ਡਿਪਟੀ ਕਮਿਸਨਰ-ਕਮ- ਵਧੀਕ ਜ਼ਿਲਾ ਚੋਣ ਅਫਸਰ ਮੋਗਾ, ਸ਼੍ਰੀ ਹਰੀਸ਼ ਨਈਅਰ ਵੱਲੋਂ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

*6, 7, 20 ਅਤੇ 21 ਨਵੰਬਰ ਨੂੰ ਸਮੂਹ ਬੂਥ ਲੈਵਲ ਅਫਸਰ ਆਪਣੇ-ਆਪਣੇ ਪੋਲਿੰਗ ਸਟੇਸਨ ’ਤੇ ਬੈਠਣਗੇ- ਜਿਲਾ ਚੋਣ ਅਫਸਰ 
 
ਮੋਗਾ, 1 ਨਵੰਬਰ (ਜਸ਼ਨ ) ਸ਼੍ਰੀ ਹਰੀਸ਼ ਨਈਅਰ ਡਿਪਟੀ ਕਮਿਸਨਰ-ਕਮ- ਵਧੀਕ ਜ਼ਿਲਾ ਚੋਣ ਅਫਸਰ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 01 ਜਨਵਰੀ, 2022 ਦੇ ਆਧਾਰ ’ਤੇ ਵੋਟਰ ਸੂਚੀ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ। ਇਸ ਲਈ ਜਿਨਾਂ ਨਾਗਰਿਕਾਂ ਦੀ ਉਮਰ ਮਿਤੀ 01 ਜਨਵਰੀ, 2022 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਅਤੇ ਉਨਾਂ ਦੀ ਵੋਟ ਨਹੀਂ ਬਣੀ, ਨੂੰ ਆਪਣੀ ਵੋਟ ਬਣਾਉਣ ਜਾਂ ਦਰੁਸਤੀ ਕਰਾਉਣ ਲਈ ਭਾਰਤ ਚੋਣ ਕਮਿਸਨ ਵੱਲੋਂ 30 ਨਵੰਬਰ, 2021 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਕੰਮ-ਕਾਜੇ ਵਾਲੇ ਦਿਨ ਆਪਣੇ ਸਬੰਧਤ ਐੱਸ ਡੀ ਐੱਮ ਦਫਤਰ ਵਿੱਚ ਜਾ ਕੇ ਆਪਣੀ ਨਵੀ ਵੋਟ ਦਾ ਫਾਰਮ ਭਰ ਕੇ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸਨ ਦੀ ਵੈਬਸਾਈਟ www.eci.gov.in ’ਤੇ ਜਾ ਕੇ ਆਨਲਾਈਨ ਫਾਰਮ ਵੀ ਭਰਿਆ ਜਾ ਸਕਦਾ ਹੈ। ਅਗਰ ਫਿਰ ਵੀ ਕਿਸੇ ਕਿਸਮ ਦੀ ਪ੍ਰੇਸ਼ਾਨੀ ਆਉਦੀ ਹੈ ਤਾਂ 1950 ਟੋਲ ਵੀ ਨੰਬਰ ’ਤੇ ਮੁਫਤ ਫੋਨ ਕਰਕੇ ਵੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।ਅੱਜ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਸ਼੍ਰੀ ਨਈਅਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜੇਕਰ ਕਿਸੇ ਵੀ ਵੋਟਰ ਨੂੰ ਆਪਣੇ ਵੋਟਰ ਕਾਰਡ ਵਿੱਚ ਕੋਈ ਵੀ ਦਰੁਸਤੀ ਕਰਵਾਉਣੀ ਹੈ ਜਾਂ ਆਪਣੀ ਵੋਟ ਕਟਵਾਉਣੀ ਹੈ ਤਾਂ ਉਹ ਵੀ ਫਾਰਮ ਭਰ ਕੇ ਦੇ ਸਕਦੇ ਹਨ। ਇਸ ਤੋਂ ਇਲਾਵਾ ਮਿਤੀ 6, 7, 20 ਅਤੇ 21 ਨਵੰਬਰ, 2021 ਨੂੰ ਜ਼ਿਲਾ ਮੋਗਾ ਦੇ ਸਮੂਹ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨ ’ਤੇ ਬੈਠਣਗੇ। ਇਨਾਂ ਤਾਰੀਖਾਂ ਨੂੰ ਆਪਣੇ ਘਰ ਦੇ ਨੇੜੇ ਦੇ ਪੋਲਿੰਗ ਸਟੇਸਨ ਤੇ ਜਾ ਕੇ ਆਪਣੇ ਬੂਥ ਲੈਵਲ ਅਫਸਰ ਪਾਸ ਵੀ ਫਾਰਮ ਭਰਿਆ ਜਾ ਸਕਦਾ ਹੈ।