ਚੇਅਰਮੈਨ ਦਵਿੰਦਰਪਾਲ ਰਿੰਪੀ ਨੇ ਮੋਗਾ ਵਾਸੀਆਂ ਨੂੰ ਗਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੰਦੇਸ਼
ਮੋਗਾ,4 ਨਵੰਬਰ (ਜਸ਼ਨ): ‘ਦੀਵਾਲੀ ਨੂੰ ਪ੍ਰਦੂਸ਼ਣ ਅਤੇ ਸ਼ੋਰ ਸ਼ਰਾਬੇ ਵਾਲੇ ਤਿਉਹਾਰ ਵਜੋਂ ਮਨਾਉਣ ਦੀ ਬਜਾਏ ਰੌਸ਼ਨੀਆਂ ਦੇ ਤਿਉਹਾਰ ਵਜੋਂ ਮਨਾਏ ਜਾਣ ਦੀ ਲੋੜ ਹੈ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਮੈਨ ਦਵਿੰਦਰਪਾਲ ਰਿੰਪੀ ਨੇ ਕਨੇਡਾ ਤੋਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਮੋਗਾ ਵਾਸੀਆਂ ਨੂੰ ਅਪੀਲ ਦੌਰਾਨ ਕੀਤਾ। ਉਹਨਾਂ ਕਿਹਾ ਕਿ ਅੱਜ ਦੇ ਦਿਨ ਭਗਵਾਨ ਸ਼੍ਰੀ ਰਾਮ ਜੀ ਦੀ ਆਮਦ ਮੌਕੇ ਖੁਸ਼ੀ ਵਿਚ ਖੀਵੇ ਹੋਏ ਲੋਕਾਂ ਨੇ ਦੀਵੇ ਬਾਲ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਤੇ ਹੁਣ ਸਾਨੂੰ ਵੀ ਉਸੇ ਤਰਾਂ ਰਵਾਇਤੀ ਦੀਵਾਲੀ ਮਨਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਚਰਨਜੀਤ ਚੰਨੀ ਦੀ ਅਗਵਾਈ ਵਿਚ ਸੂਬਾ ਸਰਕਾਰ ਵੱਲੋਂ ਪੰਜਾਬੀਆਂ ਦੀਵਾਲੀ ਦੇ ਤੋਹਫ਼ੇ ਵਜੋਂ ਉਹਨਾਂ ਦਾ ਆਰਥਿਕ ਬੋਝ ਘਟਾਉਣ ਦਾ ਯਤਨ ਕੀਤਾ ਹੈ ਉਸ ਦੇ ਸੂਬੇ ਵਿਚ ਹੀ ਨਹੀਂ ਵਿਦੇਸ਼ਾਂ ਵਿਚ ਵੀ ਸਲਾਹੁਤਾ ਹੋ ਰਹੀ ਹੈ। ਉਹਨਾਂ ਆਖਿਆ ਕਿ ਵੱਧਦੀ ਆਬਾਦੀ ਅਤੇ ਵਾਹਨਾਂ ਦੀ ਬਹੁਤਾਤ ਨਾਲ ਵਾਤਾਵਰਣ ਬੇਹੱਦ ਪ੍ਰਦੂਸ਼ਿਤ ਹੋ ਚੁੱਕਾ ਹੈ ਤੇ ਅਸੀਂ ਸਾਰੇ ਦੀਵਾਲੀ ਮੌਕੇ ਪਟਾਕਿਆਂ ‘ਚੋਂ ਨਿਕਲਣ ਵਾਲੇ ਧੂੰਏ ਨੂੰ ਗੰਭੀਰਤਾ ਨਾਲ ਲੈਂਦਿਆਂ ਗਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਘਰ-ਘਰ ਪਹੁੰਚਾਉਣਾ ਚਾਹੀਦਾ ਹੈ। ਉਹਨਾਂ ਨਵੀਂ ਪੀੜ੍ਹੀ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਂਣ ਦੀ ਤਾਕੀਦ ਕਰਦਿਆਂ ਆਪਣੀਆਂ ਸ਼ੁੱਭ ਇਛਾਵਾਂ ਵੀ ਦਿੱਤੀਆਂ ।