ਅਤੇ ਕਾਰੋਬਾਰਾਂ ਵਿਚ ਵਾਧਾ ਬਖਸ਼ਦੇ ਰਹਿਣ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸ. ਸੁਰਿੰਦਰ ਸਿੰਘ ਬਾਵਾ ਨੂੰ ਕਾਂਗਰਸ ਪ੍ਰਚਾਰ ਕਮੇਟੀ ਦਾ ਚੇਅਰਮੈਨ ਚੁਣੇ ਜਾਣ ਦੀ ਵਧਾਈ ਦਿੰਦਿਆਂ ਉਹਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।
ਇਸ ਮੌਕੇ ਪ੍ਰਧਾਨ ਐਡਵੋਕੇਟ ਵਿਜੇ ਧੀਰ, ਜਨਰਲ ਸਕੱਤਰ ਦਵਿੰਦਰ ਜੌੜਾ, ਪ੍ਰਵੀਨ ਕੁਮਾਰ ਇੰਟਕ, ਪ੍ਰਧਾਨ ਘਰੇਲੂ ਸੇਵਕ ਯੂਨੀਅਨ ਕੁਲਵਿੰਦਰ ਕੌਰ, ਸੰਤੋਖ ਸਿੰਘ ਪ੍ਰਧਾਨ ਮਿਸਤਰੀ ਯੂਨੀਅਨ , ਗੁਰਤੇਜ ਸਿੰਘ ਘਾਲੀ, ਸਤਨਾਮ ਸਿੰਘ, ਪ੍ਰੀਤਮ ਸਿੰਘ ਬਿੱਲੂ, ਮਦਨ ਲਾਲ ਬੋਹਤ, ਯਾਦਵਿੰਦਰ ਸਿੰਘ ਗਿੱਲ ਤੋਂ ਇਲਾਵਾ ਮਹਿਲਾਵਾਂ ਹਾਜ਼ਰ ਸਨ।