ਉਹਨਾਂ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਭਾਰਤੀ ਚੋਣ ਕਮਿਸ਼ਨ ਦੇ ਇਸ ਸੁਨਿਹਰੀ ਮੌਕੇ ਦਾ ਵੱਧ ਤੋਂ ਵੱਧ ਲਾਭ ਚੁੱਕਿਆ ਜਾਵੇ ਅਤੇ ਜਿਨਾਂ ਨਾਗਰਿਕਾਂ ਦੀਆਂ ਵੋਟਾਂ ਨਹੀਂ ਬਣੀਆਂ ਜਰੂਰ ਬਣਵਾਈਆਂ ਜਾਣ। ਉਨਾਂ ਕਿਹਾ ਕਿ ਵੱਖ-ਵੱਖ ਰਾਜਸੀ ਪਾਰਟੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੂਥ ਲੈਵਲ ਏਜੰਟ ਜ਼ਰੂਰ ਨਿਯੁਕਤ ਕਰਨ ਤਾਂ ਜੋ ਸਰਸਰੀ ਸੁਧਾਈ ਦੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ। ਉਨਾਂ ਕਿਹਾ ਕਿ 18 ਸਾਲ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਨੂੰ ਵੋਟਰ ਬਣਨ ਲਈ ਉਤਸ਼ਾਹਿਤ ਕੀਤਾ ਜਾਵੇ। ਸ਼੍ਰੀ ਨਈਅਰ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਆਸ ਕੀਤੀ ਕਿ ਉਹ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਅਤਿਅੰਤ ਮਹੱਤਵਪੂਰਨ ਅਤੇ ਸਮਾਂ ਬੱਧ ਕੰਮ ਵਿੱਚ ਸਹਿਯੋਗ ਦੇਣਗੇ। ਇਸ ਮੌਕੇ ਵੋਟਰ ਸੂਚੀਆਂ ਦੇ ਸੈੱਟ ਵੀ ਮੁਹੱਈਆ ਕਰਵਾਏ ਗਏ। ਸ਼੍ਰੀ ਨਈਅਰ ਨੇ ਸਮੂਹ ਬੀ. ਐੱਲ. ਓਜ਼ ਨੂੰ ਵੀ ਹਦਾਇਤ ਕੀਤੀ ਕਿ ਉਹ ਉਕਤ ਮਿਤੀਆਂ ਨੂੰ ਆਪਣੇ ਪੋਲਿੰਗ ਬੂਥਾਂ ਉੱਤੇ ਬੈਠ ਕੇ ਖੁਦ ਵੋਟਾਂ ਬਣਾਉਣ ਜਾਂ ਦਰੁਸਤ ਕਰਾਉਣ ਦੀ ਡਿਊਟੀ ਨਿਭਾਉਣ। ਉਨਾਂ ਕਿਹਾ ਕਿ ਇਸ ਸਾਰੇ ਕੰਮ ਦੀ ਨਿਗਰਾਨੀ ਕਰਨ ਲਈ ਸੰਬੰਧਤ ਐੱਸ. ਡੀ. ਐੱਮਜ਼ ਦੀ ਡਿਊਟੀ ਲਗਾਈ ਗਈ ਹੈ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਹਰਚਰਨ ਸਿੰਘ, ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਦੀਪ ਸਿੰਘ ਜੋਗੇਵਾਲਾ, ਸੀ ਪੀ ਆਈ ਐਮ ਵੱਲੋਂ ਸੁਰਜੀਤ ਸਿੰਘ ਗਗੜਾ, ਇੰਡੀਅਨ ਨੈਸਨਲ ਕਾਂਗਰਸ ਵੱਲੋਂ ਦਰਬਾਰਾ ਸਿੰਘ, ਆਪ ਵੱਲੋਂ ਤੇਜਿੰਦਰ ਸਿੰਘ ਬਰਾੜ, ਜਿਲਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ, ਜਿਲਾ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ ਅਤੇ ਹੋਰ ਹਾਜਰ ਸਨ।