ਮਿੱਟੀ ਦੇ ਬਣੇ ਹੋਏ ਦੀਵੇ ਦੀਆਂ ਲੋਕ ਕਰਨ ਵਰਤੋਂ:- ਚੇਅਰਮੈਨ ਅਜੀਤ ਵਰਮਾ ਐਡਵੋਕੇਟ
ਮੋਗਾ, 31 ਅਕਤੂਬਰ (ਜਸ਼ਨ):ਪ੍ਰਜਾਪਤ ਨੌਜਵਾਨ ਸਭਾ ਦੇ ਚੇਅਰਮੈਨ ਅਜੀਤ ਵਰਮਾ ਐਡਵੋਕੇਟ ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਦੇਸ਼ ਵਿੱਚ ਦੀਵਾਲੀ ਦੇ ਤਿਉਹਾਰ ਮੌਕੇ ਮਿੱਟੀ ਦੇ ਦੀਵੇ ਸਰੋਂ ਦੇ ਤੇਲ ਨਾਲ ਜਗਾਉਣ ਦੀ ਪਰੰਪਰਾ ਪੁਰਾਤਨ ਕਾਲ ਤੋਂ ਹੀ ਚੱਲੀ ਆ ਰਹੀ ਹੈ l ਧਾਰਮਿਕ ਪੱਖ ਅਨੁਸਾਰ ਸ੍ਰੀ ਰਾਮ ਚੰਦਰ ਜੀ 14 ਸਾਲ ਦਾ ਵਨਵਾਸ ਕੱਟ ਕੇ ਇਸ ਦਿਨ ਅਯੁੱਧਿਆ ਵਾਪਸ ਆਏ ਸਨ ਅਤੇ ਉਨ੍ਹਾਂ ਦੀ ਵਾਪਸੀ ਦੀ ਖੁਸ਼ੀ ਵਿਚ ਸਮੂਹ ਪਰਜਾ ਵਲੋਂ ਦੀਪਕ ਜਗਾਏ ਗਏ ਸਨ ਅਤੇ ਵਿਗਿਆਨਕ ਪੱਖ ਅਨੁਸਾਰ ਸਰੋਂ ਦੇ ਤੇਲ ਦੇ ਦੀਵੇ ਜਗਾਉਣ ਨਾਲ ਵਾਤਾਵਰਣ ਦੀ ਸ਼ੁੱਧੀ ਹੁੰਦੀ ਹਨ, ਪਰ ਹੁਣ ਆਮ ਲੋਕਾਂ ਵੱਲੋਂ ਮਿੱਟੀ ਦੇ ਦੀਵੇ ਦੀ ਬਜਾਏ ਮੋਮਬੱਤੀ ਅਤੇ ਚਾਈਨਾ ਦੀਆਂ ਲਾਈਟਾਂ ਦੀਆਂ ਵਰਤੋਂ ਵੱਧ ਕੀਤੀ ਜਾਂਦੀ ਹੈ l ਮੋਮਬੱਤੀਆਂ ਦੀਆਂ ਵਰਤੋ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਚਾਈਨਾ ਸਮਾਨ ਦੀ ਵਰਤੋ ਕਾਰਨ ਦੇਸ਼ ਨੂੰ ਆਰਥਿਕ ਨੁਕਸਾਨ ਹੁੰਦਾ ਹੈ l ਚੇਅਰਮੈਨ ਐਡਵੋਕੇਟ ਵਰਮਾ ਨੇ ਆਮ ਅਤੇ ਖਾਸ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਦੀਵਾਲੀ ਦੇ ਤਿਉਹਾਰ ਮੌਕੇ ਵੱਧ ਤੋਂ ਵੱਧ ਮਿੱਟੀ ਦੇ ਦੀਵੇ ਦੀਆਂ ਵਰਤੋਂ ਕਰੋ ਜਿਸ ਨਾਲ ਵਾਤਾਵਰਣ ਤਾਂ ਸਾਫ਼ ਹੋਵੇਗਾ ਹੀ ਨਾਲ-ਨਾਲ ਪ੍ਰਜਾਪਤ ਸਮਾਜ ਦੇ ਪਰਿਵਾਰਾਂ ਨੂੰ ਵੀ ਆਰਥਿਕ ਮਦਦ ਮਿਲੇਗੀ l ਇਸ ਦੇ ਨਾਲ ਹੀ ਅਜੀਤ ਵਰਮਾ ਐਡਵੋਕੇਟ ਨੇ ਸਮੂਹ ਪ੍ਰਜਾਪਤ ਸਮਾਜ ਵਲੋਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਮਿੱਟੀ ਦੇ ਬਰਤਨ ਬਣਾਉਣਾ ਇੱਕ ਕਲਾ ਹੈ ਜੋ ਭਾਰਤ ਦੇਸ਼ ਦੀ ਸਭਿਅਤਾ ਦਾ ਇੱਕ ਹਿੱਸਾ ਹੈ ਜੋ ਸਰਕਾਰ ਦੀ ਅਣਦੇਖੀ ਕਾਰਨ ਘੱਟ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਅਲੋਪ ਹੋਣ ਦੀ ਸੰਭਾਵਨਾ ਹੈ ਸੋ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਜਾਪਤ ਸਮਾਜ ਦੀ ਕਲਾਕਾਰੀ ਅਤੇ ਦੇਸ਼ ਦੀ ਸਭਿਅਤਾ ਲਈ ਲੋੜੀਂਦੇ ਕਦਮ ਚੁੱਕੇ ਜਾਣ l